ਪੋਲੈਂਡ ਵਿੱਚ ਮਹਿਲਾ ਨੇ ਦਿੱਤਾ 6 ਜੁੜਵਾਂ ਬੱਚਿਆਂ ਨੂੰ ਜਨਮ

ਵਾਰਸਾ, 21 ਮਈ (ਸ.ਬ.) ਇਕ ਮਹਿਲਾ ਵੱਲੋਂ ਜੁੜਵਾਂ ਬੱਚਿਆਂ ਨੂੰ ਜਨਮ ਦੇਣਾ ਤਾਂ ਆਮ ਗੱਲ ਹੈ ਪਰ ਇਕੱਠਿਆਂ 6-7 ਬੱਚਿਆਂ ਨੂੰ ਜਨਮ ਦੇਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ| ਪੋਲੈਂਡ ਦਾ ਅਜਿਹਾ ਹੈਰਾਨ ਕਰ ਦੇਣ ਮਾਮਲਾ ਸਾਹਮਣੇ ਆਇਆ ਹੈ| ਇੱਥੇ ਇਕ ਮਹਿਲਾ ਨੇ ਇਕੱਠੇ 6 ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ| ਮੰਨਿਆ ਜਾ ਰਿਹਾ ਹੈ ਕਿ ਇਸ ਦੇਸ਼ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ| ਇਸ ਲਈ ਦੇਸ਼ ਦੇ ਰਾਸ਼ਟਰਪਤੀ ਐਂਡਰੀਜ਼ ਡੂਡਾ ਨੇ ਬੱਚਿਆਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਹੈ|
ਇਨ੍ਹਾਂ ਬੱਚਿਆਂ ਦਾ ਜਨਮ ਉੱਤਰੀ ਪੋਲੈਂਡ ਦੇ ਇਕ ਹਸਪਤਾਲ ਵਿੱਚ ਹੋਇਆ| ਇਨ੍ਹਾਂ ਵਿਚ ਚਾਰ ਕੁੜੀਆਂ ਅਤੇ ਦੋ ਮੁੰਡੇ ਹਨ| ਕ੍ਰਾਕੋਵ ਸਥਿਤ ਯੂਨੀਵਰਸਿਟੀ ਹਸਪਤਾਲ ਦੀ ਬੁਲਾਰਨ ਮਾਰੀਆ ਵਲੋਦਕੋਵਸਕਾ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦਾ ਜਨਮ ਗਰਭ ਦੇ 29ਵੇਂ ਹਫਤੇ ਵਿੱਚ ਹੋਇਆ| ਇਨ੍ਹਾਂ ਬੱਚਿਆਂ ਦਾ ਵਜ਼ਨ 890 ਗ੍ਰਾਮ ਤੋਂ 1.3 ਕਿਲੋਗ੍ਰਾਮ ਦੇ ਵਿਚ ਹੈ| ਬੁਲਾਰਨ ਨੇ ਦੱਸਿਆ ਕਿ ਬੱਚੇ ਪੂਰੀ ਤਰ੍ਹਾਂ ਸਿਹਤਮੰਦ ਹਨ ਪਰ ਅੱਗੇ ਦੇ ਵਿਕਾਸ ਲਈ ਉਨ੍ਹਾਂ ਨੂੰ ਇਨਕਿਊਬੇਟਰ ਵਿਚ ਰੱਖਿਆ ਗਿਆ ਹੈ| ਮਾਰੀਆ ਵਲੋਦਕੋਵਸਕਾ ਨੇ ਦੱਸਿਆ ਕਿ ਪਹਿਲਾਂ ਆਸ ਕੀਤੀ ਜਾ ਰਹੀ ਸੀ ਕਿ ਪੰਜ ਬੱਚਿਆਂ ਦਾ ਜਨਮ ਹੋਣ ਵਾਲਾ ਹੈ ਪਰ ਬਾਅਦ ਵਿਚ 6 ਬੱਚਿਆਂ ਨੇ ਜਨਮ ਲਿਆ|
ਹਸਪਤਾਲ ਦੇ ਨਿਓਨੈਟੋਲੌਜੀ ਵਿਭਾਗ ਦੇ ਪ੍ਰਮੁੱਖ ਪ੍ਰੋਫੈਸਰ ਰਿਸਜਾਰਡ ਲੌਟਰਬਾਖ ਨੇ ਦੱਸਿਆ ਕਿ ਅਜਿਹਾ ਪੋਲੈਂਡ ਵਿਚ ਪਹਿਲੀ ਵਾਰ ਹੋਇਆ ਹੈ ਕਿ ਇਕੱਠੇ 6 ਜੁੜਵਾਂ ਬੱਚਿਆਂ ਦਾ ਜਨਮ ਹੋਇਆ ਹੋਵੇ| ਇਹ ਪੂਰੇ ਵਿਸ਼ਵ ਵਿਚ ਅਨੋਖੀ ਘਟਨਾ ਹੈ| ਪੋਲੈਂਡ ਦੇ ਰਾਸ਼ਟਰਪਤੀ ਐਂਡਰੇਜ਼ ਡੂਡਾ ਨੇ ਟਵਿੱਟਰ ਤੇ ਬੱਚਿਆਂ ਦੇ ਮਾਤਾ-ਪਿਤਾ ਅਤੇ ਡਾਕਟਰਾਂ ਨੂੰ ਵਧਾਈ ਦਿੱਤੀ|

Leave a Reply

Your email address will not be published. Required fields are marked *