ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਵਿੱਚ ਘਪਲਾ ਕਰਨ ਵਾਲਾ ਮੰਤਰੀ ਤੁਰੰਤ ਬਰਖਾਸਤ ਕੀਤਾ ਜਾਵੇ : ਸੁਖਦੇਵ ਸਿੰਘ ਢੀਂਡਸਾ

ਸੰਗਰੂਰ, 3 ਸਤੰਬਰ (ਮਨੋਜ ਸ਼ਰਮਾ) ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਤਹਿਤ ਹੋਏ ਘਪਲੇ ਦੇ ਸਬੰਧ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਮੰਤਰੀ ਨੂੰ ਆਪਣੇ ਅਹੁਦੇ ਤੇ ਰਹਿਣ ਦਾ ਕੋਈ ਹੱਕ ਨਹੀਂ ਹੈ ਇਸ ਲਈ ਕੈਪਟਨ ਸਰਕਾਰ ਦਾ ਫਰਜ਼ ਬਣਦਾ ਹੈ ਕਿ ਜਨਤਾ ਪ੍ਰਤੀ ਆਪਣੀ ਜਵਾਬਦੇਹੀ ਨੂੰ ਮੁੱਖ ਰੱਖਦਿਆ ਅਤੇ ਵਿਦਿਆਰਥੀਆਂ ਦੇ ਹੱਕ ਵਿੱਚ ਪਹਿਰਾ ਦਿੰਦਿਆਂ ਅਜਿਹੇ ਭ੍ਰਿਸ਼ਟ ਮੰਤਰੀ ਨੂੰ ਮੰਤਰੀ ਮੰਡਲ ਵਿਚੋਂ ਤੁਰੰਤ ਬਰਖਾਸਤ ਕੀਤਾ ਜਾਵੇ| 
ਇੱਥੇ ਜਾਰੀ ਬਿਆਨ ਵਿੱਚ ਇਸ ਘੁਟਾਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਸ੍ਰ. ਢੀਂਡਸਾ ਨੇ ਕਿਹਾ ਕਿ ਬੇਸ਼ੱਕ ਪੰਜਾਬ ਦੀ ਕਾਂਗਰਸ ਸਰਕਾਰ ਇਸ ਤੋਂ ਪਹਿਲਾਂ ਵੀ ਅਨੇਕਾਂ ਘੁਟਾਲਿਆਂ ਵਿੱਚ ਘਿਰ ਚੁੱਕੀ ਹੈ ਪਰੰਤੂ ਇਹ ਮਾਮਲਾ ਸੂਬੇ ਦੇ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ ਇਸ ਲਈ ਇਸ ਮਾਮਲੇ ਦੀ ਸੰਜੀਦਗੀ ਨੂੰ ਦੇਖਦਿਆਂ ਇਸ ਮਾਮਲੇ ਦੀ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਸਮਾਂਬੱਧ ਜਾਂਚ ਕਰਵਾਈ ਜਾਵੇ ਤਾਂ ਜੋ ਬੱਚਿਆਂ ਦੇ ਭਵਿੱਖ ਨਾਲ ਖੇਡਣ ਵਾਲੇ ਦੋਸ਼ੀ ਜਲਦ ਸਜ਼ਾ ਦੇ ਹੱਕਦਾਰ ਹੋਣ|
ਉਹਨਾਂ ਕਿਹਾ ਕਿ ਸਾਰੇ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕਰੀਬ 64 ਕਰੋੜ ਰੁਪਏ ਦੀ ਸਕਾਲਰਸ਼ਿਪ ਵਜੀਫੇ ਦੀ ਰਾਸ਼ੀ ਵਿੱਚ ਘਪਲਾ ਕਰਕੇ ਐਸ.ਸੀ. ਅਤੇ ਬੀ.ਸੀ. ਵਿਦਿਆਰਥੀਆਂ ਦੇ ਹੱਕਾਂ ਤੇ ਡਾਕਾ ਮਾਰਨ ਵਾਲੇ ਇਸ ਮੰਤਰੀ ਨੂੰ ਪਤਾ ਨਹੀਂ ਕਿਉਂ ਕੈਪਟਨ ਸਾਹਿਬ ਮੰਤਰੀ ਮੰਡਲ ਵਿਚੋਂ ਬਰਖਾਸਤ ਨਹੀਂ ਕਰ ਰਹੇ ਜਦਕਿ ਇਸ ਤੋਂ ਪਹਿਲਾਂ ਵੀ ਉਹ ਕਾਫੀ ਘਟਨਾਵਾਂ ਵਿੱਚ ਚਰਚਾ ਦਾ ਵਿਸ਼ਾ ਰਹੇ ਹਨ| ਉਹਨਾਂ ਮੰਗ ਕੀਤੀ ਕਿ ਸ੍ਰ.  ਧਰਮਸੋਤ ਨੂੰ ਮੰਤਰੀ ਪਦ ਦੇ ਅਹੁਦੇ ਤੋਂ ਬਰਖਾਸਤ ਕਰਕੇ ਇਸ ਘਪਲੇ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਈ ਜਾਵੇ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਇਸ ਖਿਲਾਫ ਸੰਘਰਸ਼ ਵਿੱਢੇਗਾ|

Leave a Reply

Your email address will not be published. Required fields are marked *