ਪੌਦੇ ਲਗਾਉਣ ਦੇ ਨਾਲ ਹੀ ਉਹਨਾਂ ਦੀ ਸੰਭਾਲ ਵੀ ਕੀਤੀ ਜਾਵੇ

ਜੁਲਾਈ ਦੇ ਮਹੀਨੇ ਵਿੱਚ ਅਸੀਂ 68 ਵਾਂ ਵਣ ਮਹੋਤਸਵ ਮਨਾ ਰਹੇ ਹਾਂ| ਭਾਰਤ ਸਰਕਾਰ ਨੇ 1950 ਵਿੱਚ ਇਸ ਦੀ ਘੋਸ਼ਣਾ ਕੀਤੀ ਸੀ| ਉਸ ਸਮੇਂ ਦੇ ਤਤਕਾਲੀਨ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ, ਪ੍ਰਧਾਨ ਮੰਤਰੀ ਪੰਡਤ ਜਵਾਹਰ ਨਾਲ ਨਹਿਰੂ ਅਤੇ ਜੰਗਲਾਤ ਮੰਤਰੀ ਕੇ.ਐਮ. ਮੁਨਸ਼ੀ ਵਲੋਂ ਜੁਲਾਈ ਦੇ ਮਹੀਨੇ ਵਿੱਚ ਪੌਦੇ ਲਗਾ ਕੇ ਰਸਮੀ ਸ਼ੁਰੂਆਤ ਕੀਤੀ ਗਈ ਸੀ|
ਸਾਹ ਲੈਣ ਲਈ ਆਕਸੀਜਨ ਜਰੂਰੀ ਹੈ| ਹਰ ਮਨੁੱਖ ਦਿਨ ਵਿੱਚ 2200 ਵਾਰ ਸਾਹ ਲੈਂਦਾ ਹੈ| ਇਸ ਲਈ ਉਸ ਨੂੰ 16 ਕਿਲੋ ਆਕਸੀਜਨ ਲੋੜੀਂਦੀ ਹੈ| ਇਕ ਹੈਕਟਰ ਜੰਗਲ ਤੋਂ ਲਗਭੱਗ 1000 ਪੌਦੇ ਦਰੱਖਤ ਫੋਟੋਸਿੰਥਿਸਿਜ ਦੀ ਕਿਰਿਆ ਤਹਿਤ ਦੋ ਮੀਟ੍ਰਕ ਟਨ ਆਕਸੀਜਨ ਛੱਡਦੇ ਹਨ| ਤੇਜੀ ਨਾਲ ਵੱਧ ਰਹੀ ਜਨਸੰਖਿਆ ਨੂੰ ਧਿਆਨ ਵਿਖ ਰੱਖਦੇ ਹੋਏ ਅਸੀਂ ਹਰ ਸਾਲ ਜਿਆਦਾ ਤੋਂ ਜਿਆਦਾ ਪੌਦੇ ਲਗਾਉਣ ਦਾ ਪ੍ਰਚਾਰ ਕਰਦੇ ਹਾਂ| ਦੂਜੇ ਸੂਬਿਆਂ ਦੀ ਤਰ੍ਹਾਂ ਪੰਜਾਬ ਵਿੱਚ ਵੀ ਇਹ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ|
ਅੱਜ ਤੋਂ ਸੱਤ ਦਹਾਕੇ ਪਹਿਲਾਂ ਹਰਿਆਵਲ ਪੱਖੋ ਪੰਜਾਬ ਹਰਿਆ ਭਰਿਆ ਸੂਬਾ ਜਾਣਿਆ ਜਾਂਦਾ ਸੀ, ਕਹਾਵਤ ਸੀ ਕਿ ਹੁਸ਼ਿਆਰਪੁਰ ਦੇ ਬਾਗਾਂ ਵਿੱਚੋਂ ਨਿਕਲਣ ਸਮੇਂ ਰਸਤਾ ਭੁੱਲ ਜਾਈਦਾ| ਪੰਜਾਬ ਨੇ ਰਵਾਇਤੀ ਰੁੱਖ ਜਿਵੇਂ ਕਿ ਟਾਹਲੀ, ਪਿੱਪਲ, ਬੋਹੜ, ਸਰ੍ਹੀਂ, ਨਿੰਮ, ਬੇਰੀ ਦੇ ਰੁੱਖ, ਛੂੰਤ ਜਮੋਆ, ਜੰਡ, ਕਿਕਰ, ਰੇਰੂ, ਪਿਲਖਣ, ਜਮੋਆ, ਜਾਮਣ, ਅੰਬ, ਜਾਲ (ਪਹਿਲੂ) ਲਸੂੜਾ, ਗੁੱਲਰ, ਬਕੈਣ ਅਤੇ ਜੰਗਲੀ ਖਜੂਰ ਵਗੈਰਾ ਮਾਝੇ, ਮਾਲਵੇ ਅਤੇ ਦੁਆਬੇ ਵਿੱਚ ਸੰਘਣੀ ਛਾਂ ਤੇ ਲੋੜੀਂਦੀ ਲਕੜੀ ਪ੍ਰਦਾਨ ਕਰਿਆ ਕਰਦੇ ਸਨ | ਝਾੜੀਆਂ ਵਿੱਚ ਹੀਂਸ ਕਰੀਰ ਅਤੇ ਕਰੋਂਦਾ ਅਤੇ ਝਾੜ ਬੇਰੀ ਆਦਿ ਆਮ ਪਾਏ ਜਾਂਦੇ ਸਨ| ਪਿੰਡ ਦੇ ਚੁਰਸਤਿਆਂ ਵਿੱਚ ਪਿੱਪਲਾਂ ਬਰੋਟਿਆਂ ਤੇ ਪਿਲਖਣ ਦੁਆਲੇ ਚਬੂਤਰੇ ਹੁੰਦੇ ਸਨ ਜਿਥੇ ਪਿੰਡ ਵਾਸੀ ਖਾਸ ਕਰਕੇ ਬਜੁਰਗ ਗੱਲਬਾਤ ਕਰਦੇ ਸਨ| ਸਾਵਣ ਭਾਦੋਂ ਦੇ ਮਹੀਨੇ ਵਿੱਚ ਮੁਟਿਆਰਾਂ ਪੀਂਘਾਂ ਝੂਟਦੀਆਂ ਸਨ|
ਪੰਜਾਬ ਦੇ ਉਪਰੋਕਤ ਰੁੱਖਾਂ ਦੇ ਤਣੇ ਤੇ ਟਾਹਲਿਆਂ ਇਸ ਪ੍ਰਕਾਰ ਦੇ ਸਨ, ਜਿਨ੍ਹਾਂ ਉਪਰ ਪੰਛੀ ਆਪਣੇ ਰੈਣ ਬਸੇਰੇ ਲਈ ਆਲ੍ਹਣੇ ਬਣਾਉਂਦੇ ਸਨ| ਬਹੁਤੇ ਪੰਛੀਆਂ ਦੀਆਂ ਕਿਸਮਾਂ ਬਬੀਹਾ, ਕੋਇਲ, ਕੂਕੋ, ਗੋਲਡਨ ਔਹੀਉਲ, ਹੋਰਨ ਬਿਲ, ਵੂਡ ਪੈਕਰ, ਹੁੱਪੂ,ਚਾਰ ਕਿਸਮ ਦੇ ਤੋਤੇ, ਬੁਲਬੁਲ, ਸਿਖਰਾ ਵਗੈਰਾ ਡਾਰਕ ਗ੍ਰੀਨ ਅਤੇ ਨਾ ਝੁਮਣ ਵਾਲੇ ਰੁੱਖਾਂ ਦੇ ਟਾਹਣਿਆਂ ਵਿੱਚ ਆਲ੍ਹਣੇ ਬਣਾਉਂਦੀਆਂ ਸਨ|  ਜਦੋਂਕਿ ਪੁਰਾਣੇ ਬੋਹੜ, ਪਿੱਪਲਾਂ ਆਦਿ ਰੁੱਖਾਂ ਤੇ ਇੱਲ, ਗਿਲਝਾ, ਬਾਰਬਿਟ, ਹਰੀਅਲ ਆਦਿ ਪੰਛੀਆਂ ਦੇ ਰੈਣ         ਬਸੇਰੇ ਦੇਖੇ ਜਾਂਦੇ ਸਨ| ਤਿੱਤਰ, ਬਟੇਰ, ਬੀਜੜੇ, ਸਕਾਈ ਲਾਰਕ ਵਗੈਰਾ ਕਿਕਰ, ਜੰਡ, ਕਰੀਰ, ਹੀਂਸ ਆਦਿ ਕੰਡੇਦਾਰ ਰੁੱਖਾਂ ਤੇ ਆਹਲਣੇ ਬਣਾਉਂਦੇ ਸਨ|
ਇੱਕ ਕਹਾਵਤ ਸੀ ਕਿ ਨਾਸ਼ਤੇ ਵਿਚ ਕਿੱਕਰਾਂ ਤੇ ਤੁੱਕਿਆ ਜਾਂ ਫਿਰ ਕਰੀਰਾਂ ਦੇ ਡੇਲਿਆਂ ਦਾ ਅਚਾਰ ਖਾਣ ਨਾਲ ਪੇਟ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ ਤੇ ਹਰ ਤਰ੍ਹਾਂ ਦਾ ਪਾਣੀ ਹਜ਼ਮ ਹੋ ਜਾਂਦਾ ਹੈ| ਹੁਣ ਉਪਰੋਕਤ ਰੁੱਖਾਂ ਦੀ ਜਗ੍ਹਾਂ ਡਾਰੁਪਿੰਗ ਬ੍ਰਾਂਚਾਂ ਵਾਲੇ ਰੁੱਖਾ ਨੇ ਲੈ ਲਈ ਹੈ ਜਿਵੇਂਕਿ ਗੁਲਮੋਹਰ, ਸਫੈਦਾ, ਚਕਚਾਸੀਆ, ਅਲਸਟੋਣਿਆ ਵਗੈਰਾ ਜਿਹਨਾਂ ਦੇ ਟਾਹਣੇ ਟਾਹਣੀਆਂ ਡਰੂਪਿੰਡ ਹੁੰਦੀਆਂ ਹਨ, ਜਿਨ੍ਹਾਂ ਉਪਰ ਪੰਛੀ ਆਲਣੇ ਨਹੀਂ ਬਣਾ ਸਕਦੇ|
ਇਕ ਖੋਜ ਅਨੁਸਾਰ ਪੰਜਾਬ ਵਿੱਚ 1970 ਤੱਕ 306 ਪੰਛੀਆਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਸਨ ਜੋ ਹੁਣ ਘੱਟ ਕਿ 189 ਰਹਿ ਗਈਆਂ ਹਨ| ਬਾਕੀ ਅਲੋਪ ਹੋ ਗਈਆਂ ਹਨ| ਮੈਨੂੰ ਯਾਦ ਹੈ ਕਿ ਅਸੀਂ 65 ਸਾਲ ਪਹਿਲਾਂ ਆਪਣੇ ਖੇਤਾਂ ਵਿਚ ਸੋਇਆ ਕਰਦੇ ਸਾਂ ਤੇ ਮੇਰੀ ਦਾਦੀ ਆਖਿਆ ਕਰਦੀ ਸੀ ਕਿ ਬੇਰੀ ਦੀ ਲੱਕੜ ਦੀਆਂ ਬਾਹੀਆਂ ਵਾਲੇ ਮੰਜੇ ਕੋਲ ਸੱਪ ਨਹੀਂ ਆਉਂਦਾ| ਕਿਥੇ ਗਈਆਂ ਉਹ ਲੱਕੜ ਵਾਲੀਆਂ ਬੇਰੀਆਂ|
ਅਸੀਂ ਹਰ ਸਾਲ ਵਣ ਮਹੋਤਸਵ ਮਨਾਉਂਦੇ ਹਾਂ ਅਤੇ ਲੱਖਾਂ ਦੀ ਗਿਣਤੀ ਵਿੱਚ ਰੁੱਖ ਲਗਾਏ ਜਾਂਦੇ ਹਨ, ਪਰ ਉਹ ਰੁੱਖ ਕਿਥੇ ਚਲੇ ਜਾਂਦੇ ਹਨ| ਉਸੇ  ਜਗ੍ਹਾਂ ਅਗਲੇ ਸਾਲ ਫਿਰ ਪੌਦੇ ਲਗਾਏ ਜਾਂਦੇ ਹਨ|  ਸਮਾਜਸੇਵੀ ਸੰਸਥਾਵਾਂ, ਸਰਕਾਰੀ ਅਦਾਰੇ, ਵੈਲਫੇਅਰ ਸੁਸਾਇਟੀਆਂ ਵਲੋਂ ਹਰ  ਸਾਲ ਪਾਰਕਾਂ ਵਿਚ ਖਾਲੀ  ਥਾਵਾਂ ਤੇ ਲੱਖਾਂ ਪੌਦੇ ਲਗਾ ਕਿ ਵਣ ਮਹੋਤਸਵ ਮਨਾਇਆ ਜਾਂਦਾ ਹੈ ਤੇ ਸੰਸਥਾਵਾਂ ਦੇ ਨੁਮਾਇੰਆਿਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਪੋਜ ਬਣਾ ਕੇ ਫੋਟੋਆਂ ਖਿਚਵਾਈਆਂ ਜਾਂਦੀਆਂ ਹਨ| ਕੀ ਉਹ ਪੌਦੇ ਸੁੱਕ ਜਾਂਦੇ ਹਨ|
ਹਰਿਆਣੇ ਦੇ ਕੁੱਝ ਪਿੰਡਾਂ ਨੇ ਮਤਾ ਪਾਸ ਕੀਤਾ ਹੈ ਕਿ ਹਰ ਪਿੰਡ ਵਾਸੀ ਆਪਣੇ ਨਾਂ ਦਾ ਇੱਕ ਬੂਟਾ ਲਗਾਏਗਾ ਤੇ ਉਸ ਨੂੰ ਉਦੋਂ ਤਕ ਪਾਲੇਗਾ ਜਦੋਂ ਤਕ ਉਹ ਰੁੱਖ ਨਹੀਂ ਬਣ ਜਾਂਦਾ| ਮੈਨੂੰ ਯਾਦ ਹੈ ਕਿ ਸਾਲ 1970-71 ਵਿਚ ਸਰਵੇਂ ਆਫ ਇੰਡੀਆ ਫਾਰੈਸਟ (ਜੰਗਲਾਤ) ਵਿਚ ਪੰਜਾਬ ਵਿੱਚ 5.6% ਖੇਤਰ ਵਿਚ ਜੰਗਲਾਤ ਸੀ ਜੋ ਹੁਣ ਘੱਟ ਕਿ 4% ਤੋਂ ਵੀ ਘੱਟ ਰਹਿ ਗਿਆ ਹੈ| ਪੰਜਾਬ ਦਾ ਕੁਲ ਖੇਤਰਫਲ 50360 ਸਕੇਅਰ ਕਿਲੋਮੀਟਰ ਹੈ ਜਦ ਕਿ ਜੰਗਲ/ ਦਰਖਤਾਂ ਥੱਲੇ 766 ਸਕੇਅਰ ਕਿਲੋਮੀਟਰ ਹੀ ਰਹਿ ਗਿਆ ਹੈ| ਅਨੁਪਾਤ ਅਨੁਸਾਰ 33% ਖੇਤਰਫਲ ਵਿਖੇ ਜੰਗਲ ਜਰੂਰੀ ਹਨ|
ਪਿਛਲੇ ਕੁਝ ਸਾਲਾਂ ਵਿੱਚ ਸੜਕਾਂ ਨੂੰ ਚੌੜ੍ਹੀਆਂ ਕਰਨ 4 ਲੇਨ/6 ਲੇਨ ਕਰਨ ਅਤੇ ਚੁਰਸਤਿਆਂ ਨੂੰ ਚੌੜਾ ਕਰਨ ਲਈ ਕਰੀਬ 10 ਕਰੋੜ ਰੁੱਖ ਕੱਟੇ ਗਏ| ਜਿਸ ਦਾ ਸਿੱਟਾ ਅਸੀਂ  ਦੇਖ ਚੁੱਕੇ ਹਾਂ| ਇਸ ਵਾਰ ਲਖਨਊ ਅਤੇ ਦਿੱਲੀ ਵਿਖੇ 47 ਡਿਗਰੀ, ਨਾਗਪੁਰ ਵਿਖੇ 49 ਡਿਗਰੀ, ਕੋਟਾ ਵਿਖੇ 48 ਡਿਗਰੀ, ਹੈਦਰਾਬਾਦ ਵਿਖੇ 45 ਡਿਗਰੀ, ਚੇਨਈ 45 ਡਿਗਰੀ ਅਤੇ ਪੰਜਾਬ ਹਰਿਆਣਾ ਦੇ ਕਈ ਸ਼ਹਿਰਾਂ ਵਿੱਚ 46 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ| ਹੋ ਸਕਦਾ ਹੈ ਅਗਲੇ ਸਾਲਾਂ ਵਿੱਚ  ਤਾਪਮਾਨ 50 ਡਿਗਰੀ ਨੂੰ ਵੀ ਪਾਰ ਕਰ ਜਾਵੇ|
ਹੁਣ ਜਦੋਂ ਅਸੀਂ 68 ਵਾਂ ਵਣ ਮਹੋਤਸਵ ਮਨਾ ਰਹੇ ਹਾਂ|  ਸਮਾਜਸੇਵੀ ਸੰਸਥਾਵਾਂ, ਸਰਕਾਰੀ ਅਧਿਕਾਰੀਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅੱਗੇ ਆ ਕੇ ਆਮ ਜਨਤਾ ਨੂੰ ਜਾਗਰੂਕ ਕਰਨਾ ਚਾਹੀਦਾ ਹੈ| ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਕੈਂਪ ਲਗਾ ਕਿ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ|  ਵਿਕਸਤ ਦੇਸ਼ਾਂ ਦੇ ਲੋਕ ਆਪਣੇ ਪੁਰਖਿਆਂ ਦੇ ਨਾਂ ਦੀ ਯਾਦ ਵਿੱਚ ਰੁੱਖ ਲਗਾ ਕੇ ਉਹਨਾਂ ਨੂੰ ਪਾਲਦੇ ਹਨ ਜਦ ਤਕ ਉਹ ਰੁੱਖ ਨਹੀਂ ਬਣ ਜਾਂਦੇ ਤਾਂ ਕਿ ਸਦੀਆਂ ਤਕ ਪੂਰਖਿਆਂ ਦੀ ਯਾਦ ਬਣੀ ਰਹੇ|
ਆਰ. ਐਸ. ਬੈਦਵਾਣ

Leave a Reply

Your email address will not be published. Required fields are marked *