ਪ੍ਰਤਾਪਗੜ੍ਹ ਵਿੱਚ ਸੜਕ ਹਾਦਸੇ ਦੌਰਾਨ 7 ਬੱਚਿਆਂ ਸਮੇਤ 14 ਵਿਅਕਤੀਆਂ ਦੀ ਮੌਤ


ਪ੍ਰਤਾਪਗੜ੍ਹ, 20 ਨਵੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਕੁੰਡਾ ਇਲਾਕੇ ਵਿਚ ਬਰਾਤੀਆਂ ਨਾਲ ਭਰੀ ਬਲੈਰੋ ਅਤੇ ਟਰੱਕ ਵਿਚਕਾਰ  ਬੀਤੀ ਰਾਤ ਟੱਕਰ ਹੋ ਗਈ, ਜਿਸ ਕਾਰਨ 14 ਵਿਅਕਤੀਆਂ ਦੀ ਮੌਤ ਹੋ ਗਈ| ਮਰਨ ਵਾਲਿਆਂ ਵਿਚ 7 ਬੱਚੇ ਵੀ ਸ਼ਾਮਲ ਸਨ| ਇਹ ਸਾਰੇ ਨਵਾਬਗੰਜ ਥਾਣਾ ਖੇਤਰ ਤੋਂ ਬਰਾਤ ਨਾਲ ਵਾਪਸ ਆ ਰਹੇ ਸਨ|
ਕੁੰਡਾ ਕੋਤਵਾਲ ਨੇ ਬਲੈਰੋ ਵਿਚ ਸਵਾਰ 14 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ| ਪੁਲੀਸ ਨੇ ਦੱਸਿਆ ਕਿ ਵੀਰਵਾਰ ਨੂੰ ਕੁੰਡਾ ਥਾਣਾ ਖੇਤਰ ਦੇ ਚੌਸਾ ਜਿਰਗਾਪੁਰ ਪਿੰਡ ਦੇ ਸੰਤਰਾਮ ਯਾਦਵ ਦੇ ਪੁੱਤ ਦੀ ਬਰਾਤ ਨਵਾਬਗੰਜ ਥਾਣਾ ਖੇਤਰ ਦੇ ਸ਼ੇਖਵਾਪੁਰ ਗਈ ਸੀ| ਦੇਰ ਰਾਤ ਕੁਝ ਬਰਾਤੀ ਬਲੈਰੋ ਰਾਹੀਂ ਪਰਤ ਰਹੇ ਸਨ|
ਰਾਤ ਤਕਰੀਬਨ ਇਕ ਵਜੇ ਦੇਸ਼ਰਾਜ ਇੰਦਾਰ ਕੋਲ ਖੜ੍ਹੇ ਟਰੱਕ ਵਿਚ ਬਰਾਤੀਆਂ ਦੀ ਗੱਡੀ ਪਿੱਛਿਓਂ ਵੱਜੀ| ਹਾਦਸਾ ਇੰਨਾ ਭਿਆਨਕ ਸੀ ਕਿ ਬਲੈਰੋ ਦੇ ਪਰਖੱਚੇ ਉਡ ਗਏ| ਟੱਕਰ ਦੀ ਆਵਾਜ਼ ਸੁਣ ਕੇ ਨੇੜਲੇ ਘਰਾਂ ਦੇ ਲੋਕਾਂ ਨੇ ਪੁਲੀਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ| ਸੂਚਨਾ ਮਿਲਦੇ ਹੀ ਪੁਲੀਸ ਘਟਨਾ ਵਾਲੇ ਸਥਾਨ ਤੇ ਪੁੱਜੀ| ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ|
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਵੀ ਮੌਤ ਹੋ ਗਈ ਹੈ| ਲਾਸ਼ਾਂ ਨੂੰ ਟਰੱਕ ਰਾਹੀਂ ਲੱਦ ਕੇ ਲਿਜਾਇਆ ਗਿਆ| ਇਸ ਦਰਦਨਾਕ ਮੰਜ਼ਰ ਨੂੰ ਦੇਖ ਕੇ ਹਰੇਕ ਦੀ ਰੂਹ ਕੰਬ ਗਈ|

Leave a Reply

Your email address will not be published. Required fields are marked *