ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਮੁਹਾਲੀ ਪੁਲੀਸ ਦੀ ਟੀਮ ਨੇ ਕੱਟੇ ਚਲਾਨ

ਐਸ.ਏ.ਐਸ. ਨਗਰ, 11 ਜੁਲਾਈ (ਸ.ਬ.) ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਮੁਹਾਲੀ ਪੁਲੀਸ ਨੂੰ ਨਾਲ ਲੈ ਕੇ ਵੱਖ ਵੱਖ ਥਾਈਂ ਵਿਸ਼ੇਸ਼ ਨਾਕੇ ਲਾਏ ਗਏ ਤੇ ਪ੍ਰੈਸ਼ਰ ਹਾਰਨ ਉਤਰਵਾਉਣ ਦੇ ਨਾਲ ਨਾਲ ਵਾਹਨਾਂ ਦੇ ਚਲਾਨ ਵੀ ਕੱਟੇ ਗਏ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਐਕਸੀਅਨ ਲਵਲੀਨ ਦੂਬੇ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ ਬੋਰਡ ਦੀ ਟੀਮ ਅਤੇ ਮੁਹਾਲੀ ਪੁਲੀਸ ਵੱਲੋਂ ਦਾਰਾ ਸਟੂਡੀਓ ਚੌਂਕ ਅਤੇ ਏਅਰਪੋਰਟ ਰੋਡ ਉੱਤੇ ਨਾਕੇ ਲਾਏ ਗਏ| ਦਾਰਾ ਸਟੂਡੀਓ ਚੌਂਕ ਵਿਖੇ ਇੰਜ.ਕੰਵਲਦੀਪ ਕੌਰ ਅਤੇ ਇੰਜ. ਅਰਸ਼ਦੀਪ ਸਿੰਘ ਦੀ ਅਗਵਾਈ ਵਿੱਚ ਲਾਏ ਨਾਕੇ ਦੌਰਾਨ 40 ਵਾਹਨਾਂ ਦੀ ਪ੍ਰਦੂਸ਼ਣ ਸਬੰਧੀ ਜਾਂਚ ਕੀਤੀ ਗਈ, ਤਿੰਨ ਬੱਸਾਂ ਦੇ ਚਲਾਨ ਕੱਟੇ ਗਏ ਅਤੇ ਦੋ ਵਾਹਨਾਂ ਦੇ ਪ੍ਰੈਸ਼ਰ ਹਾਰਨ ਉਤਰਵਾਏ ਗਏ|
ਇਸੇ ਤਰ੍ਹਾਂ ਇੰਜ. ਗੁਰਿੰਦਰ ਸਿੰਘ ਦੀ ਅਗਵਾਈ ਵਿੱਚ ਏਅਰਪੋਰਟ ਰੋਡ ਉਤੇ ਲਾਏ ਨਾਕੇ ਉੱਤੇ 30 ਵਾਹਨਾਂ ਦੀ ਜਾਂਚ ਕੀਤੀ ਗਈ ਅਤੇ ਇੱਕ ਦਾ ਚਲਾਨ ਕੱਟਿਆ ਗਿਆ| ਸ੍ਰੀ ਦੂਬੇ ਨੇ ਕਿਹਾ ਕਿ ਪੰਜਾਬ ਨੂੰ ਮੁੜ ਅੱਵਲ ਦਰਜੇ ਦਾ ਸੂਬਾ ਬਣਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਪੰਜਾਬ ਵਿੱਚੋਂ ਹਰ ਕਿਸਮ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨਾ ਇਸ ਦੇ ਮੁੱਖ ਟੀਚਿਆਂ ਵਿੱਚ ਸ਼ਾਮਲ ਹੈ| ਇਸ ਟੀਚੇ ਦੀ ਪ੍ਰਾਪਤੀ ਲਈ ਬੋਰਡ ਵੱਲੋਂ ਵੱਡੇ ਪੱਧਰ ਉਤੇ ਉਪਰਾਲੇ ਕੀਤੇ ਜਾ ਰਹੇ ਹਨ, ਜੋ ਕਿ ਲਗਾਤਾਰ ਜਾਰੀ ਰਹਿਣਗੇ|

Leave a Reply

Your email address will not be published. Required fields are marked *