ਪ੍ਰਧਾਨ ਮੰਤਰੀ ਦਾ ਅਹੁਦਾ ਅਤੇ ਨਰਿੰਦਰ ਮੋਦੀ ਦਾ ਬੜਬੋਲਾਪਨ

ਭਾਰਤੀ ਰਾਜਨੀਤੀ ਵਿੱਚ ਬੋਲੀ ਦੀ ਮਰਿਆਦਾ ਦਾ ਹਮੇਸ਼ਾ ਖਿਆਲ ਰੱਖਿਆ ਗਿਆ ਹੈ| ਇੱਕ ਦੌਰ ਅਜਿਹਾ ਵੀ ਸੀ ਜਦੋਂ ਜਵਾਹਰਲਾਲ ਨਹਿਰੂ, ਲਾਲ ਬਹਾਦੁਰ ਸ਼ਾਸਤਰੀ, ਇੰਦਰਾ ਗਾਂਧੀ, ਰਾਮਮਨੋਹਰ ਲੋਹਿਆ , ਅਟਲ ਬਿਹਾਰੀ ਵਾਜਪਾਈ ਆਦਿ ਨੇਤਾ ਬੇਹੱਦ ਸੰਜਮ ਅਧੀਨ, ਮਰਿਆਦਿਤ ਅਤੇ ਗੰਭੀਰਤਾ ਦੇ ਨਾਲ ਆਪਣੀ ਗੱਲ ਰੱਖਦੇ ਸਨ| ਪਰੰਤੂ ਹੁਣ ਹਾਲਾਤ ਸਿਆਸਤਦਾਨਾਂ ਦੇ ਲਿਹਾਜ਼ ਨਾਲ ਬਦਤਰ ਹੋਏ ਹਨ| ਤਾਜ਼ਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰਨਾਟਕ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਕਾਂਗਰਸ ਨੇਤਾਵਾਂ ਦੇ ਖਿਲਾਫ ਦਿੱਤੇ ਬਿਆਨ ਨੂੰ ਲੈ ਕੇ ਮਚਿਆ ਹੈ| ਸਾਬਕਾ ਪ੍ਰਧਾਨਮੰਤਰੀ ਅਤੇ ਕਾਂਗਰਸ ਨੇਤਾ ਡਾ. ਮਨਮੋਹਨ ਸਿੰਘ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਖ਼ਤ ਲਿਖਕੇ ਪ੍ਰਧਾਨਮੰਤਰੀ ਤੇ ਕਾਂਗਰਸ ਨੇਤਾਵਾਂ ਨੂੰ ਧਮਕਾਉਣ, ਬੇਲੋੜੀ ਅਤੇ ਡਰਾਉਣੀ ਭਾਸ਼ਾ ਦਾ ਇਸਤੇਮਾਲ ਕਰਨ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ| ਸੁਭਾਵਿਕ ਤੌਰ ਤੇ ਰਾਜਨੀਤੀ ਦੇ ਮੈਦਾਨ ਵਿੱਚ ਮੁਕਾਬਲਾ ਹੁੰਦਾ ਹੈ, ਪਰੰਤੂ ਇਸਦਾ ਇਹ ਮਤਲਬ ਨਹੀਂ ਕਿ ਕਿਸੇ ਨੂੰ ਧਮਕਾਇਆ ਜਾਵੇ ਜਾਂ ਉਸਦੇ ਖਿਲਾਫ ਜਹਿਰ ਉਗਲਿਆ ਜਾਵੇ| ਚੋਣਾਂ ਵਿੱਚ ਬਿਜਲੀ,ਪਾਣੀ, ਰੋਜਗਾਰ, ਸਿਹਤ ਦੇ ਮੁੱਦਿਆਂ ਤੇ ਚਰਚਾ ਕਰਨ ਦੀ ਬਜਾਏ ਨੇਤਾ ਵਿਅਕਤੀਗਤ ਟਿੱਪਣੀ ਜ਼ਿਆਦਾ ਕਰਨ ਲੱਗੇ ਹਨ| ਹਾਲ ਦੇ ਸਾਲਾਂ ਵਿੱਚ ਰਾਜਨੀਤੀ ਵਿੱਚ ਅਸਹਿਜ ਹੋ ਜਾਣ ਲਾਇਕ ਬੋਲੀ ਦੀ ਵਰਤੋਂ ਹਰ ਦਲ ਦੇ ਨੇਤਾ ਕਰਨ ਲੱਗੇ ਹਨ| ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ ਹੋਵੇ, ਕਾਂਗਰਸ ਦਾ ਜਾਂ ਹੋਰ ਪਾਰਟੀਆਂ ਦਾ| ਪਰੰਤੂ ਪ੍ਰਧਾਨਮੰਤਰੀ ਦੇ ਪੱਧਰ ਤੇ ਇਹ ਲਿਹਾਜ਼ ਹਰ ਨੇਤਾ ਚਾਹੁੰਦਾ ਹੈ ਕਿ ਉਨ੍ਹਾਂ ਦੀ ਭਾਸ਼ਾ ਨਿਜੀ ਟਿੱਪਣੀ ਜਾਂ ਕਰਕਸ਼ ਨਾ ਹੋਵੇ| ਲੋਕਤੰਤਰ ਦੀ ਖੂਬਸੂਰਤੀ ਵੀ ਇਹੀ ਹੈ ਕਿ ਲੜਾਈ ਮੁੱਦਿਆਂ ਦੇ ਆਧਾਰ ਤੇ ਲੜੀ ਜਾਵੇ| ਵਿਅਕਤੀਗਤ ਹੋ ਕੇ ਰਾਜਨੀਤੀ ਵਿੱਚ ਟੀਕਾ – ਟਿੱਪਣੀ ਕਰਨਾ ਜਾਂ ਹੱਦ ਤੋਂ ਅੱਗੇ ਜਾ ਕੇ ਬੋਲ ਦੇਣਾ ਕਿਸੇ ਵੀ ਨਜ਼ਰ ਨਾਲ ਨਾ ਤਾਂ ਉਚਿਤ ਹੈ ਨਾ ਮਰਿਆਦਿਤ| ਪ੍ਰਧਾਨਮੰਤਰੀ ਵਲੋਂ ਇਸ ਤਰ੍ਹਾਂ ਦੀ ਬੋਲੀ ਦੀ ਉਮੀਦ ਕਿਸੇ ਨੂੰ ਵੀ ਨਹੀਂ ਹੈ| ਸਿਆਸਤ ਵਿੱਚ ਹਿਸਾਬ ਬਰਾਬਰ ਕਰਨ ਦੇ ਹੋਰ ਵੀ ਤੌਰ-ਤਰੀਕੇ ਹਨ| ਪਰੰਤੂ ਖੁਲ੍ਹੇਆਮ ਡਰਾਉਣ ਅਤੇ ਵੇਖ ਲੈਣ ਦੀ ਬੋਲੀ ਲੋਕਤੰਤਰ ਨੂੰ ਕਮਜੋਰ ਹੀ ਕਰੇਗੀ ਅਤੇ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਪ੍ਰਧਾਨਮੰਤਰੀ ਮੋਦੀ ਨੇ ਅਜਿਹੀ ਭਾਸ਼ਾ ਬੋਲੀ ਹੈ| ਕੁੱਝ ਮਹੀਨੇ ਪਹਿਲਾਂ ਹੋਈਆਂ ਗੁਜਰਾਤ ਚੋਣਾਂ ਦੇ ਦੌਰਾਨ ਵੀ ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਵਿਵਾਦ ਖੜਾ ਕਰ ਦਿੱਤਾ ਸੀ ਕਿ ਗੁਜਰਾਤ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਦੇ ਲਈ ਕਾਂਗਰਸ ਪਾਰਟੀ ਨੇ ਪਾਕਿਸਤਾਨ ਦੇ ਨਾਲ ਸਾਜਿਸ਼ ਰਚੀ ਹੈ| ਇਸ ਬਿਆਨ ਉਤੇ ਕਾਫ਼ੀ ਹੰਗਾਮਾ ਮਚਿਆ ਸੀ ਅਤੇ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਹੇਠੀ ਹੁੰਦੇ ਦੇਖ ਵਿੱਤ ਮੰਤਰੀ ਅਰੁਣ ਜੇਟਲੀ ਨੂੰ ਪ੍ਰਧਾਨਮੰਤਰੀ ਦੇ ਊਟਪਟਾਂਗ ਬਿਆਨ ਉਤੇ ਮਾਫੀ ਮੰਗਣੀ ਪਈ ਸੀ ਕਿਉਂਕਿ, ਸਿਆਸੀ ਪਿਚ ਉਤੇ ਮੁੱਦਿਆਂ ਉਤੇ ਖੇਡਣ ਤੋਂ ਜ਼ਿਆਦਾ ਅਹਿਮ ਹੈ ਕਿ ਬੋਲਣਾ ਕੀ ਹੈ?
ਨਵੀਨ ਭਾਰਤੀ

Leave a Reply

Your email address will not be published. Required fields are marked *