ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੇ ਮਾਇਨੇ

ਦੋ ਦਿਨ ਪਹਿਲਾਂ ਮਲੋਟ ਹਲਕੇ ਵਿੱਚ ਪ੍ਰਧਾਨ ਮੰਤਰੀ ਮੋਦੀ ਵਲੋਂ ਪਾਈ ਗਈ ਫੇਰੀ ਦੇ ਕਈ ਅਰਥ ਹਨ| ਇਸ ਫੇਰੀ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਰੈਲੀ ਰਾਹੀਂ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ| ਇਸ ਮੌਕੇ ਉਹਨਾਂ ਜਿੱਥੇ ਪੰਜਾਬੀ ਕਿਸਾਨਾਂ ਦੀ ਸ਼ਲਾਘਾ ਕੀਤੀ, ਉਥੇ ਉਹਨਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਪਣਾ ਮਾਰਗ ਦਰਸ਼ਕ ਦੱਸਿਆ| ਅਕਾਲੀਆਂ ਨੇ ਵੀ ਮੋਦੀ ਦੀ ਆਓ ਭਗਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ| ਭਾਵੇਂ ਕੁੱਝ ਲੋਕ ਇਹ ਚਰਚਾ ਵੀ ਕਰ ਰਹੇ ਸਨ ਕਿ ਮੋਦੀ ਨੇ ਚਾਰ ਸਾਲ ਤਾਂ ਅਕਾਲੀਆਂ ਦੀ ਬਾਤ ਨਹੀਂ ਪੁੱਛੀ ਅਤੇ ਹੁਣ ਚੋਣਾਂ ਨੇੜੇ ਆਉਂਦਿਆਂ ਹੀ ਅਕਾਲੀਆਂ ਨੂੰ ਨੇੜੇ ਲਾਉਣਾ ਸ਼ੁਰੂ ਕਰ ਦਿੱਤਾ ਹੈ|
ਪੰਜਾਬ ਵਾਸੀਆਂ ਨੂੰ ਆਸ ਸੀ ਕਿ ਮਲੋਟ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਪੰਜਾਬੀਆਂ ਨੂੰ ਕੋਈ ਵਿਸ਼ੇਸ਼ ਪੈਕੇਜ ਦੇ ਕੇ ਜਾਣਗੇ ਪਰ ਪਹਿਲਾਂ ਵਾਂਗ ਇਸ ਵਾਰ ਵੀ ਪੰਜਾਬੀਆਂ ਦੀਆਂ ਆਸਾਂ ਉਪਰ ਪਾਣੀ ਫੇਰਦਿਆਂ ਮੋਦੀ ਨੇ ਪੰਜਾਬੀਆਂ ਨੂੰ ਸਿਰਫ ਜੁਮਲੇ ਸੁਣਾ ਕੇ ਹੀ ਖਾਨਾਪੂਰਤੀ ਕਰ ਦਿੱਤੀ| ਇਸ ਰੈਲੀ ਵਿੱਚ ਲੋਕਾਂ ਦਾ ਇਕੱਠ ਦਿਖਾਉਣ ਲਈ ਅਕਾਲੀਆਂ ਅਤੇ ਭਾਜਪਾ ਨੇ ਪੂਰਾ ਜੋਰ ਲਾਇਆ ਅਤੇ ਰੈਲੀ ਵਿੱਚ ਇਕੱਠ ਕਰਨ ਲਈ ਅਕਾਲੀਆਂ ਦੇ ਨਾਲ ਨਾਲ ਹਰਿਆਣਾ ਅਤੇ ਰਾਜਸਥਾਨ ਦੀਆਂ ਸਰਕਾਰਾਂ ਨੇ ਵੀ ਪੂਰੀ ਤਾਕਤ ਲਗਾਈ ਪਰੰਤੂ ਰੈਲੀ ਵਿੱਚ ਆਸ ਮੁਤਾਬਿਕ ਇਕੱਠ ਨਹੀਂ ਹੋਇਆ| ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੋਣ ਕਰਕੇ ਅਕਾਲੀ ਤੇ ਭਾਜਪਾਈ ਰਾਜ ਦੀ ਸਰਕਾਰੀ ਮਸ਼ੀਨਰੀ ਦਾ ਲਾਹਾ ਨਾ ਲੈ ਸਕੇ| ਰੈਲੀ ਵਿੱਚ ਮੋਦੀ ਦਾ ਬਹੁਤਾ ਧਿਆਨ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕਾਂਗਰਸ ਪਾਰਟੀ ਨੂੰ ਨਿੰਦਣ ਵੱਲ ਹੀ ਰਿਹਾ ਅਤੇ ਉਹਨਾਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਗੁਣਗਾਣ ਵੀ ਕੀਤਾ| ਰੈਲੀ ਵਿੱਚ ਪਹੁੰਚੇ ਕਿਸਾਨਾਂ ਤੇ ਆਮ ਲੋਕਾਂ ਨੂੰ ਆਸ ਸੀ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੇ ਮਸਲੇ ਹਲ ਕਰਨ ਲਈ ਕੋਈ ਵੱਡਾ ਐਲਾਨ ਕਰਨਗੇ ਪਰ ਉਹਨਾਂ ਦੀਆਂ ਉਮੀਦਾਂ ਵੀ ਪੂਰੀਆਂ ਨਹੀਂ ਹੋਈਆਂ ਅਤੇ ਉਹ ਵੀ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣ ਕੇ ਆਪੋ ਆਪਣੇ ਘਰ ਚਲੇ ਗਏ|
ਅਸਲ ਵਿੱਚ ਮੋਦੀ ਦੀ ਮਲੋਟ ਰੈਲੀ ਦੇ ਕਈ ਅਰਥ ਨਿਕਲਦੇ ਹਨ| ਇਸ ਰੈਲੀ ਰਾਹੀਂ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਅਕਾਲੀਆਂ ਨਾਲ ਆਪਣੇ ਲਿਹਾਜ ਨੂੰ ਹੋਰ ਗੂੜਾ ਕਰਨ ਦਾ ਯਤਨ ਕੀਤਾ ਹੈ ਅਤੇ ਆਉਣ ਵਾਲੀਆਂ ਚੋਣਾਂ ਵੀ ਇਕੱਠੇ ਲੜਨ ਦਾ ਸੰਕੇਤ ਦਿੱਤਾ ਹੈ| ਇਸ ਰੈਲੀ ਰਾਹੀਂ ਅਕਾਲੀਆਂ ਨੇ ਵੀ ਭਾਜਪਾ ਨੂੰ ਹਰ ਪਖੋਂ ਸਮਰਥਣ ਦੇਣ ਦਾ ਐਲਾਨ ਕੀਤਾ ਹੈ| ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਤਾਂ ਭਾਜਪਾ ਅਤੇ ਅਕਾਲੀਆਂ ਦੀ ਸਾਂਝ ਨੂੰ ਹਿੰਦੂ ਸਿੱਖ ਏਕਤਾ ਅਤੇ ਦੋਵਾਂ ਪਾਰਟੀਆਂ ਨੂੰ ਭੈਣਾਂ ਭੈਣਾਂ ਦਸਦੇ ਹਨ ਜਦੋਂਕਿ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਅਕਾਲੀਆਂ ਅਤੇ ਭਾਜਪਾ ਦੀ ਸਾਂਝ ਨੂੰ ਪਤੀ ਪਤਨੀ ਵਾਲਾ ਰਿਸ਼ਤਾ ਦਸਦੇ ਹਨ|
ਅਕਾਲੀਆਂ ਵਲੋਂ ਜਿੱਥੇ ਭਾਜਪਾ ਨਾਲ ਪੂਰਾ ਹੇਜ ਜਤਾਇਆ ਜਾ ਰਿਹਾ ਹੈ ਉੱਥੇ ਭਾਜਪਾ ਆਗੂ ਵੀ ਅਕਾਲੀਆਂ ਦੀ ਸੁਰ ਵਿੱਚ ਸੁਰ ਮਿਲਾਉਣ ਲੱਗ ਪਏ ਹਨ, ਕਿਉਂਕਿ ਦੋਵਾਂ ਦੀ ਅੱਖ ਹੁਣ ਆਉਣ ਵਾਲੀਆਂ ਲੋਕ ਸਭਾ ਚੋਣਾਂ ਉਪਰ ਹੈ| ਪਰੰਤੂ ਪੰਜਾਬ ਦੇ ਲੋਕ ਹੁਣ ਸਿਆਣੇ ਹੋ ਚੁੱਕੇ ਹਨ ਅਤੇ ਉਹ ਸਿਆਸੀ ਆਗੂਆਂ ਵਲੋਂ ਕੀਤੀ ਜਾਂਦੀ ਜੁਮਲੇਬਾਜੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ| ਇਸ ਤੋਂ ਇਲਾਵਾ ਪੰਜਾਬੀਆਂ ਸਮੇਤ ਪੂਰੇ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਮੋਦੀ ਵਲੋਂ ਪਿਛਲੇ ਸਮੇਂ ਦੌਰਾਨ ਕੀਤੀ ਗਈ ਨੋਟਬੰਦੀ ਅਤੇ ਫੇਰ ਜੀ ਐਸ ਟੀ ਦੀ ਮਾਰ ਤੋਂ ਹੁਣ ਤਕ ਨਹੀਂ ਉਭਰ ਪਾਏ ਹਨ| ਲੋਕ ਤਾਂ ਇੱਥੋਂ ਤਕ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੇ ਇਹਨਾਂ ਫੈਸਲਿਆਂ ਨੇ ਤਾਂ ਪੂਰੇ ਦੇਸ਼ ਵਾਸੀਆਂ ਨੂੰ ਇਕ ਵਾਰ ਤਾਂ ਗੁਲਾਮ ਹੋਣ ਦਾ ਅਹਿਸਾਸ ਕਰਵਾ ਦਿੱਤਾ ਸੀ| ਨੋਟਬੰਦੀ ਕਾਰਨ ਤਾਂ ਦੇਸ਼ ਦੇ ਵੱਖ ਵੱਖ ਹਿਸਿਆਂ ਵਿੱਚ ਕਰੀਬ 200 ਵਿਅਕਤੀਆਂ ਦੀ ਜਾਨ ਗਈ ਸੀ| ਇਹ ਲੋਕ ਦਾਅਵਾ ਕਰਦੇ ਹਨ ਕਿ ਹੁਣ ਆਮ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਤੋਂ ਕੋਈ ਆਸ ਨਹੀਂ ਹੈ, ਬਲਕਿ ਲੋਕਾਂ ਨੂੰ ਤਾਂ ਇਹ ਫਿਕਰ ਰਹਿੰਦਾ ਹੈ ਕਿ ਮੋਦੀ ਸਰਕਾਰ ਹੋਰ ਕੋਈ ਨਵਾਂ ਹੁਕਮ ਜਾਰੀ ਕਰਕੇ ਉਹਨਾਂ ਦਾ ਘਰ ਬਾਰ ਅਤੇ ਰੋਜੀ ਰੋਟੀ ਨਾ ਖੋਹ ਲਵੇ|
ਇਸਦੇ ਬਾਵਜੂਦ ਵੱਡੀ ਗਿਣਤੀ ਲੋਕ ਇਹ ਸੋਚ ਰੱਖਦੇ ਹਨ ਕਿ ਕਾਂਗਰਸ ਪਾਰਟੀ ਵਲੋਂ ਦੇਸ਼ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਸਹੀ ਤਰੀਕੇ ਨਾਲ ਨਹੀਂ ਨਿਭਾਈ ਜਾ ਰਹੀ, ਜਿਸਦਾ ਅਗਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਲਾਭ ਹੋ ਸਕਦਾ ਹੈ| ਪਰੰਤੂ ਪੰਜਾਬ ਦੀ ਜਨਤਾ ਉੱਪਰ ਪ੍ਰਧਾਨ ਮੰਤਰੀ ਦੀ ਇਸ ਰੈਲੀ ਦਾ ਕੋਈ ਖਾਸ ਅਸਰ ਨਹੀਂ ਦਿਖ ਰਿਹਾ| ਪ੍ਰਧਾਨ ਮੰਤਰੀ ਮੋਦੀ ਦੀ ਮਲੋਟ ਰੈਲੀ ਅਕਾਲੀ ਦਲ ਅਤੇ ਭਾਜਪਾ ਦਾ ਫਲਾਪ ਸ਼ੋਅ ਬਣ ਕੇ ਰਹਿ ਗਈ ਹੈ, ਜਿਸ ਦਾ ਨਾ ਤਾਂ ਭਾਜਪਾ ਨੂੰ ਕੋਈ ਫਾਇਦਾ ਹੁੰਦਾ ਦਿਖ ਰਿਹਾ ਹੈ ਅਤੇ ਨਾ ਹੀ ਅਕਾਲੀਆਂ ਨੂੰ|ੀ

Leave a Reply

Your email address will not be published. Required fields are marked *