ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਸ਼ਹਿਰ ਵਾਸੀਆਂ ਨੇ ਖੜਕਾਈਆਂ ਥਾਲੀਆਂ ਕਿਸਾਨ ਸੰਘਰਸ਼ ਨਾਲ ਇਕੱਮੁਠਤਾ ਦਾ ਪ੍ਰਗਟਾਵਾ ਕੀਤਾ, ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਸ਼ਹਿਰ ਵਾਸੀਆਂ ਨੇ ਖੜਕਾਈਆਂ ਥਾਲੀਆਂ


ਐਸ ਏ ਐਸ ਨਗਰ, 28 ਦਸੰਬਰ (ਸ਼ਬ ਦਿੱਲੀ ਬਾਰਡਰ ਤੇ ਚਲ ਰਹੇ ਕਿਸਾਨ ਮੋਰਚੇ ਕਿਸਾਨ ਮੋਰਚੇ ਨਾਲ ਇੱਕਮੁਠਤਾ ਪ੍ਰਗਟਾਉਂਦਿਆਂ ਸ਼ਹਿਰ ਵਾਸੀਆਂ ਵਲੋਂ ਕਿਸਾਨ ਜੱਥੇਬੰਦੀਆਂ ਦੇ ਸੱਦੇ ਤੇ ਬੀਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦਾ ਵਿਰੋਧ ਕਰਦਿਆਂ ਥਾਲੀਆਂ ਖੜਕਾਈਆਂ ਗਈਆਂ ਅਤੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ।
ਇਸ ਸੰਬੰਧੀ ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਵਪਾਰ ਮੰਡਲ ਮੁਹਾਲੀ, ਟ੍ਰੈਡਰਜ ਮਾਰਕੀਟ ਵੈਲਫੇਅਰ ਐਸੋਸੀਏਸ਼ਨ, ਦਿੱਲੀ ਚਲੋ ਮੋਰਚੇ ਦੇ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਜੁੜੇ ਸ਼ਹਿਰ ਵਾਸੀਆਂ ਵਲੋਂ ਵੱਡੀ ਸਕਰੀਨ ਲਗਾ ਕੇ ਉੱਥੇ ਚਲ ਰਹੇ ਮਨ ਕੀ ਬਾਤ ਦਾ ਪੁਰਜੋਰ ਵਿਰੋਧ ਕੀਤਾ ਗਿਆ।
ਇਸ ਦੌਰਾਨ ਮਾਰਕੀਟ ਦੇ ਦੁਕਾਨਦਾਰਾਂ ਤੋਂ ਇਲਾਵਾ ਸ਼ਹਿਰ ਦੇ ਸਾਬਕਾ ਕੌਂਸਲਰਾਂ ਅਤੇ ਸਮਾਜਸੇਵੀ ਆਗੂਆਂ ਵਲੋਂ ਪਾਰਟੀ ਬਾਜੀ ਤੋਂ ਉੱਪਰ ਉਠ ਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ ਗਈ ਅਤੇ ਖੇਤੀ ਬਿਲਾਂ ਦਾ ਵਿਰੋਧ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਛੋਟੇ ਛੋਟੈ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਅਤੇ ਬਜੁਰਗਾਂ ਵਲੋਂ ਵੀ ਸ਼ੂਲੀਅਤ ਕੀਤੀ ਗਈ ਅਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਨੌਜਵਾਨ ਕੁੜੀਆਂ ਨੇ ਵੀ ਭਾਗ ਲਿਆ। ਇਸ ਮੌਕੇ ਦਿੱਲੀ ਚਲੋ ਮੁਹਿੰਮ ਦੇ ਆਗੁ ਸ੍ਰ ਨਰਿੰਦਰ ਸਿੰਘ ਕੰਗ, ਸ੍ਰ ਗਗਨਦੀਪ ਸਿੰਘ ਬੈਂਸ, ਸ੍ਰ ਮਨਜੀਤ ਸਿੰਘ ਬੈਂਸ, ਕਿਸਾਨ ਆਗੂ ਨਛੱਤਰ ਸਿੰਘ ਸੋਹਾਣਾ, ਸਾਬਕਾ ਕੌਂਸਲਰ ਸ੍ਰ ਕੁਲਜੀਤ ਸਿੰਘ ਬੇਦੀ ਅਤੇ ਸ੍ਰੀ ਆਰ ਪੀ ਸ਼ਰਮਾ, ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਅਤੇ ਹੋਰ ਅਹੁਦੇਦਾਰ, ਟ੍ਰੇਡਰਜ਼ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਦਿਲਾਵਰ ਸਿੰਘ ਅਤੇ ਅਹੁਦੇਦਾਰ ਅਕਬਿੰਦਰ ਸਿੰਘ ਗੋਸਲ, ਜਸਪਾਲ ਸਿੰਘ ਦਿਉਲ, ਕੁਲਦੀਪ ਸਿੰਘ ਕਟਾਣੀ, ਰਾਜੀਵ ਭਾਟੀਆ, ਵਰੁਣ ਗੁਪਤਾ ਅਤੇ ਮਾਰਕੀਟ ਦੇ ਹੋਰ ਦੁਕਾਨਦਾਰ ਹਾਜਿਰ ਸਨ।
ਇਸ ਦੌਰਾਨ ਫੇਜ਼ 11 ਵਿੱਚ ਵਸਨੀਕਾਂ ਵਲੋਂ ਫਰੈਂਡਸ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਮੁੱਖ ਸੜਕ ਤੇ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਥਾਲੀਆਂ ਖੜਕਾ ਕੇ ਆਪਣਾ ਵਿਰੋਧ ਪ੍ਰਗਟਾਇਆ ਗਿਆ। ਇਸ ਮੌਕੇ ਸਾਬਕਾ ਕੌਂਸਲਰ ਸ੍ਰ ਅਮਰੀਕ ਸਿੰਘ ਤਹਿਸੀਲਦਾਰ (ਰਿਟਾ) ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਵਾਮ ਦੀ ਆਵਾਜ਼ ਸੁਣਨੀ ਚਾਹੀਦੀ ਹੈ ਅਤੇ ਕਾਲੇ ਕਾਨੂੰਨ ਤੁਰੰਤ ਵਾਪਸ ਕਰਨੇਚਾਹੀਦੇ ਹਨ। ਸੁਸਾਇਟੀ ਦੇ ਪ੍ਰਧਾਨ ਸ੍ਰ ਅਮਰਜੀਤ ਸਿੰਘ ਨੇ ਕਿਹਾ ਕਿ ਕਿਸਾਲ ਜੱਥੇਬੰਦੀਆਂ ਵਲੋਂ ਜੋ ਵੀ ਪ੍ਰੋਗਰਾਮ ਦਿੱਤਾ ਜਾਵੇਗਾ, ਸੁਸਾਇਟੀ ਵਲੋਂ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨਾਲ ਉਸਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਵੀ ਕੇ ਮਹਾਜਨ, ਜਗਦੀਪ ਸਿੰਘ, ਗੁਰਦੇਵ ਸਿੰਘ, ਹਰਜਿੰਦਰ ਸਿੰਘ, ਤੇਜਿੰਦਰ ਕੌਰ, ਜਰਨੇਲ ਸਿੰਘ ਕਲੇਰ ਸਮੇਤ ਵੱਡੀ ਗਿਣਤੀ ਵਸਨੀਕ ਹਾਜਿਰ ਸਨ।
ਸ਼ਹਿਰ ਵਾਸੀਆਂ ਵਲੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਹੱਕ ਵਿੱਚ ਆਵਾਜ ਬੁਲੰਦ ਕਰਕੇ ਕਿਸਾਨਾਂ ਦੇ ਨਾਲ ਇਕੱਮੁਠਤਾ ਦਾ ਪ੍ਰਗਟਾਵਾ ਕੀਤੇ ਜਾਣ ਨਾਲ ਇਹ ਜਾਹਿਰ ਹੁੰਦਾ ਹੈ ਕਿ ਸ਼ਹਿਰ ਵਾਸੀ ਵੀ ਭਾਵਨਾਤਮਕ ਤੌਰ ਤੇ ਕਿਸਾਨ ਸੰਘਰਸ਼ ਨਾਲ ਜੁੜ ਚੁੱਕੇ ਹਨ ਅਤੇ ਇਸ ਸੰਘਰਸ਼ ਵਿੱਚ ਆਪੋ ਆਪਣੇ ਤਰੀਕੇ ਨਾਲ ਹਿੱਸੇਦਾਰੀ ਪਾ ਰਹੇ ਹਨ।

Leave a Reply

Your email address will not be published. Required fields are marked *