ਪ੍ਰਧਾਨ-ਮੰਤਰੀ ‘ਮਨ ਕੀ ਬਾਤ’ ਵਿੱਚ ਸਿੱਖ ਕੌਮ ਦੀ ਹੋਈ ਨਸਲੁਕਸ਼ੀ ਬਾਰੇ ਆਪਣੇ ਵਿਚਾਰ ਦੱਸਣ : ਪੀਰਮੁਹੰਮਦ

31peermohammad

ਦਲ ਖਾਲਸਾ ਅਤੇ ਅਕਾਲੀ ਦਲ ਪੰਚ-ਪ੍ਰਧਾਨੀ ਦੇ ਰਲੇਵੇਂ ਦਾ ਕੀਤਾ ਸੁਆਗਤ

ਚੰਡੀਗੜ੍ਹ, 31 ਮਈ (ਸ.ਬ.) ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸੁਪਰੀਮ ਕੌਂਸਲ  ਇੱਕ ਮਹੱਤਵਪੂਰਨ ਮੀਟਿੰਗ ਜਥੇਬੰਦੀ ਦੇ ਸਬ-ਆਫਿਸ ਵਿੱਚ ਸੱਦੀ ਗਈ| ਇਸ ਮੀਟਿੰਗ ਵਿੱਚ ਫੈਡਰੇਸ਼ਨ ਆਗੂਆਂ ਵੱਲੋਂ ਕੁਝ ਮਹੱਤਵਪੂਰਨ ਮਤੇ ਪਾਸ ਕੀਤੇ ਗਏ| ਇਸ ਮੀਟਿੰਗ ਤੋਂ ਬਾਅਦ ਫੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰਮੁਹੰਮਦ ਨੇ ਪੱਤਰਕਾਰਾਂ ਨੂੰ ਵਿਸ਼ੇਸ਼ ਕਾਨਫਰੰਸ ਵਿੱਚ ਇਹਨਾਂ ਮਤਿਆਂ ਬਾਰੇ ਜਾਣਕਾਰੀ ਦਿੱਤੀ| ਉਹਨਾਂ ਕਿਹਾ ਕਿ ਫੈਡਰੇਸ਼ਨ ਵੱਲੋਂ 1984 ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਵੇਲੇ ਫੌਜ ਵੱਲੋੰ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਦਸਤਾਵੇਜ਼ ਅਤੇ ਪੁਰਾਤਨ ਸਾਹਿਤ 32 ਵਰੇ ਬੀਤ ਜਾਣ ਉਪਰੰਤ ਵੀ ਸਿੱਖ ਕੌਮ ਦੇ ਹਵਾਲੇ ਨਹੀੰ ਕੀਤੇ ਗਏ| ਫੌਜ ਵੱਲੋਂ ਜ਼ਬਤ ਸਾਮਾਨ ਵਿੱਚ ਗੁਰੂ ਸਹਿਬਾਨ ਦੇ 200 ਦੇ ਕਰੀਬ ਹੱਥ-ਲਿਖਤ ਹੁਕਮਨਾਮੇ, ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਬੀੜਾਂ ਅਤੇ ਹੋਰ ਧਰਮਾਂ ਦਾ ਵੀ ਵੱਡਮੁੱਲਾ ਸਾਹਿਤ ਸ਼ਾਮਲ ਸੀ| ਜ਼ਿਕਰਯੋਗ ਹੈ ਕਿ ਸਮੇਂ-ਸਮੇਂ ਸਰਕਾਰ ਅਤੇ ਫੌਜ ਦੇ ਮਹੱਤਵਪੂਰਨ ਅਹੁਦਿਆਂ ਤੋਂ ਰਿਟਾਇਰ ਵਿਅਕਤੀਆਂ ਵੱਲੋਂ ਇੰਕਸ਼ਾਫ਼ ਕੀਤੇ ਗਏ ਹਨ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਮਾਨ ਭਾਰਤ ਸਰਕਾਰ ਕੋਲ ਮੌਜੂਦ ਹੈ| ਉਹਨਾਂ ਨੇ ਕੌਮ ਦਾ ਇਹ ਵੱਡਮੁੱਲਾ ਸਰਮਾਇਆ ਕੌਮ ਨੂੰ ਵਾਪਸ ਸੌਂਪੇ ਜਾਣ ਦੀ ਮੰਗ ਕੀਤੀ| ਸ: ਪੀਰਮੁਹੰਮਦ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ 1984 ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਬਾਰੇ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਸਪੱਸ਼ਟੀਕਰਨ ਦੇਣ, ਸਿੱਖਾਂ ਨੂੰ ਇਨਸਾਫ ਦੇਣ ਬਾਰੇ ਭਾਰਤੀ ਹਕੂਮਤ ਦੇ ‘ਮਨ ਕੀ ਬਾਤ’ ਦੱਸਣ ਅਤੇ ਸਿੱਖਾਂ ਨੂੰ ਵੱਖਰੀ ਕੌਮ ਦੇ ਦਰਜਾ ਦੇਣ ਬਾਰੇ ਲੋੜੀਂਦੇ ਕਦਮ ਚੁੱਕਣ| ਉਹਨਾਂ ਨੇ ਕੈਨੇਡਾ ਦੀ ਸਰਕਾਰ ਵੱਲੋਂ ਕਾਮਾਗਾਟਾਮਾਰੂ ਲਈ ਸਿੱਖ ਕੌਮ ਤੋਂ ਮਾਫੀ ਮੰਗਣ ਤੋਂ ਸੰਸਾਰ ਭਰ ਦੀਆਂ ਜਮੂਹਰੀ ਸਰਕਾਰਾਂ ਨੂੰ ਸੇਧ ਲੈਣ ਦੀ ਤਾਕੀਦ ਕੀਤੀ| ਫੈਡਰੇਸ਼ਨ ਵੱਲੋਂ ਪੰਜਾਬ ਸਰਕਾਰ ਤੋਂ ਤੀਜੇ ਘੱਲੂਘਾਰੇ ਦੀ ਵਰੇਗੰਢ ਮੌਕੇ 3 ਜੂਨ ਦੀ ਸਰਕਾਰੀ ਛੁੱਟੀ ਐਲਾਨਣ ਦੀ ਮੰਗ ਕੀਤੀ ਗਈ| ਸ: ਪੀਰਮੁਹੰਮਦ ਨੇ ਪਿਛਲੇ ਦਿਨੀਂ ਪੰਥਕ ਜਥੇਥੰਦੀਆਂ ਦਲ ਖਾਲਸਾ ਅਤੇ ਅਕਾਲੀ ਦਲ(ਪੰਚ-ਪ੍ਰਧਾਨੀ) ਦੇ ਰਲੇਵੇਂ ਦਾ ਫੈਡਰੇਸ਼ਨ ਵੱਲੋੰ ਸਵਾਗਤ ਕੀਤਾ| ਉਹਨਾਂ ਨੇ ਹੋਰਨਾਂ ਸਿੱਖ ਜਥੇਥੰਦੀਆਂ ਅਤੇ ਲੀਡਰਸ਼ਿਪ ਨੂੰ ਕੁਰਸੀ-ਮੋਹ ਤਿਆਗ ਕੇ ਇੱਕ ਸਾਂਝਾ ਪੰਥਕ ਪਲੇਟਫਾਰਮ ਖੜਾ ਕਰਨ ਦੀ ਬੇਨਤੀ ਕੀਤੀ| ਇਸ ਮੌਕੇ ਉਹਨਾਂ ਨੇ ਪੰਥ ਦੇ ਹਿਤਾਂ ਸੰਘਰਸ਼ਸ਼ੀਲ ਧਿਰਾਂ ਦੇ ਹੱਕ ਵਿੱਚ ਨਿਤਰਨ ਦਾ ਭਰੋਸਾ ਦਵਾਇਆ| ਉਹਨਾਂ ਨੇ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਬੰਦ ਦੇ ਸੱਦੇ ਦੀ ਭਰਵੀਂ ਹਮਾਇਤ ਕਰਦਿਆਂ ਅੰਮ੍ਰਿਤਸਰ ਵਾਸੀਆਂ ਨੂੰ ਬੰਦ ਨੂੰ ਕਾਮਯਾਬ ਕਰਨ ਲਈ ਵੱਧ-ਚੜ੍ਹਕੇ ਸਹਿਯੋਗ ਕਰਨ ਦੀ ਅਪੀਲ ਕੀਤੀ| ਇਸ ਮੌਕੇ ਉਹਨਾਂ ਨੇ ਭੁਪਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ (ਪਟਿਆਲਾ) ਨੂੰ ਜਥੇਬੰਦੀ ਦਾ ਮੀਡੀਆ ਅਡਵਾਇਜ਼ਰ ਨਿਯੁਕਤ ਕੀਤਾ| ਇਸ ਮੀਟਿੰਗ ਵਿੱਚ ਸ਼ਾਮਲ ਫੈਡਰੇਸ਼ਨ ਦੇ ਸੁਪਰੀਮ ਕੌਂਸਲ ਮੈਂਬਰ ਸ: ਗੁਰਮੁੱਖ ਸਿੰਘ ਸੰਧੂ, ਸ:ਜਗਰੂਪ ਸਿੰਘ ਚੀਮਾ, ਡਾ. ਕਾਰਜ ਸਿੰਘ ਧਰਮਸਿੰਘਵਾਲਾ, ਸ: ਚਰਨਜੀਤ ਸਿੰਘ ਸੰਧੂ, ਸ: ਪਰਮਿੰਂਦਰ ਸਿੰਘ ਢੀਂਗਰਾ, ਸ: ਬਲਵੀਰ ਸਿੰਘ ਫੁਗਲਾਣਾ, ਸ: ਜਸਬੀਰ ਸਿੰਘ ਮੁਹਾਲੀ, ਸ: ਸੁਖਵਿੰਦਰ ਸਿੰਘ ਦੀਨਾਨਗਰ ਅਤੇ ਸ:ਪਰਮਜੀਤ ਸਿੰਘ ਤੰਨੇਲ ਆਦਿ ਸ਼ਾਮਲ ਸਨ|

Leave a Reply

Your email address will not be published. Required fields are marked *