ਪ੍ਰਧਾਨ ਮੰਤਰੀ ਮੋਦੀ ਦੀ ਚੀਨ ਯਾਤਰਾ ਦੀ ਮਹੱਤਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਯਾਤਰਾ ਤੇ ਪੂਰੀ ਦੁਨੀਆ ਦੀ ਨਜ਼ਰ ਹੈ| ਦੋਵਾਂ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਨੇ ਗੈਰ ਰਸਮੀ ਰੂਪ ਨਾਲ ਮਿਲਣ ਦਾ ਫੈਸਲਾ ਕਰਕੇ ਤਮਾਮ ਕੂਟਨੀਤਿਕ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ ਹੈ| ਡੋਕਲਾਮ ਮਾਮਲੇ ਨੂੰ ਠੰਡਾ ਪਏ ਹੁਣੇ ਜ਼ਿਆਦਾ ਦਿਨ ਨਹੀਂ ਹੋਏ ਹਨ| ਭਾਰਤ, ਚੀਨ ਅਤੇ ਭੂਟਾਨ ਦੀ ਇਸ ਸੀਮਾਵਰਤੀ ਜਗ੍ਹਾ ਤੇ ਕਰੀਬ 70 ਦਿਨਾਂ ਤੱਕ ਚੱਲਿਆ ਟਕਰਾਓ ਪਿਛਲੇ ਸਾਲ ਅਗਸਤ ਵਿੱਚ ਖਤਮ ਹੋਇਆ ਸੀ| ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੋਈ ਵਿਵਾਦ ਤਾਂ ਨਹੀਂ ਹੋਇਆ ਪਰੰਤੂ ਇੱਕ ਤਨਾਓ ਜਿਹਾ ਬਣਿਆ ਹੀ ਰਹਿ ਗਿਆ| ਦੋਵਾਂ ਨੇ ਹੀ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਕਿ ਸੰਬੰਧ ਸੁਧਾਰਣ ਲਈ ਉਸ ਦੇ ਵੱਲੋਂ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ|
ਪਰੰਤੂ ਹੁਣ ਮੋਦੀ ਅਤੇ ਸ਼ੀ ਚਿਨ ਫਿੰਗ ਦੀ 27 – 28 ਅਪ੍ਰੈਲ ਨੂੰ ਹੋਣ ਵਾਲੀ ਗੈਰ ਰਸਮੀ ਮੁਲਾਕਾਤ ਨਾਲ ਸਾਫ਼ ਹੋ ਗਿਆ ਹੈ ਕਿ ਦੋਵਾਂ ਨੇ ਰਿਸ਼ਤਿਆਂ ਨੂੰ ਦੁਬਾਰਾ ਪਟਰੀ ਉਤੇ ਲਿਆਉਣ ਦਾ ਫੈਸਲਾ ਕੀਤਾ ਹੈ| ਇਹ ਦੋਵਾਂ ਦੇਸ਼ਾਂ ਦੀ ਨਿਪੁੰਨ ਡਿਪਲੋਮੇਸੀ ਦਾ ਸੂਚਕ ਹੈ| ਦੋਵਾਂ ਨੇ ਵਕਤ ਦੀ ਨਜਾਕਤ ਸਮਝ ਲਈ ਹੈ ਅਤੇ ਉਸਦੇ ਮੁਤਾਬਕ ਚਲਣ ਦਾ ਫੈਸਲਾ ਕੀਤਾ ਹੈ| ਇਸ ਮੁਲਾਕਾਤ ਨਾਲ ਨਾ ਸਿਰਫ ਦੋਪੱਖੀ ਸਬੰਧਾਂ ਦੀ ਦਿਸ਼ਾ ਬਦਲ ਸਕਦੀ ਹੈ ਬਲਕਿ ਸੰਸਾਰਿਕ ਸਮੀਕਰਣ ਵਿੱਚ ਵੀ ਬਦਲਾਓ ਆ ਸਕਦਾ ਹੈ| ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੁਰੱਖਿਆਵਾਦੀ ਰਵਈਏ ਤੋਂ ਬਾਅਦ ਵਿਸ਼ਵ ਵਪਾਰ ਦਾ ਦ੍ਰਿਸ਼ ਬਦਲ ਗਿਆ ਹੈ| ਖੇਤਰੀ ਕਾਰੋਬਾਰੀ ਸਮੀਕਰਣਾਂ ਦਾ ਮਹੱਤਵ ਵਧਣ ਵਾਲਾ ਹੈ| ਚੀਨ ਨੇ ਪਹਿਲਾਂ ਹੀ ਇਸਦਾ ਅੰਦਾਜਾ ਲਗਾ ਕੇ ਆਪਣੀ ਨਿਰਯਾਤ ਆਧਾਰਿਤ ਅਰਥ ਵਿਵਸਥਾ ਨੂੰ ਉਪਭੋਗ ਆਧਾਰਿਤ ਬਣਾਉਣ ਵੱਲ ਕਦਮ ਵਧਾ ਦਿੱਤੇ ਹਨ| ਹੁਣੇ ਅਮਰੀਕਾ ਨਾਲ ਉਸਦਾ ਵਪਾਰ ਯੁੱਧ ਸ਼ੁਰੂ ਹੋ ਜਾਣ ਤੋਂ ਬਾਅਦ ਭਾਰਤ ਦੇ ਵਿਸ਼ਾਲ ਬਾਜ਼ਾਰ ਦੀ ਉਸਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ| ਫਿਰ, ਚੀਨ ਆਪਣੇ ਵਪਾਰਕ ਤੰਤਰ ਨੂੰ ਮੱਧ ਏਸ਼ੀਆ ਤੱਕ ਵਧਾਉਣਾ ਚਾਹੁੰਦਾ ਹੈ | ਇਸਦੇ ਲਈ ਵੀ ਭਾਰਤ ਦਾ ਸਹਿਯੋਗ ਅਹਿਮ ਹੈ| ਦੂਜੇ ਪਾਸੇ ਅਮਰੀਕੀ ਸੁਰੱਖਿਆਵਾਦੀ ਨੀਤੀ ਭਾਰਤੀ ਅਰਥਤੰਤਰ ਲਈ ਵੀ ਨੁਕਸਾਨਦੇਹ ਸਾਬਤ ਹੋ ਰਹੀ ਹੈ| ਅਮਰੀਕਾ ਦੀ ਸਖ਼ਤ ਵੀਜਾ ਪਾਲਿਸੀ ਨੇ ਭਾਰਤੀ ਪ੍ਰਫੈਸ਼ਨਲਸ ਲਈ ਉਥੇ ਜਾਣਾ ਅਤੇ ਕੰਮ ਕਰਨਾ ਔਖਾ ਬਣਾ ਦਿੱਤਾ ਹੈ | ਭਾਰਤੀ ਪੇਸ਼ੇਵਰਾਂ ਨੂੰ ਵੀ ਚੀਨ ਵਰਗੇ ਨਵੇਂ ਇਲਾਕਿਆਂ ਵੱਲ ਧਿਆਨ ਦੇਣਾ ਪਵੇਗਾ| ਅਜਿਹੇ ਵਿੱਚ ਚੀਨ ਦੇ ਨਾਲ ਆਪਸੀ ਸਹਿਯੋਗ ਵਧਾਉਣਾ ਸਾਡੇ ਲਈ ਵੀ ਫਾਇਦੇ ਦਾ ਸੌਦਾ ਸਾਬਤ ਹੋਵੇਗਾ| 1988 ਵਿੱਚ ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਚੀਨ ਦੇ ਉਸ ਸਮੇਂ ਦੇ ਵਿਚਾਰ ਪ੍ਰਮੁੱਖ ਤੰਗ ਸ਼ਿਆਓਫਿੰਗ ਦੇ ਵਿਚਾਲੇ ਇਸੇ ਤਰ੍ਹਾਂ ਗੈਰ ਰਸਮੀ ਗੱਲ ਬਾਤ ਹੋਈ ਸੀ, ਉਦੋਂ ਤੰਗ ਨੇ ਰਾਜੀਵ ਗਾਂਧੀ ਨੂੰ ਕਿਹਾ ਸੀ ਕਿ ਅਸੀਂ ਸੀਮਾ ਵਿਵਾਦ ਨੂੰ ਛੱਡ ਕੇ ਵਪਾਰ ਉਤੇ ਧਿਆਨ ਕੇਂਦਰਿਤ ਕਰੀਏ| ਇਸ ਤਰ੍ਹਾਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਸੀ| ਸੰਭਵ ਹੈ, ਸ਼ੀ ਚਿਨ ਫਿੰਗ ਉਸੇ ਪ੍ਰਕ੍ਰਿਆ ਨੂੰ ਅੱਗੇ ਵਧਾਉਣਾ ਚਾਹੁੰਦੇ ਹੋਣ| ਉਨ੍ਹਾਂ ਨੂੰ ਵੀ ਅਹਿਸਾਸ ਹੋਵੇਗਾ ਕਿ ਦੋਵਾਂ ਮੁਲਕਾਂ ਦੇ ਵਿਚਾਲੇ ਅੱਧੀ ਸਦੀ ਤੋਂ ਚਲੇ ਆ ਰਹੇ ਵਿਵਾਦ ਰਾਤੋਂਰਾਤ ਨਹੀਂ ਸੁਲਝਣ ਵਾਲੇ| ਉਹ ਸਮੇਂ ਦੇ ਨਾਲ ਸੁਲਝਣਗੇ, ਪਰੰਤੂ ਹੁਣ ਜ਼ਿਆਦਾ ਜ਼ਰੂਰਤ ਕਾਰੋਬਾਰੀ ਸਹਿਯੋਗ ਵਧਾਉਣ ਦੀ ਹੈ, ਤਾਂਕਿ ਏਸ਼ੀਆ ਦੇ ਦੋਵੇਂ ਤਾਕਤਵਰ ਦੇਸ਼ ਸ਼ਾਂਤੀ ਅਤੇ ਖੁਸ਼ਹਾਲੀ ਵੱਲ ਵੱਧ ਸਕਣ| ਪ੍ਰਵੀਨ ਕੁਮਾਰ

Leave a Reply

Your email address will not be published. Required fields are marked *