ਪ੍ਰਧਾਨ ਮੰਤਰੀ ਮੋਦੀ ਦੇ ਯਤਨਾਂ ਨਾਲ ਸਰਲ  ਹੋ ਸਕਦੀ ਹੈ ਅਮਰੀਕੀ ਵੀਜ਼ਾ ਪ੍ਰਣਾਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ  ਐਚ 1 – ਬੀ ਮੁੱਦੇ ਤੇ ‘ਸਹੀ, ਸੰਤੁਲਿਤ ਅਤੇ ਦੂਰਦਰਸ਼ੀ ਨਜਰੀਆ ਅਪਣਾਉਣ  ਲਈ ਕਿਹਾ ਹੈ| ਉਨ੍ਹਾਂ ਨੇ  ਭਾਰਤ ਆਏ ਅਮਰੀਕੀ ਕਾਂਗਰਸ ਦੇ ਮੈਬਰਾਂ ਨਾਲ ਗੱਲਬਾਤ ਦੇ ਦੌਰਾਨ ਇਹ ਮੁੱਦਾ ਚੁੱਕਿਆ ਅਤੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਸਮਝਾ ਦਿੱਤਾ ਕਿ ਭਾਰਤੀ ਮਾਹਿਰਾਂ  ਉੱਤੇ ਰੋਕ  ਨਾਲ ਦੋਵਾਂ ਮੁਲਕਾਂ ਨੂੰ ਨੁਕਸਾਨ ਹੋ ਸਕਦਾ ਹੈ, ਇਸ ਲਈ ਐੇਚ1- ਬੀ ਵੀਜਾ ਪ੍ਰੋਗਰਾਮ ਦੀਆਂ ਸ਼ਰਤਾਂ ਨੂੰ ਸਖ਼ਤ ਨਾਂ ਬਣਾਇਆ ਜਾਵੇ|
ਦਰਅਸਲ ਟਰੰਪ ਦੇ ਚੁਣਾਵੀ ਭਾਸ਼ਣਾਂ ਵਿੱਚ ਕਈ ਮਸਲਿਆਂ ਤੇ ਉਨ੍ਹਾਂ ਦਾ ਬੇਹੱਦ ਸਖ਼ਤ ਰਵੱਈਆ ਦਿਖਾਈ ਦਿੰਦਾ ਸੀ, ਪਰ ਸੱਤਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਕਈ ਮੁੱਿਦਆਂ ਉੱਤੇ ਲਚਕੀਲਾ ਰੁਖ਼ ਵੀ ਅਪਨਾਇਆ ਹੈ| ਇਸ ਨਾਲ ਸਪਸ਼ਟ ਹੁੰਦਾ ਹੈ ਕਿ ਆਪਣੇ ਕੰਮ ਕਾਜ ਵਿੱਚ ਉਹ ਵਿਵਹਾਰਿਕਤਾ ਦੇ ਕਾਇਲ ਹਨ| ਜਿਵੇਂ, ਪਹਿਲਾਂ ਉਨ੍ਹਾਂ ਨੇ ਨਾਟੋ ਨੂੰ ਅਮਰੀਕਾ ਲਈ ਗੈਰਉਪਯੋਗੀ ਦੱਸਿਆ ਸੀ, ਪਰ ਹੁਣ ਮਈ ਵਿੱਚ ਹੋਣ ਵਾਲੇ ਅਗਲੇ ਨਾਟੋ ਸੰਮੇਲਨ ਵਿੱਚ ਹਿੱਸਾ ਲੈਣ ਲਈ ਉਹ ਸਹਿਮਤ ਹੋ ਗਏ ਹਨ| ਇਸੇ ਤਰਾਂ ਹੀ, ਅਹੁਦਾ ਸੰਭਾਲਣ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਹ ‘ਇੱਕ ਚੀਨ ਦੀ ਨੀਤੀ’ ਦਾ ਅਨੁਸਰਨ ਕਰਣ ਲਈ ਪਾਬੰਦ ਨਹੀਂ ਹਨ| ਉਨ੍ਹਾਂ ਨੇ ਤਾਇਵਾਨ ਦੇ ਰਾਸ਼ਟਰਪਤੀ ਨਾਲ ਸਿੱਧੀ ਫੋਨ ਤੇ ਗੱਲ ਕਰਕੇ ਪ੍ਰੋਟੋਕਾਲ ਤੋੜਿਆ ਸੀ, ਪਰ ਅਹੁਦਾ  ਸੰਭਾਲਦੇ ਹੀ ਉਨ੍ਹਾਂ ਨੇ  ਵਨ ਚਾਇਨਾ ਪਾਲਿਸੀ ਨੂੰ ਲੈ ਕੇ ਆਪਣੀ  ਵਚਨਬਧਤਾ ਵਿਖਾਈ|
ਟਰੰਪ ਨੇ ਜਿਨ੍ਹਾਂ ਕੁੱਝ ਮੁੱਦਿਆਂ ਨੂੰ ਲੈ ਕੇ ਹਮਲਾਵਰ ਰੁੱਖ ਵਿਖਾਇਆ ਹੈ, ਉਸਦਾ ਹਾਂ ਪੱਖੀ ਅਸਰ ਹੀ ਹੋਇਆ ਹੈ| ਗੁਆਂਢੀ ਪਾਕਿਸਤਾਨ ਨੂੰ ਹੀ ਲੈ ਲਓ| ਟਰੰਪ ਦੇ ਦਬਾਅ ਵਿੱਚ ਆ ਕੇ ਪਾਕਿਸਤਾਨ ਨੇ ਜਮਾਤ-ਉਦ-ਦਾਅਵਾ ਦੇ ਪ੍ਰਮੁੱਖ ਹਾਫਿਜ ਸਈਦ ਨੂੰ ਅੱਤਵਾਦੀਆਂ ਦੀ ਸੂਚੀ ਵਿੱਚ ਪਾ ਦਿੱਤਾ| ਹੋ ਸਕਦਾ ਹੈ, ਮੈਕਸਿਕੋ ਜਾਂ ਇਸ ਤਰ੍ਹਾਂ ਦੇ ਕੁੱਝ ਹੋਰ ਮਾਮਲਿਆਂ ਨੂੰ ਲੈ ਕੇ ਉਨ੍ਹਾਂ ਦੀ ਵੱਖਰੀ ਸੋਚ ਹੋਵੇ , ਇਸ  ਤਰ੍ਹਾਂ  ਜਿਆਦਾਤਰ ਸੰਸਾਰਿਕ ਮਸਲਿਆਂ ਤੇ ਟਰੰਪ ਅਜਿਹਾ ਕੋਈ ਕਦਮ ਨਹੀਂ  ਚੁੱਕਣਗੇ, ਜਿਸਦੇ ਨਾਲ ਅਮਰੀਕਾ ਦਾ ਕੋਈ ਹਿੱਤ ਪ੍ਰਭਾਵਿਤ ਹੁੰਦਾ ਹੋਵੇ| ਜਾਣਕਾਰਾਂ ਦਾ ਮੰਨਣਾ ਹੈ ਕਿ ਚੋਣ ਜਿੱਤਣ ਲਈ ਭਲੇ ਹੀ ਟਰੰਪ ਨੇ ਐੇਚ – 1 ਬੀ ਦੇ ਮੁੱਦੇ ਨੂੰ ਜੋਰ – ਸ਼ੋਰ  ਨਾਲ ਚੁੱਕਿਆ ਹੋਵੇ, ਪਰ ਆਪਣੀ ਹੁਣ ਤੱਕ ਦੀ ਜਿੰਦਗੀ ਇੱਕ ਸਫਲ  ਪੇਸ਼ੇਵਰ ਦੇ ਰੂਪ ਵਿੱਚ ਗੁਜਾਰ ਚੁੱਕੇ ਟਰੰਪ ਇਸ ਮੁੱਦੇ ਦੀ ਗੰਭੀਰਤਾ ਨੂੰ ਸੱਮਝਦੇ ਹਨ|
ਇਹੀ ਕਾਰਨ ਹੈ ਕਿ ਆਪਣੇ ਪ੍ਰਸ਼ਾਸਨ ਦੇ ਦਬਾਅ ਦੇ ਬਾਅਦ ਵੀ ਉਹ ਵਿਚਕਾਰਲਾ ਰਸਤਾ ਅਪਨਾਉਣ ਤੇ ਜ਼ੋਰ ਦੇ ਰਹੇ ਹਨ| ਅਮਰੀਕੀ ਮੀਡੀਆ ਦੇ ਅਨੁਸਾਰ ਦੁਨੀਆ ਦੇ ਸ਼ਕਤੀ ਸਮੀਕਰਣ ਵਿੱਚ ਉਹ ਅਮਰੀਕਾ ਲਈ ਭਾਰਤ ਦੀ ਉਪਯੋਗਿਤਾ ਨੂੰ ਬਖੂਬੀ ਸਮਝਦੇ ਹਨ, ਲਿਹਾਜਾ ਵੀਜਾ ਮਾਮਲੇ ਵਿੱਚ ਜਲਦਬਾਜੀ ਵਿੱਚ ਕੋਈ ਫੈਸਲਾ ਲੈ ਕੇ ਏਸ਼ੀਆ ਦੇ ਆਪਣੇ ਇਸ ਮਹੱਤਵਪੂਰਣ ਸਾਥੀ ਨਾਲ ਸੰਬੰਧ ਨਹੀਂ ਵਿਗਾੜਨਾ ਚਾਹੁੰਦੇ| ਪਿਛਲੇ ਹਫਤੇ ਵਾਈਟ ਹਾਉਸ ਦੇ ਸੀਨੀਅਰ ਨੀਤੀ ਸਲਾਹਕਾਰ ਸਟੀਫਨ ਮਿਲਰ ਨੇ ਵੀ ਸੰਕੇਤ ਦਿੱਤੇ ਕਿ ਡੋਨਾਲਡ ਟਰੰਪ ਐੇਚ 1 – ਬੀ ਵੀਜਾ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੇ ਪੱਖ ਵਿੱਚ ਨਹੀਂ ਹਨ ਅਤੇ ਚਾਹੁੰਦੇ ਹਨ ਕਿ ਇਹ ਵੀਜਾ, ਯੋਗਤਾ ਦੇ ਆਧਾਰ ਤੇ ਹੀ ਵਿਦੇਸ਼ੀਆਂ ਨੂੰ ਦਿੱਤਾ ਜਾਵੇ|
ਸਮੇਂ  ਦਾ ਇੰਤਜਾਰ ਕਰੋ ਜਲਦੀ ਹੀ ਟਰੰਪ ਭਾਰਤੀ ਨਾਗਰਿਕਾਂ ਬਾਰੇ ਉਚਿਤ ਕਦਮ ਚੁੱਕਣਗੇ, ਪਹਿਲਾਂ ਦੁਨੀਆਂ ਦੇ ਜਿਹਾਦੀ ਅੱਤਵਾਦੀਆਂ  ਨੂੰ ਟਰੰਪ ਵਲੋਂ ਮੁਕੰਮਲ ਤੌਰ ਤੇ  ਖਤਮ ਕਰਨ ਦਿਓ , ਭਾਰਤ ਨੂੰ ਤਾਂ ਟਰੰਪ ਦਾ ਸਾਥ  ਦੇਣਾ ਚਾਹੀਦਾ ਹੈ |  ਅੱਤਵਾਦ ਦੇ ਮਾਮਲੇ ਵਿਚ ਕਿਉਂਕਿ ਅੱਤਵਾਦੀਆਂ ਨੇ  ਅੱਜ ਸਭ ਤੋਂ ਜਿਆਦਾ ਸ਼ਰਮਨਾਕ ਅਤੇ ਬੁਰੀ ਹਾਲਤ ਭਾਰਤ ਦੀ ਹੀ ਕਰ ਰੱਖੀ ਹੈ|
ਬਹਿਰਹਾਲ, ਇਹਨਾਂ  ਪਹਿਲੂਆਂ ਨੂੰ ਭਾਂਪ ਕੇ ਹੀ ਪ੍ਰਧਾਨਮੰਤਰੀ ਮੋਦੀ ਨੇ ਟਰੰਪ ਨੂੰ ਇਹ ਯਾਦ ਦਿਵਾਇਆ ਹੈ ਕਿ ਭਾਰਤੀ ਮਾਹਿਰ ਅਮਰੀਕਾ ਲਈ ਕਿੰਨੇ ਲਾਭਦਾਇਕ ਹਨ| ਉਮੀਦ ਕੀਤੀ ਜਾਣੀ ਚਾਹੀਦੀ  ਹੈ ਕਿ ਇਸ ਮੁੱਦੇ ਤੇ ਕੋਈ ਨਾ ਕੋਈ ਅਜਿਹਾ ਰਸਤਾ ਨਿਕਲ ਆਵੇਗਾ, ਜੋ ਭਾਰਤ ਅਤੇ ਅਮਰੀਕਾ, ਦੋਵਾਂ ਲਈ ਲਾਭਦਾਇਕ  ਹੋਵੇਗਾ|
ਇਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਮਰੀਕਾ ਵਿਚ ਬਹੁਤ ਸਾਰੇ ਭਾਰਤੀ ਰਹਿੰਦੇ ਹਨ, ਜਿਹਨਾਂ ਵਿਚੋਂ ਵੱਡੀ ਗਿਣਤੀ ਭਾਰਤੀ ਵੱਖ ਵੱਖ ਖੇਤਰਾਂ ਦੇ ਮਾਹਿਰ ਹਨ| ਇਸ ਤੋਂ ਇਲਾਵਾ ਅੱਜ ਵੀ ਭਾਰਤ ਵਿਚ ਡਿਗਰੀਆਂ ਕਰ ਰਹੇ ਵੱਡੀ ਗਿਣਤੀ ਭਾਰਤੀ ਵਿਦਿਆਰਥੀ ਆਪਣੀ ਪੜਾਈ ਪੂਰੀ ਕਰਕੇ ਅਮਰੀਕਾ ਜਾਣ ਨੂੰ ਹੀ ਤਰਜੀਹ ਦਿੰਦੇ ਹਨ ਤਾਂ ਕਿ ਆਪਣੀ ਜਿੰਦਗੀ ਨੂੰ ਸੁਧਾਰ ਸਕਣ|
ਰਣਜੀਤ ਪਾਲ

Leave a Reply

Your email address will not be published. Required fields are marked *