ਪ੍ਰਧਾਨ ਮੰਤਰੀ ਯੋਜਨਾ ਤਹਿਤ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਭਲਕੇ ਵੰਡਣਗੇ ਮੁਫ਼ਤ ਗੈਸ ਕੁਨੈਕਸ਼ਨ

ਐਸ.ਏ.ਐਸ. ਨਗਰ, 19 ਅਪ੍ਰੈਲ (ਸ.ਬ.) ਕੇਂਦਰ ਸਰਕਾਰ ਦੇ ਗ੍ਰਾਮ ਸਵਰਾਜ ਅਭਿਆਨ ਤਹਿਤ ਮਨਾਏ ਜਾ ਰਹੇ ਉਜਵਲਾ ਦਿਵਸ ਮੌਕੇ ਦੇਸ਼ ਭਰ ਵਿੱਚ 15 ਹਜ਼ਾਰ ਥਾਵਾਂ ਤੇ ਪ੍ਰਧਾਨ ਮੰਤਰੀ ਐਲ.ਪੀ.ਜੀ. ਪੰਚਾਇਤ ਦਾ ਆਯੋਜਨ 20 ਅਪ੍ਰੈਲ ਨੂੰ ਕੀਤਾ ਜਾ ਰਿਹਾ ਹੈ| ਇਸ ਪ੍ਰੋਗਰਾਮ ਵਿੱਚ ਉਨ੍ਹਾਂ ਲੋਕਾਂ ਨੂੰ ਗੈਸ ਕੁਨੈਕਸ਼ਨ ਬਿਲਕੁਲ ਮੁਫ਼ਤ ਵੰਡੇ ਜਾਣਗੇ ਜਿਨ੍ਹਾਂ ਨੇ ਇਹ ਮੁਫ਼ਤ ਕੁਨੈਕਸ਼ਨ ਲੈਣ ਲਈ ਪਹਿਲਾਂ ਤੋਂ ਆਨਲਾਈਨ ਅਪਲਾਈ ਕਰ ਦਿੱਤਾ ਹੋਇਆ ਸੀ ਅਤੇ ਉਨ੍ਹਾਂ ਵਿਚੋਂ ਜਿਨ੍ਹਾਂ ਦੇ ਕੁਨੈਕਸ਼ਨ ਪਾਸ ਹੋ ਚੁੱਕੇ ਹਨ| ਮੁਹਾਲੀ ਸ਼ਹਿਰ ਵਿਖੇ ਇਕਬਾਲ ਗੈਸ ਏਜੰਸੀ ਵੱਲੋਂ ਇਹ ਐਲ.ਪੀ.ਜੀ. ਪੰਚਾਇਤ ਕੈਂਪਾਂ ਦੋ ਵੱਖ ਥਾਵਾਂ ਪਿੰਡ ਬਲੌਂਗੀ ਅਤੇ ਸੈਕਟਰ 68 ਵਿਖੇ ਸਿਲਵੀ ਪਾਰਕ ਦੇ ਨਜ਼ਦੀਕ ਲਗਾਏ ਜਾ ਰਹੇ ਹਨ|
ਉਕਤ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਇਕਬਾਲ ਗੈਸ ਏਜੰਸੀ ਦੇ ਪ੍ਰਬੰਧਕ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਏਜੰਸੀ ਵੱਲੋਂ ਭਲਕੇ 20 ਅਪ੍ਰੈਲ ਨੂੰ ਸਵੇਰੇ 11 ਵਜੇ ਪਿੰਡ ਬਲੌਂਗੀ ਵਿਖੇ ਗੈਸ ਕੁਨੈਕਸ਼ਨ ਵੰਡੇ ਜਾਣਗੇ| ਬਲੌਂਗੀ ਦੇ ਦੁਸਹਿਰਾ ਗਰਾਉਂਡ ਦੇ ਨਜ਼ਦੀਕ ਕੀਤੇ ਲਗਾਏ ਜਾਣ ਵਾਲੇ ਕੈਂਪ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ| ਇਸੇ ਦੌਰਾਨ ਬਾਅਦ ਦੁਪਹਿਰ 3 ਵਜੇ ਸੈਕਟਰ 68 ਮੁਹਾਲੀ ਦੇ ਸਿਲਵੀ ਪਾਰਕ ਨਜ਼ਦੀਕ ਲਗਾਏ ਜਾਣ ਵਾਲੇ ਕੈਂਪ ਵਿਚ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਗੈਸ ਕੁਨੈਕਸ਼ਨ ਵੰਡਣ ਦੀ ਰਸਮ ਅਦਾ ਕੀਤੀ ਜਾਵੇਗੀ| ਸ੍ਰ. ਸੰਧੂ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਦੇ ਉਕਤ ਪ੍ਰੋਗਰਾਮ ਤਹਿਤ ਆਨਲਾਈਨ ਅਪਲਾਈ ਕਰਨ ਵਾਲੇ ਲੋਕਾਂ ਹੀ ਕੁਨੈਕਸ਼ਨ ਦਿੱਤੇ ਜਾਣਗੇ ਅਤੇ ਸਿਰਫ਼ ਗੈਸ ਦੇ ਪੈਸੇ ਹੀ ਲਏ ਜਾਣਗੇ|

Leave a Reply

Your email address will not be published. Required fields are marked *