ਪ੍ਰਸ਼ਾਸਨ ਦੀਆਂ ਹਿਦਾਇਤਾਂ ਦੀਆਂ ਧੱਜੀਆਂ ਉੜਾ ਰਹੇ ਹਨ ਦੁਕਾਨਦਾਰ

ਖਰੜ, 27 ਮਈ (ਸ਼ਮਿੰਦਰ ਸਿੰਘ) ਕੋਰੋਨਾ ਵਾਇਰਸ ਤੋਂ ਬਚਾਅ ਲਈ ਪ੍ਰਸ਼ਾਸਨ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਨੂੰ ਸ਼ਹਿਰ ਦੇ ਵੱਖ ਵੱਖ ਖੇਤਰਾਂ ਦੇ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਵਲੋਂ ਪੂਰੀ ਤਰ੍ਹਾਂ ਅਣਦੇਖਾ ਕੀਤਾ ਜਾ ਰਿਹਾ ਹੈ| 
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲੱਗੇ ਲਾਕ ਡਾਊਨ ਵਿੱਚ ਦੁਕਾਨਦਾਰਾਂ ਨੂੰ ਰਾਹਤ ਦੇਣ ਲਈ ਪ੍ਰਸ਼ਾਸਨ ਵਲੋਂ ਦੁਕਾਨਾਂ ਨੂੰ ਖੋਲਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤਾ ਗਿਆ ਹੈ  ਪਰੰਤੂ ਖਰੜ ਦੀ ਛੱਜੂ ਮਾਜਰਾ ਰੋਡ, ਐਲ. ਆਈ. ਸੀ. ਕਾਲੋਨੀ ਅਤੇ ਗਿਲਕੋ ਵੈਲੀ ਵਿੱਚ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਵਲੋਂ  ਪ੍ਰਸ਼ਾਸਨ ਦੀਆਂ ਹਿਦਾਇਤਾਂ ਦੀਆਂ ਧੱਜੀਆਂ ਉੜਾਈਆਂ ਜਾ ਰਹੀਆਂ ਹਨ| 
ਇਸ ਦੌਰਾਨ ਜਿਆਦਾਤਰ ਵਿਅਕਤੀ ਪ੍ਰਸ਼ਾਸ਼ਨ ਦੀਆਂ ਹਿਦਾਇਤਾਂ ਅਨੁਸਾਰ ਸ਼ਾਮ 6 ਵਜੇ ਦੁਕਾਨਾਂ ਬੰਦ ਕਰਨ ਦੀ ਬਜਾਏ ਦੇਰ ਰਾਤ (9-10 ਵਜੇ) ਤੱਕ ਦੁਕਾਨਾਂ ਖੋਲ੍ਹ ਕੇ ਰੱਖਦੇ ਹਨ ਅਤੇ ਇਹਨਾਂ ਦੁਕਾਨਾਂ ਵਿੱਚ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ| ਇਹਨਾਂ ਦੁਕਾਨਾਂ ਵਿੱਚ ਨਾ ਤਾਂ ਮਾਸਕ ਦੀ ਵਰਤੋਂ ਕੀਤੀ ਜਾ ਰਹੀ ਹੁੰਦੀ ਹੈ ਅਤੇ ਨਾ ਹੀ ਕਿਸੇ ਗ੍ਰਾਹਕ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਂਦਾ ਹੈ|
ਛੁਜੂ ਮਾਜਰਾ ਚੌਂਕ ਤੇ ਗੁਰਦੁਆਰਾ ਸਾਹਿਬ ਦੇ ਸਾਮ੍ਹਣੇ ਵਾਲੀ ਸੜਕ ਤੇ ਦਿਨ ਢਲਦਿਆਂ ਹੀ ਸਬਜ਼ੀਆਂ-ਫਲਾਂ ਅਤੇ ਦੂਜੇ ਪਾਸੇ ਮੱਛੀ ਵੇਚਣ ਵਾਲਿਆਂ ਵਲੋਂ ਸੜਕ ਕਿਨਾਰੇ ਦੀ ਥਾਂ ਤੇ ਆਪਣੀਆਂ ਫੜੀਆਂ ਲਗਾ ਲਈਆਂ ਜਾਂਦੀਆਂ ਹਨ ਅਤੇ ਉੱਥੇ ਹਰ ਵੇਲੇ ਜਾਮ ਲਗਣ ਦੀ ਨੌਬਤ ਬਣੀ ਰਹਿੰਦੀ ਹੈ| ਇੱਥੇ ਵੀ ਦੁਕਾਨਦਾਰਾਂ ਵਲੋਂ ਦੇਰ ਰਾਤ ਤੱਕ ਬਿਨਾ ਮਾਸਕ ਲਗਾਏ ਅਤੇ ਦਸਤਾਨੇ ਪਾਏ ਹੀ ਸਾਮਾਨ ਵੇਚਿਆ ਜਾਂਦਾ ਹੈ|
ਇਸ ਸੰਬਧੀ ਸਪੰਰਕ ਕਰਨ ਤੇ  ਐਸ.ਡੀ.ਐਮ. ਖਰੜ ਸ੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਉਹ ਖੁਦ ਜਾ ਕੇ ਇਨ੍ਹਾਂ ਇਲਾਕਿਆਂ ਦੀ ਚੈਕਿੰਗ ਕਰਨਗੇ ਅਤੇ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸਤੇ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *