ਪ੍ਰਸਾਰ ਅਫਸਰਾਂ ਦੇ ਮਸਲੇ ਹੱਲ ਕਰਨ ਦੀ ਮੰਗ

ਐਸ ਏ ਐਸ ਨਗਰ, 24 ਜੁਲਾਈ (ਸ.ਬ.) ਪੰਜਾਬ ਰਾਜ ਦੇ ਉਦਯੋਗ ਵਿਭਾਗ ਦੇ ਬਲਾਕ ਪੱਧਰੀ ਪ੍ਰਸਾਰ ਅਫਸਰਾਂ ਦੀ ਇੱਥੇ ਹੋਈ ਇੱਕ ਮੀਟਿੰਗ (ਜਿਸ ਵਿੱਚ ਪੰਜਾਬ ਭਰ ਤੋਂ ਆਏ ਬਲਾਕ ਪੱਧਰ ਪ੍ਰਸਾਰ ਅਫਸਰਾਂ ਨੇ ਹਿੱਸਾ ਲਿਆ) ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਬਿਆਨ ਦੀ ਸਖਤ ਆਲੋਚਨਾ ਕੀਤੀ ਗਈ ਕਿ ਗੈਰ ਕਾਨੂੰਨੀ ਮਾਈਨਿੰਗ ਦੀ ਸ਼ਿਕਾਇਤ ਪ੍ਰਾਪਤ ਹੋਣ ਤੇ ਏਰੀਆ ਮਾਈਨਿੰਗ ਅਫਸਰ ਅਤੇ ਸਬੰਧਤ ਐਸ ਐਚ ਓ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ| ਮੀਟਿੰਗ ਵਿੱਚ ਸਰਕਾਰ ਦੇ ਮਾਈਨਿੰਗ ਵਿਭਾਗ ਪ੍ਰਤੀ ਸਖਤ ਅਤੇ ਨਾਕਾਰਾਤਮਕ ਰਵਈਏ ਪ੍ਰਤੀ ਰੋਸ ਪ੍ਰਗਟ ਕਰਦਿਆਂ ਐਸੋਸੀਏਸ਼ਨ ਦੇ ਸਰਪ੍ਰਸਤ ਸ਼੍ਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਇਸ ਬਿਆਨ ਨਾਲ ਬਲਾਕ ਪੱਧਰ ਪ੍ਰਸਾਰ ਅਫਸਰਾਂ ਨੂੰ ਬਹੁਤ ਮਾਨਸਿਕ ਪ੍ਰੇਸ਼ਾਨੀ ਹੋ ਰਹੀ ਹੈ| ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਗਜਟ ਨੋਟੀਫਿਕੇਸ਼ਨ ਰਾਹੀਂ ਮਾਈਨਿੰਗ ਐਕਟ ਦੀ ਧਾਰਾ 21 ਅਤੇ 22 ਅਧੀਨ ਪੁਲੀਸ ਕਾਰਵਾਈ ਕਰਨ ਸਬੰਧੀ ਕੁੱਲ 17 ਅਧਿਕਾਰੀਆਂ ਨੂੰ ਸ਼ਕਤੀ ਦਿੱਤੀ ਗਈ ਹੈ| ਇਸ ਨੋਟੀਫਿਕੇਸ਼ਨ ਵਿੱਚ ਬਲਾਕ ਪੱਧਰ ਪ੍ਰਸਾਰ ਅਫਸਰਾਂ ਦਾ ਨੰਬਰ ਸੂਚੀ ਵਿੱਚ ਬਿਲਕੁਲ ਅਖੀਰ ਤੇ ਸ਼ਾਮਲ ਕੀਤਾ ਗਿਆ ਹੈ| ਇਸ ਤੋਂ ਭਾਵ ਇਹ ਹੈ ਕਿ ਪਹਿਲੇ 16 ਅਧਿਕਾਰੀਆਂ ਦੀ ਗੈਰ ਮੌਜੂਦਗੀ ਵਿੱਚ 17 ਵੇਂ ਅਧਿਕਾਰੀ ਵੱਲੋਂ ਪੁਲੀਸ ਕਾਰਵਾਈ ਕਰਨੀ ਬਣਦੀ ਹੈ| ਪ੍ਰੰਤੂ ਵਿਭਾਗ ਵੱਲੋਂ ਹਮੇਸ਼ਾ ਬਲਾਕ ਪੱਧਰ ਪ੍ਰਸਾਰ ਅਫਸਰਾਂ ਨੂੰ ਹੀ ਗੈਰ ਕਾਨੂੰਨੀ ਮਾਈਨਿੰਗ ਦੇ ਕੇਸਾਂ ਵਿੱਚ ਐਫ ਆਈ ਆਰ ਦਰਜ ਕਰਨ ਲਈ ਦਬਾਅ ਬਣਾਇਆ ਜਾਂਦਾ ਹੈ| ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ 6 ਹੋਰ ਵਿਭਾਗਾਂ ਨੂੰ ਵੀ ਗੈਰ ਕਾਨੂੰਨੀ ਮਾਈਨਿੰਗ ਦੀ ਚੈਕਿੰਗ ਲਈ ਜਿੰਮੇਵਾਰ ਬਣਾਇਆ ਹੈ ਪ੍ਰੰਤੂ ਇਹਨਾਂ ਵਿਭਾਗਾਂ ਵੱਲੋਂ ਇਹ ਕਹਿ ਕੇ ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜ ਲਿਆ ਜਾਂਦਾ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣਾ ਕੇਵਲ ਮਾਈਨਿੰਗ ਵਿਭਾਗ ਦਾ ਹੀ ਕੰਮ ਹੈ| ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਬਲਵਿੰਦਰ ਸਿੰਘ ਇਸ ਮੌਕੇ ਕਿਹਾ ਕਿ ਗੈਰ ਕਾਨੂੰਨੀ ਨਿਕਾਸੀ ਦੇ ਮਾਮਲੇ ਵਿੱਚ ਮਾਫੀਆ ਵੱਲੋਂ ਪੂਰੇ ਪੰਜਾਬ ਰਾਜ ਵਿੱਚ ਬਲਾਕ ਪੱਧਰ ਪ੍ਰਸਾਰ ਅਫਸਰਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ ਅਤੇ ਕਈ ਜਗ੍ਹਾ ਤਾਂ ਹਮਲੇ ਵੀ ਕੀਤੇ ਗਏ ਹਨ ਪ੍ਰੰਤੂ ਸਰਕਾਰ ਵੱਲੋਂ ਸੁਰੱਖਿਆ ਦੇਣ ਦੀ ਬਜਾਏ ਮੁਅੱਤਲ ਕਰਨ ਵਰਗੇ ਬਿਆਨ ਜਾਰੀ ਕੀਤੇ ਜਾ ਰਹੇ ਹਨ| ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤਰੰਤ ਮਾਈਨਿੰਗ ਦਾ ਕੰਮ ਉਦਯੋਗ ਵਿਭਾਗ ਪਾਸੋਂ ਵਾਪਸ ਲੈ ਲਵੇ ਕਿਉਂ ਜੋ ਇਹ ਵਾਧੂ ਚਾਰਜ ਦੇ ਤੌਰ ਤੇ ਦਿੱਤਾ ਗਿਆ ਹੈ| ਇਸ ਮੌਕੇ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਰਾਕੇਸ਼ ਪਾਠਕ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਦੇ ਕੇਸਾਂ ਵਿੱਚ ਬਲਾਕ ਪੱਧਰ ਪ੍ਰਸਾਰ ਅਫਸਰਾਂ ਨੂੰ ਇਸੇ ਤਰ੍ਹਾਂ ਦਬਾਉਣਾ ਜਾਰੀ ਰੱਖਿਆ ਤਾਂ ਉਹ ਸੰਘਰਸ਼  ਕਰਨ ਲਈ ਮਜਬੂਰ ਹੋਣਗੇ|
ਮੀਟਿੰਗ ਵਿੱਚ ਬਲਾਕ ਪੱਧਰ ਪ੍ਰਸਾਰ ਅਫਸਰਾਂ ਦੀਆਂ ਹੋਰ ਦਫਤਰੀ ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ| ਪੇ-ਸਕੇਲਾਂ ਅਤੇ ਬੱਝਵੇਂ ਸਫਰੀ ਭੱਤੇ ਵਿੱਚ ਵਾਧਾ ਕਰਨ ਬਾਰੇ ਛੇਵੇਂ ਤਨਖਾਹ ਕਮੀਸ਼ਨ ਨੂੰ ਵੀ ਇੱਕ ਮੰਗ ਪੱਤਰ ਲੈ ਕੇ ਨਿਜੀ ਤੌਰ  ਤੇ ਮਿਲਣ ਬਾਰੇ ਮਤਾ ਪਾਸ ਕੀਤਾ ਗਿਆ| ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ਼੍ਰੀ ਅਮਰਜੀਤ ਰਾਏ ਖੰਨਾ ਅਤੇ ਖਜਾਨਚੀ ਸ਼੍ਰੀ ਹਰਪ੍ਰੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *