ਪ੍ਰਾਈਵੇਟ ਸਕੂਲਾਂ ਵਲੋਂ ਬੱਚਿਆਂ ਦੇ ਮਾਪਿਆਂ ਦੀ ਕੀਤੀ ਜਾਂਦੀ ਆਰਥਿਕ ਲੁੱਟ ਨੂੰ ਰੋਕਿਆ ਜਾਵੇ : ਵਿਨੀਤ ਵਰਮਾ

ਐਸ ਏ ਐਸ ਨਗਰ, 10 ਮਾਰਚ (ਸ.ਬ.) ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਮੰਗ ਕੀਤੀ ਹੈ ਕਿ ਪ੍ਰਾਈਵੇਟ ਸਕੂਲਾਂ ਵਲੋਂ ਹਰ ਸਾਲ ਹੀ ਸਾਲਾਨਾ ਫੀਸਾਂ ਵਿੱਚ ਵਾਧਾ ਕਰਨ ਉਪਰ ਰੋਕ ਲਗਾਈ ਜਾਵੇ|
ਅੱਜ ਇਕ ਬਿਆਨ ਵਿੱਚ ਸ੍ਰੀ ਵਰਮਾ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਿੱਚ ਨਵਾਂ ਸ਼ੈਸਨ 2018-2019 ਸ਼ੁਰੂ ਹੋਣ ਜਾ ਰਿਹਾ ਹੈ | ਇਸ ਵਾਰ ਵੀ ਕਈ ਪ੍ਰਾਈਵੇਟ ਸਕੂਲਾਂ ਵਲੋਂ ਆਪਣੀਆਂ ਸਾਲਾਨਾ ਫੀਸਾਂ ਵਿੱਚ 8 ਫੀਸਦੀ ਤੋਂ ਵਧੇਰੇ ਵਾਧਾ ਕੀਤਾ ਜਾ ਰਿਹਾ ਹੈ| ਜਿਹੜੇ ਬੱਚੇ ਕਈ ਸਾਲਾਂ ਤੋਂ ਇਕ ਹੀ ਸਕੂਲ ਵਿੱਚ ਪੜ੍ਹਦੇ ਹਨ ਉਹਨਾਂ ਤੋਂ ਵੀ ਹਰ ਸਾਲ ਵਾਂਗ ਇਸ ਸਾਲ ਵੀ ਨਵੇਂ ਸਿਰੇ ਤੋਂ ਦਾਖਲਾ ਫੀਸ ਲਈ ਜਾਵੇਗੀ ਜੋ ਕਿ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਚਿਉਸਨ ਐਕਟ 2016 ਦੀ ਸਿੱਧੀ ਉਲੰਘਣਾ ਹੈ ਅਤੇ ਕਾਨੂੰਨੀ ਤੌਰ ਤੇ ਬਿਲਕੁਲ ਗਲਤ ਹੈ|
ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਵਲੋਂ ਕਿਸੇ ਇਕ ਹੀ ਦੁਕਾਨ ਤੋਂ ਕਿਤਾਬਾਂ, ਵਰਦੀਆਂ ਅਤੇ ਬੂਟ ਖਰੀਦਣ ਲਈ ਮਾਪਿਆਂ ਉੱਪਰ ਦਬਾਓ ਪਾਇਆ ਜਾਂਦਾ ਹੈ, ਇਸ ਦੁਕਾਨ ਉੱਪਰ ਬਹੁਤ ਮਹਿੰਗੇ ਭਾਅ ਉੱਪਰ ਇਹ ਸਮਾਨ ਵੇਚਿਆ ਜਾਂਦਾ ਹੈ| ਜਿਸ ਕਾਰਨ ਬੱਚਿਆਂ ਦੇ ਮਾਪਿਆਂ ਉੱਪਰ ਫਾਲਤੂ ਬੋਝ ਪੈਂਦਾ ਹੈ|
ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਵਲੋਂ ਪ੍ਰਾਈਵੇਟ ਪਬਲਿਸ਼ਰਾਂ ਵਲੋਂ ਛਾਪੀਆਂ ਗਈਆਂ ਕਿਤਾਬਾਂ ਨੂੰ ਹੀ ਪੜਾਇਆ ਜਾਂਦਾ ਹੈ, ਇਹ ਕਿਤਾਬਾਂ ਬਹੁਤ ਹੀ ਮਹਿੰਗੇ ਮੁੱਲ ਉੱਪਰ ਮਿਲਦੀਆਂ ਹਨ|
ਉਹਨਾਂ ਕਿਹਾ ਕਿ ਮਾਣਯੋਗ ਹਾਈਕੋਰਟ ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਡੀ ਪੀ ਆਈ ਸਕੂਲਜ ਅਤੇ ਸੀ ਬੀ ਐਸ ਈ ਨੂੰ ਇਹ ਨਿਰਦੇਸ਼ ਦਿੱਤੇ ਸਨ ਕਿ ਸਾਰੇ ਪ੍ਰਾਈੇਵੇਟ ਸਕੂਲਾਂ ਵਿੱਚ ਐਨ ਸੀ ਈ ਆਰ ਟੀ ਦੀਆਂ ਪੁਸਤਕਾਂ ਹੀ ਪੜ੍ਹਾਈਆਂ ਜਾਣ|
ਇਸਦੇ ਬਾਵਜੂਦ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਕਿਤਾਬਾਂ ਨੂੰ ਹੀ ਪੜ੍ਹਾਇਆ ਜਾਂਦਾ ਹੈ| ਉਹਨਾਂ ਕਿਹਾ ਕਿ ਸਿੱਖਿਆ ਦੇ ਅਧਿਕਾਰ ਤਹਿਤ 25 ਫੀਸਦੀ ਲੋੜਵੰਦ ਬੱਚਿਆਂ ਦਾ ਦਾਖਲਾ ਪ੍ਰਾਈਵੇਟ ਸਕੂਲਾਂ ਵਿੱਚ ਕਰਨਾ ਜਰੂਰੀ ਹੈ ਪਰ ਪ੍ਰਾਈੇਵੇਟ ਸਕੂਲਾਂ ਵਿੱਚ ਪਿਛਲੇ ਸੈਸ਼ਨ ਦੌਰਾਨ ਇੱਕ ਵੀ ਬੱਚਾ ਇਸ ਅਧਿਕਾਰ ਤਹਿਤ ਦਾਖਿਲ ਨਹੀਂ ਕੀਤਾ ਗਿਆ| ਜਿਹੜੇ ਲੋੜਵੰਦ ਬਚਿਆਂ ਨੇ ਇਹਨਾਂ ਸਕੂਲਾਂ ਵਿੱਚ ਦਾਖਲਾ ਲੈਣਾ ਹੁੰਦਾ ਹੈ, ਉਹਨਾਂ ਨੂੰ ਡੀ ਈ ਓ ਤੋਂ ਐਨ ਓ ਸੀ ਲੈਣੀ ਪੈਂਦੀ ਹੈ ਜਿਸਦਾ ਬੱਚਿਆਂ ਦੇ ਮਾਪਿਆਂ ਨੂੰ ਪਤਾ ਹੀ ਨਹੀਂ ਹੁੰਦਾ|
ਉਹਨਾਂ ਕਿਹਾ ਕਿ ਜਿਹੜੇ ਸਕੂਲਾਂ ਨੂੰ ਸਸਤੇ ਭਾਅ ਜਮੀਨ ਮਿਲੀ ਹੁੰਦੀ ਹੈ, ਉਹਨਾਂ ਸਕੂਲਾਂ ਵਿੱਚ ਗਰੀਬ ਲੋੜਵੰਦ ਬੱਚਿਆਂ ਨੂੰ ਮੁਫਤ ਪੜਾਉਣ ਸਬੰਧੀ ਆਨਾਕਾਨੀ ਕੀਤੀ ਜਾਂਦੀ ਹੈ|
ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਹਨਾਂ ਮਾਮਲਿਆਂ ਸਬੰਧੀ ਪ੍ਰਾਈਵੇਟ ਸਕੂਲਾਂ ਨੂੰ ਤੁਰੰਤ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ|

Leave a Reply

Your email address will not be published. Required fields are marked *