ਪ੍ਰਾਪਰਟੀ ਟੈਕਸ ਦੇ ਮੁੱਦੇ ਤੇ ਸਥਾਨਕ ਸਰਕਾਰ ਮੰਤਰੀ ਨੂੰ ਮਿਲੇਗੀ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ

ਐਸ ਏ ਐਸ ਨਗਰ, 2 ਜੂਨ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਇੱਕ ਮੀਟਿੰਗ ਸੰਸਥਾ ਦੇ ਪ੍ਰਧਾਨ ਸ੍ਰ. ਤੇਜਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ-ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ| ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਚੇਅਰਮੈਨ ਸ੍ਰ. ਹਰਜਿੰਦਰ ਸਿੰਘ ਧਵਨ  ਨੇ ਕਿਹਾ ਕਿ ਪੰਜਾਬ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਭਾਵੇਂ ਨਿਵੇਸ਼ਕਾਂ ਵਿੱਚ ਹਾਂ ਪੱਖੀ ਮਾਹੌਲ ਪੈਦਾ ਹੋਇਆ ਹੈ ਪਰੰਤੂ ਪ੍ਰਾਪਰਟੀ ਬਾਜਾਰ ਨੂੰ ਪੈਰਾਂ ਸਿਰ ਕਰਨ ਲਈ ਸਰਕਾਰ ਵੱਲੋਂ ਤੁਰੰਤ ਕਦਮ ਚੁੱਕੇ ਜਾਣੇ ਬਣਦੇ ਹਨ| ਉਹਨਾਂ ਕਿਹਾ ਕਿ ਗਮਾਡਾ ਵੱਲੋਂ ਜਾਇਦਾਦ ਮਾਲਕਾਂ ਤੇ ਬੇਲੋੜਾ ਭਾਰ ਪਾਇਆ ਜਾਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਫੀਸਾਂ ਇਕੱਤਰ ਕੀਤੀਆਂ ਜਾਂਦੀਆਂ ਹਨ| ਇਸ ਤੇ ਰੋਕ ਲਗਾਣੀ ਚਾਹੀਦੀ ਹੈ|
ਸੰਸਥਾ ਦੇ ਪ੍ਰਧਾਨ ਸ੍ਰ. ਤੇਜਿੰਦਰ ਸਿੰਘ ਪੂਨੀਆ ਨੇ ਸ਼ਹਿਰ ਵਿੱਚ ਵਪਾਰਕ ਜਾਇਦਾਦਾਂ ਦੇ ਕਿਰਾਏ ਤੇ ਸਾਢੇ ਸੱਤ ਫੀਸਦੀ ਪ੍ਰਾਪਰਟੀ ਟੈਕਸ ਵਸੂਲਣ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਨਾਲ ਸ਼ਹਿਰ ਵਿੱਚ ਨਿਵੇਸ਼ ਕਰਨ ਦੇ ਚਾਹਵਾਨਾਂ ਵਿੱਚ ਨਿਰਾਸ਼ਾ ਵੱਧਦੀ ਹੈ ਅਤੇ ਪ੍ਰਾਪਰਟੀ ਟੈਕਸ ਚੰਡੀਗੜ੍ਹ ਪੈਟਰਨ ਤੇ ਲੱਗਣਾ ਚਾਹੀਦਾ ਹੈ|
ਸੰਸਥਾ ਦੇ ਜਨਰਲ ਸਕੱਤਰ ਸ੍ਰ. ਹਰਪ੍ਰੀਤ ਸਿੰਘ ਡਡਵਾਲ ਨੇ ਇਸ ਮੌਕੇ ਸੁਝਾਅ ਦਿੱਤਾ ਕਿ ਇਸ ਮੁੱਦੇ ਤੇ ਹਲਕਾ ਵਿਧਾਇਕ ਨੂੰ ਨਾਲ ਲੈ ਕੇ ਸਥਾਨਕ ਸਰਕਾਰ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਾਵੇ ਕਿ ਸ਼ਹਿਰ ਵਿੱਚ ਪ੍ਰਾਪਰਟੀ ਟੈਕਸ ਕਿਰਾਏ ਦੇ ਆਧਾਰ ਤੇ ਨਹੀਂ ਬਲਕਿ ਵਪਾਰਕ ਥਾਂ ਦੇ ਖੇਤਰਫਲ ਦੇ ਆਧਾਰ ਤੇ ਲਗਾਇਆ ਜਾਵੇ| ਇਸ ਤਜਵੀਜ ਨੂੰ ਪ੍ਰਵਾਨਗੀ ਦੇ ਕੇ ਫੈਸਲਾ ਕੀਤਾ ਗਿਆ ਹੈ ਕਿ ਸੰਸਥਾ ਦਾ ਵਫਦ ਛੇਤੀ ਹੀ ਇਸ ਸੰਬੰਧੀ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਮਿਲ ਕੇ ਇਸ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਦੀ ਮੰਗ ਕਰੇਗਾ|
ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਵਪਾਰ ਮੰਡਲ ਦੇ ਜਨਰਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਲੋੜੀਂਦੀਆਂ ਸੁਵਿਧਾਵਾਂ ਮੁਹਈਆਂ ਕਰਵਾਈਆਂ ਜਾਣ ਤਾਂ ਜੋ ਵਪਾਰੀਆਂ ਨੂੰ ਸਹੂਲਤਾਂ ਮਿਲਣ ਨਾਲ ਸ਼ਹਿਰ ਵਿੱਚ ਨਿਵੇਸ਼ ਦਾ ਮਾਹੌਲ ਬਣੇ|
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰ. ਪਲਵਿੰਦਰ ਸਿੰਘ ਪੱਪੀ, ਸ੍ਰ. ਭੁਪਿੰਦਰ, ਸ੍ਰੀ ਏ.ਕੇ. ਪਵਾਰ, ਸ੍ਰ. ਟੀ.ਐਸ. ਗੁਲਾਟੀ (ਸਾਬਕਾ ਪ੍ਰਧਾਨ) ਸ੍ਰ. ਹਰਮਿੰਦਰ ਸਿੰਘ, ਸ੍ਰੀ ਸੁਰਿੰਦਰ ਮੇਹਨ ਸ੍ਰ. ਅਜੀਤ ਸਿੰਘ, ਸ੍ਰੀ ਜਵਾਹਰ ਲਾਲ ਮਹਿਰਾ ਅਤੇ ਸ੍ਰੀ ਰਜਨੀਸ਼ ਸਿੰਘ ਵੀ ਹਾਜਿਰ ਸਨ|

Leave a Reply

Your email address will not be published. Required fields are marked *