ਪ੍ਰੋ. ਚੰਦੂਮਾਜਰਾ ਪਹਿਲੀ ਫਲਾਈਟ ਰਾਹੀਂ ਸਾਥੀਆਂ ਅਤੇ ਪਰਿਵਾਰ ਸਮੇਤ ਸ੍ਰੀ ਨਾਂਦੇੜ ਸਾਹਿਬ ਗਏ

ਐਸ ਏ ਐਸ ਨਗਰ, 16 ਨਵੰਬਰ (ਸ.ਬ.) ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਯਤਨਾਂ ਸਦਕਾ ਅੰਤਰਰਾਸ਼ਟਰੀ ਹਵਾਈ ਅੱਡਾ ਮੁਹਾਲੀ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਵਾਇਆ ਮੁੰਬਈ ਕੁਨੈਕਟਿੰਗ ਸ਼ੁਰੂ ਹੋਣ ਵਾਲੀ ਹਵਾਈ ਸੇਵਾ ਸ਼ੁਰੂ ਹੋ ਗਈ ਹੈ| ਇਸ ਪਹਿਲੀ ਹਵਾਈ ਉਡਾਨ ਵਿੱਚ ਪ੍ਰੋ. ਚੰਦੂਮਾਜਰਾ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਸ੍ਰੀ ਨਾਂਦੇੜ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ|
ਪ੍ਰੋ. ਚੰਦੂਮਾਜਰਾ ਨੇ ਇਸ ਮੌਕੇ ਕਿਹਾ ਕਿ ਇਸ ਹਵਾਈ ਸੇਵਾ ਦੇ ਸ਼ੁਰੂ ਹੋਣ ਨਾਲ ਖਾਲਸਾ ਪੰਥ ਦੀ ਲੰਬੇ ਸਮੇਂ ਦੀ ਇੱਛਾ ਪੂਰੀ ਹੋਈ ਹੈ| ਉਨ੍ਹਾਂ ਕਿਹਾ ਕਿ ਲੋਕ ਸਭਾ ਅੰਦਰ ਉਨ੍ਹਾਂ ਵੱਲੋਂ ਵਾਰ ਵਾਰ ਇਹ ਮਸਲਾ ਉਠਾਉਣ ਅਤੇ ਵਾਰ ਵਾਰ ਸਬੰਧਿਤ ਮੰਤਰੀਆਂ ਨੂੰ ਮਿਲਣ ਨਾਲ ਲਗਾਤਾਰ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ| ਇਸ ਨਾਲ ਤਿੰਨ ਚਾਰ ਦਿਨਾਂ ਦਾ ਸਫ਼ਰ ਤਿੰਨ-ਚਾਰ ਘੰਟਿਆਂ ਵਿਚ ਤਹਿ ਹੋਵੇਗਾ| ਐਨ.ਆਰ.ਆਈਜ਼ ਤੇ ਪੰਜਾਬ ਸਮੇਤ ਹਰਿਆਣਾ ਅਤੇ ਦਿੱਲੀ ਆਦਿ ਸੂਬਿਆਂ ਦੇ ਲੋਕਾਂ ਨੂੰ ਵੀ ਰਾਹਤ ਮਿਲੇਗੀ| ਮੁੰਬਈ, ਕਲਕੱਤਾ, ਕਾਨ੍ਹਪੁਰ, ਦਿੱਲੀ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵੀ ਇਸ ਹਵਾਈ ਸੇਵਾ ਦਾ ਲਾਭ ਮਿਲੇਗਾ|
ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਇਹ ਪਹਿਲੀ ਫਲਾਈਟ ਏਅਰਪੋਰਟ ਤੇ ਚੱਲ ਰਹੀ ਰਿਪੇਅਰ ਕਾਰਨ ਮੁੰਬਈ ਤੋਂ ਜਾ ਰਹੀ ਹੈ ਕਿਉਂਕਿ ਇੱਥੇ ਜਹਾਜਾਂ ਦੇ ਰਾਤ ਨੂੰ ਠਹਿਰਾਅ ਦੀ ਵਿਵਸਥਾ ਨਹੀਂ ਸੀ| ਏਅਰਪੋਰਟ ਤੇ ਰਿਪੇਅਰ ਦਾ ਕੰਮ ਮੁਕੰਮਲ ਹੋਣ ਉਪਰੰਤ ਮੁਹਾਲੀ ਇੰਟਰਨੈਸ਼ਨਲ ਏਅਰਪੋਰਟ ਤੋਂ ਸ਼ੁਰੂ ਹੋ ਜਾਵੇਗੀ|
ਸ੍ਰੀ ਨਾਂਦੇੜ ਸਾਹਿਬ ਦੇ ਦਰਸ਼ਨਾਂ ਲਈ ਪ੍ਰੋ. ਚੰਦੂਮਾਜਰਾ ਦੇ ਨਾਲ ਉਨ੍ਹਾਂ ਦੇ ਸਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਐਮ.ਐਲ.ਏ., ਹਰਸਿਮਰਨ ਸਿੰਘ ਚੰਦੂਮਾਜਰਾ, ਹਰਵਿੰਦਰ ਸਿੰਘ ਹਰਪਾਲਪੁਰ, ਜਥੇਦਾਰ ਬਲਜੀਤ ਸਿੰਘ ਕੁੰਭੜਾ, ਗੁਰਜਿੰਦਰ ਸਿੰਘ, ਹਜਗਜੀਤ ਸਿੰਘ ਕੋਹਲੀ, ਜਰਨੈਲ ਸਿੰਘ ਕਰਤਾਰਪੁਰ ਆਦਿ ਵੀ ਦਰਸ਼ਨਾਂ ਲਈ ਰਵਾਨਾ ਹੋਏ|

Leave a Reply

Your email address will not be published. Required fields are marked *