ਪ੍ਰੋ: ਚੰਦੂਮਾਜਰਾ ਵੱਲੋਂ ਗੁਰਦੁਆਰਾ ਫੇਜ਼-2 ਨੂੰ ਐਂਬੂਲੈਂਸ ਦੇਣ ਦਾ ਐਲਾਨ

ਐਸ ਏ ਐਸ ਨਗਰ, 25 ਦਸੰਬਰ (ਸ.ਬ.) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਨ ਜੀਵਨ ਤੇ ਵਿਚਾਰਧਾਰਾ ਦੇਸ਼ ਨੂੰ ਇਕਜੁਟ ਕਰਨ ਲਈ ਚਾਨਣ ਮੁਨਾਰਾ ਸਾਬਤ ਹੋ ਸਕਦੀ ਹੈ| ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ ‘ਤੇ ਚੱਲ ਕੇ ਹੀ ਜਾਤ-ਪਾਤ ਤੇ ਸਮਾਜਿਕ ਨਾ-ਬਰਾਬਰੀ ਵਰਗੀਆਂ ਬੁਰਾਈਆਂ ਤੋਂ ਮੁਕਤੀ ਪਾਈ ਜਾ ਸਕਦੀ ਹੈ ਅਤੇ ਸ਼ਾਂਤੀ, ਫਿਰਕੂ ਸਦਭਾਵਨਾ, ਆਪਸੀ ਭਾਈਚਾਰੇ ਦੀਆਂ ਤੰਦਾਂ ਨੂੰ ਮਜਬੂਤ ਕੀਤਾ ਜਾ ਸਕਦਾ ਹੈ| ਇਹ ਵਿਚਾਰ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਸਵੇਰੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਮੌਕੇ ਗੁਰਦੁਆਰਾ ਸਾਹਿਬ ਫੇਜ਼ 2 ਵਿਖੇ ਮੱਥਾ ਟੇਕਣ ਉਪਰੰਤ ਸੰਬੋਧਨ ਕਰਦਿਆਂ ਪ੍ਰਗਟ ਕੀਤੇ| ਉਹਨਾਂ ਨੇ ਇਸ ਮੌਕੇ ਗੁਰਦੁਆਰਾ ਸਾਹਿਬ ਫੇਜ਼ 2 ਲਈ ਐਂਬਲੈਂਸ ਦੇਣ ਦਾ ਐਲਾਨ ਵੀ ਕੀਤਾ| ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ ਆਦਿ ਵੀ ਉਨ੍ਹਾਂ ਦੇ ਨਾਲ ਸਨ|
ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਨਿਰਪੱਖਤਾ ਦੀ ਸਦੀਆਂ ਪੁਰਾਣੀ ਰਵਾਇਤ ਨੂੰ ਕਾਇਮ ਰੱਖਣ ਲਈ ਮਹਾਨ ਯੋਗਦਾਨ ਪਾਇਆ ਅਤੇ ਇੱਥੋਂ ਤੱਕ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਧਾਰਮਿਕ ਆਜ਼ਾਦੀ ਦੀ ਖਾਤਰ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ| ਗੁਰੂ ਜੀ ਨੇ ਇੱਕ ਬਾਟੇ ਵਿਚੋਂ ਅੰਮ੍ਰਿਤ ਛਕਾ ਕੇ ਇਕੋ ਮਾਨਵਤਾ ਦੀ ਸਿੱਖਿਆ ਦਿੱਤੀ|
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਸੋਂਧੀ ਵੱਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਅਵਤਾਰ ਸਿੰਘ ਵਾਲੀਆ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਹਰਸਿਮਰਨਜੀਤ ਸਿੰਘ ਚੰਦੂਮਾਜਰਾ ਅਤੇ ਹਰਦੇਵ ਸਿੰਘ ਹਰਪਾਲਪੁਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ|
ਇਸ ਉਪਰੰਤ ਜਥੇਦਾਰ ਬਲਜੀਤ ਸਿੰਘ ਕੁੰਭੜਾ, ਹਰਮਨਪ੍ਰੀਤ ਸਿੰਘ ਪ੍ਰਿੰਸ ਆਦਿ ਸਮੇਤ ਹੋਰ ਕਈ ਆਗੂਆਂ ਵੱਲੋਂ ਸ਼ਹਿਰ ਦੇ ਵੱਖ ਵੱਖ ਗੁਰਦੁਆਰਾ ਰਾਮਗੜ੍ਹੀਆ ਫੇਜ਼ 3, ਗੁਰਦੁਆਰਾ ਸਾਚਾ ਧੰਨ ਸਾਹਿਬ, ਫੇਜ਼ 3, ਗੁਰਦੁਆਰਾ ਅੰਬ ਸਾਹਿਬ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਅਤੇ ਫੇਜ਼ 11 ਦੇ ਗੁਰਦੁਆਰਾ ਸਾਹਿਬਾਨ ਵਿਖੇ ਪਹੁੰਚ ਕੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਅਤੇ ਸੰਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ

Leave a Reply

Your email address will not be published. Required fields are marked *