ਪੰਚਕੂਲਾ ਵਿੱਚ ਸ਼ਰੇਆਮ ਹੋ ਰਹੀ ਹੈ ਫਾਇਰ ਸੇਫਟੀ ਨਿਯਮਾਂ ਦੀ ਉਲੰਘਣਾ

ਪੰਚਕੂਲਾ, 9 ਅਕਤੂਬਰ (ਦੀਪਕ ਸ਼ਰਮਾ) ਪੰਚਕੂਲਾ ਸ਼ਹਿਰ ਵਿਚ ਵੱਖ ਵੱਖ ਦੁਕਾਨਦਾਰਾਂ, ਸ਼ੋਅਰੂਮ ਮਾਲਕਾਂ ਵਲੋਂ ਫਾਇਰ ਸੇਫਟੀ ਨਿਯਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ, ਪਰ ਫਿਰ ਵੀ ਸੰਬੰਧਿਤ ਵਿਭਾਗ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ| ਜਿਸ ਕਾਰਨ ਇਹਨਾਂ ਸ਼ੋਅਰੂਮਾਂ ਅਤੇ ਦੁਕਾਨਾਂ ਵਿਚ ਜਾਣ ਵਾਲੇ ਲੋਕਾਂ ਨਾਲ ਕਦੇ ਵੀ ਹਾਦਸਾ ਵਾਪਰ ਸਕਦਾ ਹੈ| ਪਿਛਲੇ ਦਿਨਾਂ ਦੌਰਾਨ ਸੰਬੰਧਿਤ ਵਿਭਾਗ ਨੇ ਬੁਫਟੇਟ ਜੰਕਸਨ, ਗੋਪਾਲ ਸਵੀਟਸ, ਅਨੂਪਮ ਸਵੀਟਸ ਅਤੇ ਕੁੱਝ ਹੋਰ ਹੋਟਲਾਂ ਵਾਲਿਆਂ ਦੇ  ਫਾਇਰ ਸੇਫਟੀ ਨਿਯਮਾਂ ਦੀ ਉਲੰਘਣਾਂ ਕਰਨ ਸਬੰਧੀ ਚਲਾਨ ਵੀ ਕੀਤੇ ਗਏ ਸਨ ਪਰ ਉਸ ਤੋਂ ਬਾਅਦ ਸਾਰੀ ਕਾਰਵਾਈ ਲਗਭਗ ਠੱਪ ਹੋ ਗਈ, ਜਿਸ ਕਾਰਨ ਸਾਰੇ ਹੀ ਦੁਕਾਨਦਾਰਾਂ ਵਲੋਂ ਧੜੱਲੇ ਨਾਲ ਫਾਇਰ ਸੇਫਟੀ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ|
ਇਸ ਸਬੰਧੀ ਸ਼ਹਿਰ ਦੀਆਂ ਸਮਾਜਸੇਵੀ ਜਥੇਬੰਦੀਆਂ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਸ਼ਹਿਰ ਵਿੱਚ ਚੱਲ ਰਹੇ ਵਪਾਰਕ ਅਦਾਰਿਆਂ ਨੂੰ ਫਾਇਰ ਸੇਫਟੀ ਦੇ ਨਿਯਮਾਂ ਦੀ ਪਾਲਣਾ ਲਈ ਪਾਬੰਦ ਕੀਤਾ ਜਾਵੇ ਅਤੇ ਇਹਨਾਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਕਰਵਾਇਆ ਜਾਵੇ|
ਇਸ ਸਬੰਧੀ ਸੰਪਰਕ ਕਰਨ ਤੇ ਪੰਚਕੂਲਾ ਦੇ ਫਾਇਰ ਸੇਫਟੀ ਅਧਿਕਾਰੀ ਸ੍ਰੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਬੀਤੇ ਦਿਨੀਂ ਸ਼ਹਿਰ ਵਿੱਚ ਫਾਇਰ ਸੇਫਟੀ ਦੀ ਉਲੰਘਣਾ ਕਰਨ ਵਾਲੇ ਵਪਾਰਕ ਅਦਾਰਿਆਂ ਦੇ ਚਲਾਨ ਕੀਤੇ ਗਏ ਸਨ| ਜਦੋਂ ਉਹਨਾਂ ਨੂੰ ਇਸ ਸਬੰਧੀ ਅਗਲੇਰੀ ਕਾਰਵਾਈ ਬਾਰੇ ਪੁੱਛਿਆ ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਗੱਲ ਨੂੰ ਟਾਲ ਗਏ|

Leave a Reply

Your email address will not be published. Required fields are marked *