ਪੰਚਾਇਤੀ ਚੋਣਾਂ ਲਈ ਅਕਾਲੀ ਦਲ ਨੇ ਹਲਕੇ ਵਿੱਚ ਤਿਆਰੀਆਂ ਵਿੱਢੀਆਂ : ਕੈ. ਸਿੱਧੂ

ਐਸ ਏ ਐਸ ਨਗਰ, 20 ਜੂਨ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ| ਹਲਕਾ ਮੁਹਾਲੀ ਦੇ ਦਿਹਾਤੀ ਸਰਕਲ ਪ੍ਰਧਾਨਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈ. ਤਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਹਲਕੇ ਵਿੱਚ ਜ਼ਿਲ੍ਹਾ ਪ੍ਰੀਸ਼ਦ, ਸੰਮਤੀ ਅਤੇ ਸਰਪੰਚੀ ਦੇ ਚਾਹਵਾਨ ਉਮੀਦਵਾਰਾਂ ਦੀ ਲੋਕਾਈ ਅਤੇ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਹੋਇਆ ਉਹਨਾਂ ਦੇ ਨਾਵਾਂ ਉੱਪਰ ਡੁੰਘਾਈ ਨਾਲ ਵਿਚਾਰ ਕਰਨ ਪਿੱਛੋਂ ਹੀ ਫੈਸਲੇ ਲਏ ਜਾਣਗੇ|
ਉਹਨਾਂ ਕਿਹਾ ਕਿ ਜ਼ਮੀਨੀ ਪੱਧਰ ਤੇ ਲੋਕ ਕਾਂਗਰਸ ਦੀਆਂ ਦਮਨਕਾਰੀ ਨੀਤੀਆਂ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ, ਜਿਸਦਾ ਖਮਿਆਜ਼ਾ ਮੌਜੂਦਾ ਸਰਕਾਰ ਨੂੰ ਆਉਂਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ| ਉਹਨਾਂ ਕਿਹਾ ਕਿ ਜਿਸ ਦਿਨ ਤੋਂ ਕਾਂਗਰਸ ਸਰਕਾਰ ਰਾਜ ਸੱਤਾ ਉੱਪਰ ਕਾਬਜ਼ ਹੋਈ ਹੈ ਉਦੋਂ ਤੋਂ ਹੁਣ ਤੱਕ ਲੋਕ ਭਲਾਈ, ਲੋਕ ਸੇਵਾ ਦਾ ਇੱਕ ਵੀ ਕੰਮ ਅਮਲ ਵਿੱਚ ਨਹੀਂ ਲਿਆਂਦਾ ਗਿਆ| ਇਸ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਵਲੋਂ ਚਲਾਈਆਂ ਕਿੰਨੀਆਂ ਹੀ ਲੋਕ ਹਿੱਤ ਸਕੀਮਾਂ ਨੂੰ ਬੰਦ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਉਪਰ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਕੇ ਪਰਚੇ ਕਰਕੇ ਬਿਨਾ ਗੱਲੋਂ ਬਦਲੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ|
ਇਸ ਮੌਕੇ ਸਰਕਲ ਪ੍ਰਧਾਨ ਅਵਤਾਰ ਸਿੰਘ ਦਾਊਂ, ਬਲਵਿੰਦਰ ਸਿੰਘ ਲਖਨੌਰ, ਹਰਮਿੰਦਰ ਸਿੰਘ ਪੱਤੋਂ, ਬਲਜੀਤ ਸਿੰਘ ਜਗਾਤਪੁਰਾ, ਰਵਿੰਦਰ ਸਿੰਘ ਸ਼ਾਮਪੁਰ ਅਤੇ ਪ੍ਰਭਜੋਤ ਸਿੰਘ ਕਲੇਰ ਹਾਜ਼ਿਰ ਸਨ|

Leave a Reply

Your email address will not be published. Required fields are marked *