ਪੰਚਾਇਤੀ ਚੋਣਾਂ ਵਿਚ ਨਸ਼ਿਆਂ ਦੇ ਮੁੱਦੇ ਤੇ ਚੋਣ ਲੜਨਗੀਆਂ ਔਰਤਾਂ : ਗਰਚਾ

ਖਰੜ, 23 ਜੁਲਾਈ (ਸ.ਬ.) ਪੰਜਾਬ ਵਿਚ ਨਸ਼ਿਆਂ ਦੀ ਭਿਆਨਕ ਲੱਤ ਨੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ ਜਿਸ ਕਾਰਨ ਕਈ ਮਾਵਾਂ ਦੇ ਪੁੱਤ ਇਸ ਦੀ ਭੇਂਟ ਚੜ੍ਹ ਗਏ ਹਨ, ਕਈਆਂ ਦੇ ਸੁਹਾਗ ਉਜੜ ਗਏ ਹਨ ਅਤੇ ਭੈਣਾਂ ਦੇ ਵੀਰ ਇਨ੍ਹਾਂ ਨਸ਼ਿਆਂ ਦੀ ਬਲੀ ਚੜ੍ਹ ਚੁੱਕੇ ਹਨ| ਨਸ਼ਿਆਂ ਨੇ ਔਰਤ ਜਾਤੀ ਨੂੰ ਹੀ ਪ੍ਰਭਾਵਿਤ ਕੀਤਾ ਹੈ| ਇਸ ਲਈ ਹੁਣ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿਚ ਔਰਤਾਂ ਡੱਟ ਕੇ ਅੱਗੇ ਆਉਣਗੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਔਰਤਾਂ ਦੇ 50 ਪ੍ਰਤੀਸ਼ਤ ਕੀਤੇ ਰਾਖਵੇਂਕਰਨ ਦਾ ਫਾਇਦਾ ਉਠਾਉਂਦੀਆਂ ਹੋਈਆਂ ਚੋਣ ਲੜਨਗੀਆਂ|
ਉਕਤ ਵਿਚਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਖਰੜ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ|
ਬੀਬੀ ਗਰਚਾ ਨੇ ਕਿਹਾ ਕਿ ਔਰਤਾਂ ਵੱਲੋਂ ਚੋਣਾਂ ਵਿਚ ਨਸ਼ਿਆਂ ਨੂੰ ਮੁੱਖ ਮੁੱਦਾ ਬਣਾਇਆ ਜਾਵੇਗਾ| ਉਨ੍ਹਾਂ ਕਿਹਾ ਕਿ ਚੋਣ ਲੜਨ ਦੀਆਂ ਚਾਹਵਾਨ ਸਾਰੀਆਂ ਔਰਤਾਂ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਚੋਣ ਲੜਨ ਅਤੇ ਤਹੱਈਆ ਕਰਨ ਕਿ ਚੋਣ ਜਿੱਤਣ ਉਪਰੰਤ ਉਹ ਆਪੋ ਆਪਣੇ ਪਿੰਡਾਂ ਵਿਚੋਂ ਨਸ਼ਾ ਰੂਪੀ ਕੋਹੜ ਦੀ ਜੜ ਖ਼ਤਮ ਕਰਨ ਦੇਣਗੀਆਂ| ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਔਰਤਾਂ ਜਾਗਰੂਕ ਨਾ ਹੋਈਆਂ ਅਤੇ ਨਸ਼ੇ ਦਾ ਵਿਰੋਧ ਨਾ ਕੀਤਾ ਤਾਂ ਭਵਿੱਖ ਵਿਚ ਹੋਰ ਪਤਾ ਨਹੀਂ ਇਹ ਨਸ਼ਾ ਰੂਪੀ ਦੈਂਤ ਕਿੰਨੀਆਂ ਕੁ ਔਰਤਾਂ ਦੇ ਘਰ ਉਜਾੜ ਦੇਵੇਗਾ ਅਤੇ ਕਿੰਨੀਆਂ ਭੈਣਾਂ ਦੇ ਵੀਰ ਖ਼ਤਮ ਕਰ ਦੇਵੇਗਾ|
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਔਰਤਾਂ ਹੀ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ| ਇਸ ਲਈ ਔਰਤ ਨੂੰ ਜੱਗ ਜਨਨੀ ਹੋਣ ਦੇ ਨਾਲ ਨਾਲ ਹੁਣ ਜੱਗ ਰੱਖਿਅਕ ਵੀ ਬਣਨਾ ਪਵੇਗਾ|

Leave a Reply

Your email address will not be published. Required fields are marked *