ਪੰਚਾਇਤੀ ਚੋਣਾਂ ਵਿੱਚ ਸਾਫ਼ ਸੁਥਰੀ ਛਵੀ ਵਾਲੇ ਲੋਕ ਅੱਗੇ ਆਉਣ : ਗਰਚਾ

ਖਰੜ, 17 ਮਈ (ਸ.ਬ.) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਪੰਚਾਇਤੀ ਚੋਣਾਂ ਸਬੰਧੀ ਹਲਕਾ ਖਰੜ ਦੇ ਪਿੰਡਾਂ ਵਿੱਚ ਘੁੰਮ ਘੁੰਮ ਕੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੀ ਲਹਿਰ ਸ਼ੁਰੂ ਕਰ ਦਿੱਤੀ ਹੈ| ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਗਰਚਾ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਉਂਦੀਆਂ ਪੰਚਾਇਤੀ ਚੋਣਾਂ ਵਿਚ ਸਾਫ਼ ਸੁਥਰੀ ਛਵੀ ਵਾਲੇ ਲੋਕਾਂ ਨੂੰ ਹੀ ਅੱਗੇ ਲਿਆਂਦਾ ਜਾਵੇ ਤਾਂ ਜੋ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਵਿਚ ਲੋਕਾਂ ਦਾ ਯੋਗਦਾਨ ਪਾਇਆ ਜਾ ਸਕੇ|
ਬੀਬੀ ਗਰਚਾ ਨੇ ਔਰਤਾਂ ਵਿੱਚ ਪੰਚਾਇਤੀ ਚੋਣਾਂ ਪ੍ਰਤੀ ਜੋਸ਼ ਭਰਦਿਆਂ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਲਈ ਔਰਤਾਂ ਦੀਆਂ 50 ਪ੍ਰਤੀਸ਼ਤ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ| ਸਰਕਾਰ ਵੱਲੋਂ ਔਰਤਾਂ ਲਈ ਕੀਤੇ ਰਾਖਵੇਂਕਰਨ ਦਾ ਫਾਇਦਾ ਲੈਂਦਿਆਂ ਪੜ੍ਹੀਆਂ ਲਿਖੀਆਂ ਔਰਤਾਂ ਅੱਗੇ ਆਉਣ ਅਤੇ ਲੋਕਤੰਤਰ ਦੀ ਮੁਢਲੀ ਇਕਾਈ ਪੰਚਾਇਤੀ ਰਾਜ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਸੰਭਾਲਣ| ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਚੋਣਾਂ ਕਿਸੇ ਵੀ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਅਤੇ ਨਿਜੀ ਹਿਤਾਂ ਨੂੰ ਦਰਕਿਨਾਰ ਕਰਕੇ ਲੜੀਆਂ ਜਾਣ|
ਉਨ੍ਹਾਂ ਪਿੰਡਾਂ ਦੇ ਕੀਤੇ ਦੌਰੇ ਦੌਰਾਨ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਬੰਧਿਤ ਵਿਭਾਗਾਂ ਦੇ ਮੰਤਰੀਆਂ ਨਾਲ ਮੁਲਾਕਾਤ ਕਰਕੇ ਹੱਲ ਕਰਵਾਉਣ ਦਾ ਵੀ ਭਰੋਸਾ ਦਿੱਤਾ|
ਇਸ ਮੌਕੇ ਸ੍ਰ. ਬਲਬੀਰ ਸਿੰਘ ਚੰਦੋਂ, ਸ੍ਰ. ਹਰਜਿੰਦਰ ਸਿੰਘ ਬਰੌਲੀ, ਸ੍ਰੀ ਜੱਗੀ ਹਸਨਪੁਰ, ਸ੍ਰ. ਪਰਮਜੀਤ ਸਿੰਘ ਸਰਪੰਚ ਤੋਲੇਮਾਜਰਾ, ਸ੍ਰ. ਕੁਲਵੰਤ ਸਿੰਘ ਸਰਪੰਚ ਮਗਰ ਆਦਿ ਸਮੇਤ ਕਾਫ਼ੀ ਪਤਵੰਤੇ ਹਾਜ਼ਰ ਸਨ|

Leave a Reply

Your email address will not be published. Required fields are marked *