ਪੰਚਾਇਤੀ ਜਮੀਨਾਂ ਉਪਰ ਕੀਤੇ ਗਏ ਕਬਜੇ ਛੁਡਵਾਏ ਜਾਣ : ਪੰਚਾਇਤ ਯੂਨੀਅਨ

ਐਸ ਏ ਐਸ ਨਗਰ, 3 ਨਵੰਬਰ (ਸ.ਬ. )  ਪੰਚਾਇਤ ਯੂਨੀਅਨ ਪੰਜਾਬ ਨੇ ਮੰਗ ਕੀਤੀ ਹੈ ਕਿ ਪੰਜਾਬ ਭਰ ਵਿਚ ਪੰਚਾਇਤੀ ਜਮੀਨਾਂ ਉਤੇ ਅਫਸਰਸ਼ਾਹੀ, ਸਿਆਸਤਦਾਨਾਂ ਅਤੇ ਪੁਲਿਸ ਦੀ ਮੱਦਦ ਨਾਲ ਕੀਤੇ ਜਾ ਰਹੇ ਨਾਜਾਇਜ ਕਬਜਿਆਂ ਨੂੰ ਪੰਚਾਇਤ ਵਿਭਾਗ ਵੱਲੋਂ ਤੁਰੰਤ ਦਖਲ ਦੇ ਕੇ ਹਟਾਇਆ ਜਾਵੇ|
ਅੱਜ ਇੱਕ ਪੱਤਰਕਾਰ ਸੰਮੇਲਨ ਵਿਚ ਪੰਚਾਇਤ ਯੂਨੀਅਨ ਦੇ ਸੂਬਾ ਪ੍ਰਧਾਨ  ਹਰਮਿੰਦਰ ਸਿੰਘ ਮਾਵੀ ਨੇ ਦੋਸ਼ ਲਗਾਇਆ ਕਿ  ਸੂਬੇ ਵਿਚ 33 ਹਜਾਰ ਏਕੜ ਤੋਂ ਵੀ ਵੱਧ ਪੰਚਾਇਤੀ ਜਮੀਨਾਂ ਉਤੇ ਨਜਾਇਜ ਕਬਜੇ ਹੋ ਚੁੱਕੇ ਹਨ| ਭਾਵੇਂ ਪੰਚਾਇਤਾਂ ਆਪਣੇ ਪੱਧਰ ਤੇ ਕਬਜ਼ੇ ਹਟਾਉਣ ਦੀਆਂ ਕੋਸ਼ਿਸ਼ ਕਰਦੀਆਂ ਹਨ ਪ੍ਰੰਤੂ ਵਿਭਾਗ ਦੇ ਉਚ ਅਹੁਦਿਆਂ ਉਤੇ ਬੈਠੇ ਅਫਸਰ ਆਪਣੇ ਪੱਧਰ ਤੇ ਕੇਸਾਂ ਨੂੰ ਘੋਖ ਕੇ ਫੈਸਲੇ ਨਹੀਂ ਦਿੰਦੇ ਬਲਕਿ ਸਿਆਸੀ ਲੀਡਰਾਂ ਮੁਤਾਬਕ ਹੀ ਫੈਸਲੇ ਦਿੰਦੇ ਹਨ| ਇਨ੍ਹਾਂ ਅਫਸਰਾਂ ਦੀਆਂ  ਕਥਿਤ ਗਲਤ ਹਰਕਤਾਂ ਕਾਰਨ ਪੰਚਾਇਤਾਂ ਪਿੰਡਾਂ ਦੇ ਵਿਕਾਸ ਕਰਨ ਦੀ ਬਜਾਇ ਜ਼ਮੀਨੀ ਕੇਸਾਂ ਵਿਚ ਉਲਝ ਕੇ ਹੀ ਰਹਿ ਜਾਂਦੀਆਂ ਹਨ|
ਉਹਨਾਂ ਕਿਹਾ ਕਿ ਅਜਿਹੇ ਹੀ ਇੱਕ ਮਾਮਲੇ ਵਿੱਚ ਜ਼ਿਲ੍ਹਾ ਜਲੰਧਰ ਦੇ ਪਿੰਡ ਮੁਠੱਡਾ ਕਲਾਂ (ਜਲੰਧਰ) ਵਿਖੇ ਗਰਾਮ ਪੰਚਾਇਤ ਦੀ 31 ਕਨਾਲ 10 ਮਰਲੇ ਵਾਹੀਯੋਗ ਜ਼ਮੀਨ ਦੀ ਫਰਦ ਜਮ੍ਹਾਂਬੰਦੀ ਵਿਚ ਮਾਲਕੀ ਖਾਨੇ ਵਿਚ ਮਾਲਕ ਹੈ ਪਰ ਮੌਜੂਦਾ ਮਹਿਕਮਾ ਇਹ ਜਮੀਨ ਪੰਚਾਇਤ ਨੂੰ ਦੇਣ ਦੀ ਥਾਂ ਕੇਸ ਚੱਲਣ ਵੇਲੇ ਦੇ ਨਜਾਇਜ ਕਾਬਜਕਾਰਾਂ ਨੂੰ ਦੇਣ ਲਈ ਪਹਿਲ ਕਰ ਰਿਹਾ ਹੈ|
ਉਹਨਾਂ ਕਿਹਾ ਕਿ ਜ਼ਿਲ੍ਹਾ ਐਸ ਏ ਐਸ ਨਗਰ  ਦੇ ਪਿੰਡ ਕੁੰਭੜਾ ਵਿਚ  ਸਕੂਲ ਗਰਾਊਂਡ ਦੀ ਜ਼ਮੀਨ ਉਤੇ ਨਜਾਇਜ ਕਬਜੇ ਕਰਕੇ ਕਬਜ਼ਾਕਾਰਾਂ ਨੇ ਦੋ ਦੋ ਮੰਜ਼ਿਲਾ ਮਕਾਨ ਵੀ ਬਣਾ ਲਏ ਹਨ| ਡਿਪਟੀ ਕਮਿਸ਼ਨਰ ਮੁਹਾਲੀ ਨੂੰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਕਬਜ਼ੇ ਨਹੀਂ ਛੁਡਵਾਏ ਗਏ| ਪਿੰਡ ਮਾਣਕਪੁਰ ਕੱਲਰ ਵਿਖੇ ਇਕ ਗਲੀ ਤੋਂ ਨਜਾਇਜ ਕਬਜ਼ਾ ਛੁਡਵਾਉਣ ਲਈ ਪਿੰਡ ਦਾ ਸਾਬਕਾ ਪੰਚ ਬਲਵਿੰਦਰ ਸਿੰਘ ਮਾਣਕਪੁਰ ਕੱਲਰ ਪਿਛਲੇ ਚਾਰ ਸਾਲਾਂ ਤੋਂ ਸਰਕਾਰੀ ਦਫਤਰਾਂ ਦੀਆਂ ਠੋਕਰਾਂ ਖਾ ਰਿਹਾ ਹੈ, ਅੱਜ ਤੱਕ ਕਬਜਾ ਨਹੀਂ ਛੁਡਵਾਇਆ ਗਿਆ| ਮਾਮਲਾ ਇਸ ਸਮੇਂ ਡੀ.ਡੀ.ਪੀ.ਓ. ਦਫਤਰ ਮੁਹਾਲੀ ਵਿਖੇ ਅਟਕਿਆ ਹੋਇਆ ਹੈ| ੇ
ਉਹਨਾਂ ਚਿਤਾਵਨੀ ਦਿਤੀ  ਕਿ  ਜੇਕਰ ਪੰਜਾਬ ਵਿਚ ਕਿਤੇ ਵੀ ਕਿਸੇ ਪੰਚਾਇਤ ਨਾਲ ਅਜਿਹੇ ਨਜਾਇਜ਼ ਕਬਜਿਆਂ ਨੂੰ ਲੈ ਕੇ ਧੱਕੇਸ਼ਾਹੀ ਕੀਤੀ ਗਈ ਤਾਂ ਮੁਹਾਲੀ ਦੇ ਫੇਜ਼ 8 ਸਥਿਤ ਪੰਚਾਇਤ ਵਿਭਾਗ ਦੇ ਦਫਤਰ ਦੇ ਬਾਹਰ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ| ਇਸ ਮੌਕੇ ਜਿਲਾ ਪ੍ਰਧਾਨ ਮੁਹਾਲੀ ਬਲਵਿੰਦਰ ਸਿੰਘ ਕੁੰਭੜਾ, ਜਿਲਾ ਪ੍ਰਧਾਨ ਜਲੰਧਰ ਕਾਂਤੀ ਮੋਹਨ ਵੀ ਮੌਜੂਦ ਸਨ|

Leave a Reply

Your email address will not be published. Required fields are marked *