ਪੰਚਾਇਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜਨ ਲਈ ਆਮ ਲੋਕ ਅੱਗੇ ਆਉਣ : ਗਰਚਾ

ਖਰੜ, 27 ਅਗਸਤ (ਸ.ਬ.) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਆਉਣ ਵਾਲੀਆਂ ਪੰਚਾਇਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਰਾਜਨੀਤਕ ਪਿਛੋਕੜ ਵਾਲੇ ਲੋਕਾਂ ਦੀ ਬਜਾਏ ਆਮ ਲੋਕਾਂ ਨੂੰ ਸਮਰਪਿਤ ਉਮੀਦਵਾਰਾਂ ਨੂੰ ਚੋਣ ਲੜਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ| ਉਹ ਹਲਕਾ ਖਰੜ ਦੇ ਵੱਖ ਵੱਖ ਪਿੰਡਾਂ ਵਿਚ ਲੋਕਾਂ ਨਾਲ ਮੀਟਿੰਗਾਂ ਕਰਨ ਉਪਰੰਤ ਖਰੜ ਵਿਖੇ ਆਪਣੇ ਸਮਰਥਕਾਂ ਨਾਲ ਮੀਟਿੰਗ ਕਰ ਰਹੇ ਸਨ|
ਮੀਟਿੰਗ ਵਿਚ ਸਮਰਥਕਾਂ ਨਾਲ ਗੱਲਬਾਤ ਕਰਦਿਆਂ ਬੀਬੀ ਗਰਚਾ ਨੇ ਕਿਹਾ ਕਿ ਹਲਕਾ ਖਰੜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਬਿਲਕੁਲ ਨਾਲ ਲਗਦਾ ਹੈ| ਪਰੰਤੂ ਪਿਛਲੇ ਲੰਬੇ ਸਮੇਂ ਤੋਂ ਇਸ ਹਲਕੇ ਦੇ ਪਿੰਡਾਂ ਵਿਚ ਕੋਈ ਖਾਸ ਵਿਕਾਸ ਨਹੀਂ ਹੋਇਆ ਜਿਸ ਕਾਰਨ ਪਿੰਡਾਂ ਦੇ ਲੋਕੀਂ ਪ੍ਰੇਸ਼ਾਨ ਹਨ| ਇਸ ਦਾ ਕਾਰਨ ਵੀ ਇਹੀ ਮੰਨਿਆ ਜਾਂਦਾ ਰਿਹਾ ਹੈ ਕਿ ਪਿਛਲੇ ਸਮੇਂ ਵਿਚ ਵਧੇਰੇ ਕਰਕੇ ਉਹੀ ਲੋਕ ਚੋਣ ਲੜਦੇ ਰਹੇ ਹਨ ਜਿਨ੍ਹਾਂ ਨੂੰ ਪਿੰਡਾਂ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ| ਇਸ ਲਈ ਹੁਣ ਸਮੇਂ ਦੀ ਮੁੱਖ ਮੰਗ ਹੈ ਕਿ ਪਿਡਾਂ ਵਿਚ ਉਹ ਲੋਕ ਚੋਣ ਲੜਨ ਲਈ ਅੱਗੇ ਜ਼ਰੂਰ ਆਉਣ ਜਿਹੜੇ ਆਮ ਲੋਕਾਂ ਨੂੰ ਸਮਰਪਿਤ ਹੋਣ| ਇਹ ਚੋਣਾਂ ਕਿਸੇ ਪਾਰਟੀਬਾਜ਼ੀ ਜਾਂ ਧੜੇਬੰਦੀ ਤੋਂ ਉਪਰ ਉਠ ਕੇ ਹੀ ਲੜੀਆਂ ਜਾਣੀਆਂ ਚਾਹੀਦੀਆਂ ਹਨ|
ਇਸ ਮੌਕੇ ਮਨੀਸ਼ ਮਾਜਰੀ, ਹਰਜਿੰਦਰ ਸਿੰਘ ਬਰੌਲੀ, ਬਿੱਟੂ ਪੜੌਲ, ਬਲਜੀਤ ਸਿੰਘ ਹਸਨਪੁਰ, ਸੁਪਿੰਦਰ ਸਿੰਘ ਝਿੰਗੜਾਂ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *