ਪੰਚਾਇਤ ਚੋਣਾਂ ਦੇ ਐਲਾਨ ਨੇ ਭਖਾਈ ਪੰਜਾਬ ਦੀ ਰਾਜਨੀਤੀ

ਪੰਚਾਇਤ ਚੋਣਾਂ ਦੇ ਐਲਾਨ ਨੇ ਭਖਾਈ ਪੰਜਾਬ ਦੀ ਰਾਜਨੀਤੀ
ਮੁੱਖ ਮੁਕਾਬਲਾ ਸੱਤਾਧਾਰੀ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਹੀ ਹੋਣ ਦੀ ਸੰਭਾਵਨਾ
ਐਸ ਏ ਐਸ ਨਗਰ, 8 ਦਸੰਬਰ (ਸ.ਬ.) ਪੰਜਾਬ ਵਿੱਚ ਚੋਣ ਕਮਿਸ਼ਨ ਵਲੋਂ 30 ਦਸੰਬਰ ਨੂੰ ਕੀਤੇ ਗਏ ਪੰਚਾਇਤ ਚੋਣਾਂ ਕਰਵਾਉਣ ਦੇ ਅ ੈਲਾਨ ਨੇ ਪੰਜਾਬ ਦੀ ਰਾਜਨੀਤੀ ਅਚਾਨਕ ਭਖਾ ਦਿੱਤੀ ਹੈ| ਇਸਦੇ ਨਾਲ ਹੀ ਪੰਚਾਇਤ ਚੋਣਾਂ ਲਈ ਰਾਜਸੀ ਪਾਰਟੀਆਂ ਅਤੇ ਚੋਣ ਲੜਨ ਦੇ ਚਾਹਵਾਨਾਂ ਵਲੋਂ ਅੰਦਰਖਾਤੇ ਚਲ ਰਹੀਆਂ ਚੋਣ ਤਿਆਰੀਆਂ ਹੁਣ ਖੁਲ੍ਹੇ ਰੂਪ ਵਿੱਚ ਸਾਹਮਣੇ ਆ ਗਈਆਂ ਹਨ| ਪੰਚਾਇਤ ਚੋਣਾਂ ਦੌਰਾਨ 13,276 ਪੰਚਾਇਤਾਂ ਦੇ 83831ਪੰਚਾਂ ਦੀ ਚੋਣ ਹੋਵੇਗੀ ਜਿਸ ਦੌਰਾਨ ਇਕ ਕਰੋੜ 27 ਲੱਖ ਤੋਂ ਵੱਧ ਵੋਟਰ ਇਹਨਾਂ ਚੋਣਾਂ ਦੌਰਾਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ|
ਇਹਨਾਂ ਚੋਣਾਂ ਵਿੱਚ ਹੋਈ ਦੇਰੀ ਲਈ ਸਰਕਾਰ ਵਲੋਂ ਭਾਵੇਂ ਇਹਨਾਂ ਚੋਣਾਂ ਸਬੰਧੀ ਰਾਂਖਵੇਂਕਰਨ ਦੇ ਫੈਸਲੇ ਵਿੱਚ ਦੇਰੀ ਨੂੰ ਕਾਰਨ ਦਸਿਆ ਜਾ ਰਿਹਾ ਹੈ, ਪਰੰਤੂ ਸਿਆਸੀ ਮਾਹਿਰ ਮੰਨਦੇ ਹਨ ਕਿ ਪੰਜਾਬ ਦੀ ਸੱਤਾਧਾਰੀ ਧਿਰ ਕਾਂਗਰਸ ਇਹਨਾਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਅਹਿਮ ਐਲਾਨ ਕਰਨਾ ਚਾਹੁੰਦੀ ਸੀ, ਜਿਸ ਕਰਕੇ ਇਹ ਚੋਣਾਂ ਕਰਵਾਉਣ ਦਾ ਕੰਮ ਲਮਕ ਰਿਹਾ ਸੀ| ਸਰਕਾਰ ਵਲੋਂ ਬੀਤੇ ਦਿਨ ਕਿਸਾਨਾਂ ਦੇ ਕਰਜੇ ਮਾਫ ਕੀਤੇ ਜਾਣ ਨੂੰ ਵੀ ਪੰਚਾਇਤੀ ਚੋਣਾਂ ਵਿੱਚ ਲਾਹਾ ਲੈਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ| ਇਸੇ ਤਰ੍ਹਾਂ ਪੰਜਾਬ ਸਰਕਾਰ ਵਲੋਂ ਕੁਝ ਦਿਨ ਪਹਿਲਾਂ ਸੁਲਤਾਨਪੁਰ ਲੋਧੀ ਵਿਖੇ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਵੀ ਰੱਖੇ ਗਏ ਹਨ ਅਤੇ ਉਹਨਾਂ ਪ੍ਰੋਜੈਕਟਾਂ ਨੂੰ ਵੀ ਪੰਚਾਇਤ ਚੋਣਾਂ ਵਿੱਚ ਲਾਹਾ ਲੈਣ ਵਾਲਾ ਮੰਨਿਆ ਜਾ ਰਿਹਾ ਹੈ|
ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਮੌਕੇ ਭਾਵੇਂ ਅਕਾਲੀ ਦਲ ਤੀਜੇ ਨੰਬਰ ਤੇ ਪਹੁੰਚ ਗਿਆ ਸੀ ਪਰੰਤੂ ਪੰਚਾਇਤ ਚੋਣਾਂ ਵਿੱਚ ਮੁੱਖ ਮੁਕਾਬਲਾ ਸੱਤਾਧਾਰੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਵਿਚਾਲੇ ਹੀ ਮੰਨਿਆ ਜਾ ਰਿਹਾ ਹੈ| ਬਰਗਾੜੀ ਕਾਂਡ ਵਿੱਚ ਨਾਮ ਆਉਣ ਤੋਂ ਬਾਅਦ ਜਿਸ ਤਰੀਕੇ ਨਾਲ ਅਕਾਲੀ ਦਲ ਬਾਦਲ (ਖਾਸ ਕਰ ਬਾਦਲ ਪਰਿਵਾਰ) ਨੂੰ ਲੋਕ ਰੋਹ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਉਸਨੂੰ ਵੇਖਦਿਆਂ ਲੱਗ ਰਿਹਾ ਸੀ ਕਿ ਅਕਾਲੀ ਦਲ ਨੂੰ ਵਿਧਾਨਸਭਾ ਚੋਣਾ ਵਾਂਗ ਪੰਚਾਇਤ ਚੋਣਾਂ ਵਿੱਚ ਵੀ ਵੱਡੀ ਮਾਰ ਪੈਣੀ ਹੈ| ਇਸ ਦੌਰਾਨ ਅਕਾਲੀ ਦਲ ਵਲੋਂ ਨਵਾਂ ਪੈਂਤੜਾ ਅਖਤਿਆਰ ਕਰਦਿਆਂ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਜਾਣੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਦੀ ਮਾਫੀ ਮੰਗਣ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਾਠ ਕਰਵਾਉਣ ਦੀ ਕਾਰਵਾਈ ਨੂੰ ਜਿੱਥੇ ਪਾਰਟੀ ਨੂੰ ਮੁੜ ਪੈਰਾ ਸਿਰ ਕਰਨ ਵਾਲੀ ਕਾਰਵਾਈ ਦੇ ਤਹਿਤ ਵੇਖਿਆ ਜਾ ਰਿਹਾ ਹੈ ਉੱਥੇ ਇਸਦਾ ਪੰਚਾਇਤ ਚੋਣਾਂ ਦੌਰਾਨ ਅਕਾਲੀ ਦਲ ਵਲੋਂ ਪੰਚਾਇਤ ਚੋਣਾਂ ਲੜਣ ਵਾਲੇ ਉਮੀਦਵਾਰਾਂ ਨੂੰ ਵੀ ਥੋੜ੍ਹਾ ਬਹੁਤ ਫਾਇਦਾ ਮਿਲਣਾ ਤੈਅ ਹੈ| ਪੰਜਾਬ ਵਿਧਾਨਸਭਾ ਵਿੱਚ ਮੁੱਖ ਵਿਰੋਧੀ ਧਿਰ (ਆਮ ਆਦਮੀ ਪਾਰਟੀ) ਆਪਸੀ ਪਾਟੋਧਾੜ ਦੀ ਸ਼ਿਕਾਰ ਹੋਣ ਕਾਰਨ ਇਸ ਵੇਲੇ ਹਾਸ਼ੀਏ ਤੇ ਪਹੁੰਚੀ ਨਜਰ ਆ ਰਹੀ ਹੈ ਅਤੇ ਪੰਚਾਇਤ ਚੋਣਾਂ ਦੌਰਾਨ ਇਸਦੀ ਕੋਈ ਭੂਮਿਕਾ ਨਜਰ ਨਹੀਂ ਆ ਰਹੀ ਇਸ ਲਈ ਮੁੱਖ ਮੁਕਾਬਲਾ ਕਾਂਗਸ ਅਤੇ ਅਕਾਲੀ ਦਲ ਵਿਚਕਾਰ ਹੀ ਹੋਣ ਦੀ ਸੰਭਾਵਨਾ ਹੈ|
ਚੋਣਾਂ ਦੇ ਐਲਾਨ ਦੇ ਨਾਲ ਹੀ ਪੰਜਾਬ ਵਿੱਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਗਿਆ ਹੈ| ਇਸ ਦੌਰਾਨ ਜਿੱਥੇ ਪੰਚਾਇਤ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਲੋਕਾਂ ਨਾਲ ਰਾਬਤਾ ਪਹਿਲਾਂ ਹੀ ਵਧਾਇਆ ਜਾ ਚੁੱਕਿਆ ਹੈ ਅਤੇ ਇਲਾਕੇ ਦੇ ਸਾਰੇ ਵਸਨੀਕਾਂ ਦੇ ਦੁਖ ਸੁੱਖ ਵਿੱਚ ਸ਼ਾਮਿਲ ਹੋ ਰਹੇ ਹਨ, ਉਥੇ ਵੱਖ ਵੱਖ ਪਾਰਟੀਆਂ ਦੀ ਟਿਕਟ ਉਪਰ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਵੀ ਪਾਰਟੀ ਟਿਕਟ ਪੱਕੀ ਕਰਨ ਲਈ ਪੂਰਾ ਜੋਰ ਲਾਇਆ ਜਾ ਰਿਹਾ ਹੈ| ਲਗਭਗ ਸਾਰੀਆਂ ਹੀ ਪਾਰਟੀਆਂ ਦੇ ਸਮਰਥਕਾਂ ਦੇ ਹਰ ਪਿੰਡ ਵਿੱਚ ਦੋ ਦੋ ਤਿੰਨ ਤਿੰਨ ਧੜੇ ਹਨ ਅਤੇ ਸਾਰੇ ਧੜੇ ਆਪਣੇ ਆਗੂ ਨੂੰ ਪੰਚਾਇਤੀ ਚੋਣਾਂ ਦੀ ਟਿਕਟ ਯਕੀਨੀ ਬਣਾਉਣ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੇ ਹਨ|
ਪੰਚਾਇਤ ਚੋਣਾਂ ਲੜਨ ਵਾਲੇ ਉਮੀਦਵਾਰਾਂ ਵਲੋਂ ਜਿਥੇ ਅਖਬਾਰਾਂ ਵਿੱਚ ਆਪਣੇ ਚੋਣ ਇਸ਼ਤਿਹਾਰ ਦੇਣੇ ਸ਼ੁਰੂ ਕਰ ਦਿਤੇ ਗਏ ਹਨ, ਉਥੇ ਉਹਨਾਂ ਵਲੋਂ ਆਪਣੇ ਚੋਣ ਹਲਕੇ ਵਿੱਚ ਪੋਸਟਰ ਅਤੇ ਬੈਨਰ ਲਗਾਉਣ ਦਾ ਕੰਮ ਵੀ ਜੰਗੀ ਪੱਧਰ ਉਪਰ ਕੀਤਾ ਜਾ ਰਿਹਾ ਹੈ| ਇਸ ਦੇ ਨਾਲ ਚੋਣ ਲੜਨ ਦੇ ਚਾਹਵਾਨਾਂ ਵਲੋਂ ਆਪਣੇ ਸਮਰਥਕਾਂ ਨਾਲ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ|
ਪੰਚਾਇਤ ਚੋਣਾਂ ਦੌਰਾਨ ਕਾਂਗਰਸ, ਅਕਾਲੀ ਦਲ ਅਤੇ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ ਨਾਲ ਵੱਖੋ ਵੱਖ ਆਜਾਦ ਉਮੀਦਵਾਰ ਵੀ ਕਿਸਮਤ ਅਜਮਾਉਣ ਲਈ ਸਾਮ੍ਹਣੇ ਆ ਰਹੇ ਹਨ ਅਤੇ ਵੇਖਣਾ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੌਰਾਨ ਇਹ ਉਮੀਦਵਾਰ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਕਿਸ ਮੁਕਾਮ ਤਕ ਲੈ ਕੇ ਜਾਂਦੇ ਹਨ|

Leave a Reply

Your email address will not be published. Required fields are marked *