ਪੰਚਾਇਤ ਯੂਨੀਅਨ ਪੰਜਾਬ ਦਾ ਵਫਦ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਮਿਲਿਆ

ਐਸ. ਏ. ਐਸ ਨਗਰ, 20 ਜੂਨ (ਸ.ਬ.) ਪੰਚਾਇਤ ਯੂਨੀਅਨ ਪੰਜਾਬ ਦਾ ਵਫਦ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰ. ਹਰਮਿੰਦਰ ਸਿੰਘ ਮਾਵੀ ਦੀ ਅਗਵਾਈ ਹੇਠ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਮਿਲਿਆ| ਸ੍ਰ. ਮਾਵੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਪੰਚਾਇਤੀ ਜਮੀਨ ਤੋਂ ਹੋਣ ਵਾਲੀ ਆਮਦਨ ਪੇਂਡੂ ਵਿਕਾਸ ਦੇ ਖਰਚਣ ਤੋਂ ਰੋਕ ਲਾਉਣ ਲਈ ਸਾਰੇ ਬੀ. ਡੀ. ਪੀ. ਓ ਬਲਾਕਾਂ ਨੂੰ ਚਿੱਠੀਆਂ ਭੇਜੀਆਂ ਗਈਆਂ ਸਨ, ਜਿਸ ਨਾਲ ਪਿੰਡਾਂ ਦਾ ਵਿਕਾਸ ਰੁਕ ਗਿਆ ਸੀ| ਉਹਨਾਂ ਦੱਸਿਆ ਕਿ ਪੰਚਾਇਤ ਯੂਨੀਅਨ ਨੇ ਪੰਜਾਬ ਸਰਕਾਰ ਦੀ ਚਿੱਠੀ ਖਿਲਾਫ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿਟ ਦਾਇਰ ਕੀਤੀ ਸੀ ਜਿਸ ਤੇ ਮਾਣਯੋਗ ਅਦਾਲਤ ਨੇ ਸਰਕਾਰ ਦੀ ਚਿੱਠੀ ਸਟੇਅ ਕਰ ਦਿੱਤੀ ਹੈ ਅਤੇ ਵਫਦ ਵਲੋਂ ਕੋਰਟ ਦੇ ਆਰਡਰ ਦੀ ਕਾਪੀ ਡਾਇਰੈਕਟਰ ਨੂੰ ਦਿੱਤੀ ਗਈ|
ਸ੍ਰ. ਮਾਵੀ ਨੇ ਕਿਹਾ ਕੇ ਜੇਕਰ ਪੰਜਾਬ ਸਰਕਾਰ ਨੇ ਮਾਣਯੋਗ ਅਦਾਲਤ ਦੇ ਆਰਡਰ ਮੰਨਣ ਤੋਂ ਆਨਾਕਾਨੀ ਕੀਤੀ ਤਾਂ ਪੰਚਾਇਤ ਯੂਨੀਅਨ ਪੰਜਾਬ ਹਾਈਕੋਰਟ ਵਿੱਚ ਅਦਾਲਤੀ ਹੁਕਮਾਂ ਦੀ ਉਲੰਘਣਾ ਦਾ ਕੇਸ ਪਾਉਣ ਲਈ ਮਜਬੂਰ ਹੋਵੇਗੀ| ਉਹਨਾਂ ਦੱਸਿਆ ਕਿ ਜੇਕਰ ਪੰਚਾਇਤਾਂ ਨੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਕੋਈ ਅਦਾਇਗੀ ਕਰਨੀ ਹੋਵੇ ਤਾਂ 25000 ਰੁਪਏ ਦੇ ਚੈਕ ਤੋਂ ਵੱਧ ਦੀ ਪੇਮੈਂਟ ਦੇ ਚੈਕ ਤੇ ਬੀ ਡੀ ਪੀ ਓ ਦੇ ਦਸਤਖਤ ਹੁੰਦੇ ਹਨ| ਜੇਕਰ ਕਿਸੇ ਬਲਾਕ ਦਾ ਬੀ ਡੀ ਪੀ ਓ ਚੈਕ ਤੇ ਦਸਤਖਤ ਨਹੀਂ ਕਰੇਗਾ ਤਾਂ ਉਕਤ ਬੀ ਡੀ ਪੀ ਓ ਦੇ ਖਿਲਾਫ ਵੀ ਅਦਾਲਤ ਵਿੱਚ ਨਾਮਜਦ ਸ਼ਿਕਾਇਤ ਕੀਤੀ ਜਾਵੇਗੀ|
ਸ੍ਰ. ਮਾਵੀ ਨੇ ਕਿਹਾ ਪੰਜਾਬ ਦੀ ਕਾਂਗਰਸ ਸਰਕਾਰ ਤਾਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਗਈ ਹੈ ਪਰੰਤੂ ਜਦੋਂ ਪੰਚਾਇਤਾਂ ਨੇ ਕਿਸੇ ਬੋਲੀਕਾਰ ਨੂੰ ਜਮੀਨ ਠੇਕੇ ਦੇ ਦੇਣੀ ਹੁੰਦੀ ਹੈ| ਤਾਂ ਪੰਚਾਇਤਾਂ ਵੱਲੋਂ ਬੋਲੀਕਾਰ ਨਾਲ ਕਈ ਕਿਸਮ ਦੇ ਵਾਅਦੇ ਕੀਤੇ ਹੁੰਦੇ ਹਨ| ਜਿਵੇਂ ਜਮੀਨ ਪੱਧਰੀ ਕਰਵਾ ਕੇ ਦੇਣਾ, ਬੋਰ ਦੀ ਰਿਪੇਅਰ ਕਰਨਾ, ਬਿਜਲੀ ਦੀਆਂ ਤਾਰਾਂ ਅਤੇ ਬਿਜਲੀ ਕਨੈਕਸ਼ਨ ਲਾ ਕੇ ਦੇਣਾ ਆਦਿ| ਭਾਵੇਂ ਜਮੀਨਾਂ ਦੀ ਬੋਲੀਆਂ ਕਰਵਾ ਕੇ ਜੋ ਫੰਡ ਆਇਆ ਸੀ ਪੰਚਾਇਤਾਂ ਦੇ ਖਾਤਿਆਂ ਵਿੱਚ ਜਮਾ ਹੋ ਗਿਆ ਹੈ| ਪਰ ਫੰਡ ਨਾ ਨਿਕਲਣ ਕਰਕੇ ਸਾਰੇ ਕੰਮ ਰੁਕ ਗਏ ਹਨ| ਉਹਨਾਂ ਕਿਹਾ ਕਿ ਕਈ ਥਾਵਾਂ ਤੇ ਤਾਂ ਬੋਲੀਕਾਰ ਸ਼ਰਤਾਂ ਪੂਰੀਆਂ ਨਾ ਹੋਣ ਕਰਕੇ ਪੰਚਾਇਤਾਂ ਤੋਂ ਬੋਲੀ ਦੇ ਪੈਸੇ ਵਾਪਸ ਮੰਗ ਰਹੇ ਹਨ| ਇਸ ਕਰਕੇ ਪੰਚਾਇਤਾਂ ਦੇ ਹਾਲਾਤ ਬਦਤਰ ਹੋਏ ਪਏ ਹਨ|
ਇਸ ਸਮੇਂ ਉਹਨਾਂ ਦੇ ਨਾਲ ਗੁਰਚਰਨ ਸਿੰਘ ਰਡਿਆਲਾ ਜਨਰਲ ਸਕੱਤਰ ਪੰਜਾਬ , ਬਲਵਿੰਦਰ ਸਿੰਘ ਕੁੰਭੜਾ ਜਿਲ੍ਹਾ ਪ੍ਰਧਾਨ ਐਸ ਏ. ਐਸ ਨਗਰ, ਸਾਹਿਬ ਸਿੰਘ ਬਲਾਕ ਪ੍ਰਧਾਨ ਬਾਘਾ ਪੁਰਾਣਾ, ਸੋਹਣ ਸਿੰਘ ਸਰਪੰਚ ਸੰਗਤਸਰ, ਗੁਰਦੀਪ ਸਿੰਘ ਸਰਪੰਚ ਸਮਾਲਸਰ, ਪਰਮਿੰਦਰ ਸਿੰਘ ਸਰਪੰਚ ਸੁੱਖ ਅਨੰਦ, ਗੁਰਤੇਜ ਸਿੰਘ ਸਰਪੰਚ ਮਾੜੀ ਮੁਸਤਫਾ, ਕੁਲਵੰਤ ਸਿੰਘ ਸਰਪੰਚ ਵਾਦਰ ਬਲਾਕ ਬਾਘਾ ਪੁਰਾਨਾ ਆਦਿ ਹਾਜਿਰ ਹਨ|

Leave a Reply

Your email address will not be published. Required fields are marked *