ਪੰਚਾਇਤ ਵਿਭਾਗ ਵੱਲੋਂ ਪਿੰਡਾਂ ਵਿੱਚ ਲਗਾਏ ਬੈਂਚਾਂ ਦੀ ਵਿਜੀਲੈਂਸ ਜਾਂਚ ਹੋਵੇ: ਗਰਚਾ

ਮਾਜਰੀ/ਕੁਰਾਲੀ, 27 ਫ਼ਰਵਰੀ (ਸ.ਬ.) ਵਿਧਾਨ ਸਭਾ ਹਲਕਾ ਖਰੜ ਦੇ ਲੋਕਾਂ ਦੀਆਂ ਸਮੱਸਿਆਵਾਂ ਮੀਡੀਆ ਰਾਹੀਂ ਉਭਾਰ ਕੇ ਹੱਲ ਕਰਵਾਉਣ ਲਈ ਯਤਨਸ਼ੀਲ ਸੀਨੀਅਰ ਆਗੂ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਪਿੰਡਾਂ ਵਿੱਚ ਪੰਚਾਇਤ ਵਿਭਾਗ ਪੰਜਾਬ ਵੱਲੋਂ ਲੋਕਾਂ ਦੀ ਸੁਵਿਧਾ ਦੇ ਨਾਂ ‘ਤੇ ਲਗਾਏ ਗਏ ਬੈਂਚਾਂ ਦੀ ਕੁਆਲਿਟੀ ‘ਤੇ ਸਵਾਲੀਆ ਚਿੰਨ੍ਹ ਖੜ੍ਹਾ ਕੀਤਾ ਹੈ| ਸ੍ਰੀਮਤੀ ਗਰਚਾ ਨੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਇੱਕ ਪੱਤਰ ਲਿਖ ਕੇ ਇਨ੍ਹਾਂ ਬੈਂਚਾਂ ਦੀ ਕੁਆਲਿਟੀ ਚੈੱਕ ਕਰਵਾਉਣ ਅਤੇ ਵਿਜੀਲੈਂਸ ਜਾਂਚ ਕਰਵਾ ਕੇ ਸਬੰਧਿਤ ਅਫ਼ਸਰਾਂ ਖਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ|
ਹਲਕਾ ਖਰੜ ਦੇ ਵੱਖ ਵੱਖ ਪਿੰਡਾਂ ਸਿਆਲਬਾ, ਵਜੀਦਪੁਰ, ਬਲਾਕ ਮਾਜਰੀ ਅਤੇ ਹੋਰ ਕਈ ਪਿੰਡਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਗਰਚਾ ਨੇ ਕਿਹਾ ਕਿ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਵਿਚ ਲਗਾਏ ਗਏ ਇਹ ਬੈਂਚ ਅਜੇ ਲਗਭਗ ਇੱਕ ਮਹੀਨਾ ਪਹਿਲਾਂ ਹੀ ਲਗਾਏ ਗਏ ਸਨ ਤਾਂ ਜੋ ਪੇਂਡੂ ਲੋਕਾਂ ਨੂੰ ਗੁੰਮਰਾਹ ਕਰਕੇ ਪ੍ਰਤੀ ਆਕਰਸ਼ਿਤ ਕੀਤਾ ਜਾ ਸਕੇ| ਉਨ੍ਹਾਂ ਕਿਹਾ ਕਿ ਜੋ ਕਿ ਟੁੱਟ ਵੀ ਚੁੱਕੇ ਹਨ ਅਤੇ ਕਈ ਟੁੱਟਣ ਦੀ ਕਗਾਰ ‘ਤੇ ਹਨ|
ਸ੍ਰੀਮਤੀ ਗਰਚਾ ਨੇ ਕਿਹਾ ਕਿ ਪੰਚਾਇਤ ਵਿਭਾਗ ਦੇ ਜਿਨ੍ਹਾਂ ਅਫ਼ਸਰਾਂ ਦੀ ਦੇਖ ਰੇਖ ਵਿੱਚ ਇਹ ਘਟੀਆ ਕੁਆਲਿਟੀ ਦੇ ਬੈਂਚ ਖਰੀਦੇ ਜਾਂ ਲਗਾਏ ਗਏ ਹਨ, ਜਾਂਚ ਕਰਵਾ ਕੇ ਉਨ੍ਹਾਂ ਅਫ਼ਸਰਾਂ ਦੀ ਜੇਬ ਵਿੱਚੋਂ ਪੈਸੇ ਖਰਚ ਕਰਵਾ ਕੇ ਇਹ ਬਦਲਵਾਏ ਜਾਣ| ਉਨ੍ਹਾਂ ਕਿਹਾ ਕਿ ਸਰਕਾਰ ਦਾ ਪੈਸਾ ਲੋਕਾਂ ਦੀ ਸਹੂਲਤ ਲਈ ਹੁੰਦਾ ਹੈ ਅਤੇ ਸਬੰਧਿਤ ਅਫ਼ਸਰਾਂ ਨੇ ਇਸ ਪੈਸੇ ਨਾਲ ਵਧੀਆ ਕੁਆਲਿਟੀ ਦਾ ਸਮਾਨ ਖਰੀਦ ਕੇ ਲੋਕਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣੀਆਂ ਹੁੰਦੀਆਂ ਹਨ| ਪ੍ਰੰਤੂ ਇਨ੍ਹਾਂ ਬੈਂਚਾਂ ਦੇ ਕਰੀਬ ਇੱਕ ਮਹੀਨੇ ਵਿੱਚ ਹੀ ਟੁੱਟ ਜਾਣ ਨੇ ਪੰਚਾਇਤ ਵਿਭਾਗ ਦੇ ਅਫ਼ਸਰਾਂ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਚਿੰਨ੍ਹ ਖੜ੍ਹੇ ਕੀਤੇ ਹਨ| ਸ੍ਰੀਮਤੀ ਗਰਚਾ ਨੇ ਕਿਹਾ ਕਿ ਇਨ੍ਹਾਂ ਬੈਂਚਾਂ ਦੀ ਤੁਰੰਤ ਵਿਜੀਲੈਂਸ ਜਾਂਚ ਕਰਵਾਈ ਜਾਵੇ| ਇਸ ਮੌਕੇ ਮੁਨੀਸ਼ ਮਾਜਰੀ, ਦਰਸ਼ਨ ਪੰਚ ਮਾਜਰੀ, ਬੱਲੀ ਸੈਣੀ ਆਦਿ ਵੀ ਉਨ੍ਹਾਂ ਦੇ ਨਾਲ ਸਨ|

Leave a Reply

Your email address will not be published. Required fields are marked *