ਪੰਛੀਆਂ ਨੂੰ ਲੁਪਤ ਹੋਣ ਤੋਂ ਬਚਾਉਣ ਲਈ ਯਤਨ ਕਰਨ ਦੀ ਲੋੜ


ਕੁਦਰਤ ਵਿੱਚ ਆਏ ਦਿਨ ਹੁੰਦੇ ਬਦਲਾਉ ਕਾਰਨ ਸਾਡੇ ਜਨਜੀਵਨ ਤੇ ਤਾਂ ਪ੍ਰਭਾਵ ਪੈਂਦਾ ਹੀ ਹੈ ਨਾਲ ਹੀ ਸਾਡੇ ਪੰਛੀਆਂ ਤੇ ਵੀ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ| ਅਚਾਨਕ ਮੌਸਮ ਦੀ ਤਬਦੀਲੀ ਕਾਰਣ ਸਾਡੇ ਪੰਛੀ ਵਿਲੁਪਤ ਹੋ ਰਹੇ ਹਨ| ਮੌਸਮ ਦੇ ਵਿਗੜਦੇ ਮਿਜਾਜ ਨੂੰ ਦੇਖਦੇ ਹੋਏ ਸਾਨੂੰ ਇਹਨਾਂ ਪੰਛੀਆਂ ਦੇ ਬਚਾਉ ਲਈ ਯੋਗ ਕਦਮ ਚੁੱਕਣੇ ਚਾਹੀਦੇ ਹਨ| ਇਹਨਾਂ ਦੇ ਲੁਪਤ ਹੋਣ ਕਾਰਣ ਸਾਨੂੰ ਵੱਡਾ ਧੱਕਾ ਲੱਗੇਗਾ|
ਖੇਤਾਂ ਵਿੱਚ ਕੀਟਨਾਸ਼ਕ ਦਵਾਈਆਂ ਦੀ ਹੋ ਰਹੀ ਵਰਤੋਂ ਕਾਰਨ ਵੀ ਇਹਨਾਂ ਪੰਛੀਆਂ ਦੀ ਹੋਂਦ ਲਈ ਵੱਡਾ ਖਤਰਾ ਪੈਦਾ ਹੋਣ ਲੱਗਾ| ਇਹਨਾਂ ਪੰਛੀਆਂ ਦੀ ਘੱਟ ਰਹੀ ਗਿਣਤੀ ਨੂੰ ਵਧਾਉਣ ਲਈ ਯੋਗ ਉਪਰਾਲਿਆ ਦੀ ਲੋੜ ਹੈ| ਇਹਨਾਂ ਪ੍ਰਜਾਤੀਆਂ ਨੂੰ ਅਸੀਂ ਕਿਵੇਂ ਸੁਰੱਖਿਆ ਪ੍ਰਦਾਨ ਕਰਵਾਉਣੀ ਹੈ ਇਸ ਲਈ ਵਿਚਾਰ ਵਟਾਂਦਰਾ ਕੀਤਾ ਜਾਣਾ ਬਹੁਤ ਜਰੂਰੀ ਹੈ|   ਕੁਦਰਤ ਨੂੰ ਪਿਆਰ ਕਰਨ ਵਾਲੇ ਵਿਅਕਤੀਆਂ ਦੇ ਸਹਿਯੋਗ ਸਦਕਾ ਇਹਨਾਂ ਪ੍ਰਜਾਤੀਆਂ ਦੀ ਹੋਂਦ ਕਾਇਮ ਹੋ ਸਕਦੀ ਹੈ| ਸਾਡੇ ਸਮਾਜ ਵਿੱਚ ਇਹਨਾਂ ਪੰਛੀਆਂ ਦਾ ਹੋਣਾ ਲਾਜ਼ਮੀ ਹੈ|
ਪੰਛੀਆਂ ਦੇ ਲੁਪਤ ਹੋਣ ਦਾ ਕਾਰਣ ਆਲ੍ਹਣੇ ਵੀ ਹਨ ਜਦੋਂ ਇਹਨਾਂ ਦੇ ਆਲ੍ਹਣੇ ਬਰਸਾਤਾਂ ਜਾਂ ਹਨ੍ਹੇਰੀ ਤੂਫਾਨ ਜਾਂ ਹੋਰ ਕਾਰਣਾਂ ਕਰਕੇ ਟੁੱਟ ਜਾਂਦੇ ਹਨ  ਉਦੋਂ ਇਹਨਾਂ ਨੂੰ ਲੁੱਕਣ ਜਾਂ ਸੁਰੱਖਿਅਤ ਥਾਂ ਨਾ ਮਿਲਣ ਕਾਰਨ ਇਹਨਾਂ ਦੀ ਜੀਵਨ ਲੀਲਾ ਖਤਮ ਹੋ ਜਾਂਦੀ ਹੈ| ਸਾਨੂੰ ਇਹਨਾਂ ਪੰਛੀਆਂ ਦੇ ਆਲ੍ਹਣਿਆਂ ਦੇ ਬਚਾਉ ਲਈ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਇਹਨਾਂ ਪੰਛੀਆਂ ਦੀ ਹੋਂਦ ਕਾਇਮ ਰਹਿ ਸਕੇ|
ਅੱਜ ਕੱਲ੍ਹ ਤਾਂ ਸਾਡੇ ਆਮ ਹੀ ਲੱਕੜੀ, ਲੋਹੇ, ਤੇ ਮਿੱਟੀ ਦੇ ਵਧੀਆ ਢੰਗ ਨਾਲ ਬਣੇ ਆਲ੍ਹਣੇ ਮਿਲ ਜਾਂਦੇ ਹਨ| ਇਹ ਆਲ੍ਹਣੇ ਵਾਜਬ ਕੀਮਤ ਤੇ ਮਿਲ ਜਾਂਦੇ ਹਨ| ਜੇਕਰ ਅੱਜ ਲੋੜ ਹੈ ਤਾਂ ਇਹਨਾਂ ਪੰਛੀਆਂ ਦੀ ਹੋਂਦ ਬਰਕਰਾਰ ਰੱਖਣ ਦੀ ਤਾਂ ਹਰ ਵਿਅਕਤੀ ਨੂੰ ਇਹਨਾਂ ਆਲ੍ਹਣਿਆਂ ਨੂੰ ਰੁੱਖਾਂ ਉੱਤੇ ਲਗਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਇਹਨਾਂ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਖਤਮ ਨਾ ਹੋਣ ਦੇਈਏ| ਸਾਡੇ ਕਿਸਾਨ ਭਰਾਵਾਂ ਲਈ ਤਾਂ ਇਹ ਹੋਰ ਵੀ ਆਸਾਨ ਹੈ| ਖੇਤਾਂ ਵਿੱਚ ਫਾਲਤੂ ਸੁੱਕਾ ਘਾਹ ਫੂਸ ਇਕੱਠਾ ਕਰ ਦਰਖਤਾਂ ਉਤੇ ਰੱਖ ਆਲ੍ਹਣਾ ਤਿਆਰ ਕੀਤਾ ਜਾ ਸਕਦਾ ਹੈ|  
ਵੱਡੇ ਤੇ ਚੌੜੇ ਸੜਕਾਂ ਬਣਨ ਕਾਰਣ ਭਾਵੇਂ ਸਾਡੇ ਬਹੁਤ ਸਾਰੇ ਦਰਖਤਾਂ ਦੀ ਕਟਾਈ ਕੀਤੀ ਜਾ ਚੁੱਕੀ ਹੈ| ਜੋ ਕਿ ਇਹਨਾਂ ਪੰਛੀਆਂ ਲਈ ਬਹੁਤ ਹੀ ਮੰਦਭਾਗੀ ਹੋ ਸਕਦੀ ਹੈ| ਇਹਨਾਂ ਦੇ ਲੁਪਤ ਹੋਣ ਦਾ ਕਾਰਣ ਇਹਨਾਂ ਦਰਖਤਾਂ ਦੀ ਕਟਾਈ ਵੀ ਹੈ| ਕਿਉਂਕਿ ਵੱਡੇ ਤੇ ਚੌੜੇ ਸੜਕਾਂ ਬਣਨ ਤੇ ਤਾਂ ਸਭ ਨੇ ਸ਼ਲਾਘਾ ਹੀ ਕੀਤੀ ਹੋਣੀ ਹੈ ਪਰੰਤੂ ਕਿਸੇ ਦੇ ਦਿਮਾਗ ਵਿੱਚ ਇਹ ਗੱਲ ਕਿਉਂ ਨਹੀਂ ਆਈ ਕਿ ਇਹਨਾਂ ਪੰਛੀਆਂ ਦੇ ਘਰ ਉਜੜ ਰਹੇ ਹਨ| ਕਿਉਂ ਨਹੀਂ ਸੋਚਿਆ ਗਿਆ ਕਿ ਇਹਨਾਂ ਦੇ ਆਲ੍ਹਣੇ ਟੁੱਟ ਰਹੇ ਹਨ ਭਾਵ ਘਰ ਤਬਾਹ ਹੋ ਰਹੇ ਹਨ| ਇਹਨਾਂ ਦੇ ਨਵੇਂ ਘਰ ਬਣਾਉਣ ਬਾਰੇ ਤਾਂ ਬਹੁਤ ਦੂਰ ਦੀ ਗੱਲ ਰਹੀ| ਅੱਜ ਕੱਲ੍ਹ ਤਾਂ ਖੇਤਾਂ ਵਿੱਚ ਲੱਗੇ ਦਰਖਤ ਵੀ ਕੱਟੇ ਜਾ ਰਹੇ ਹਨ ਕਿਉਂਕਿ ਉੱਚੀਆਂ ਲੰਮੀਆਂ ਇਮਾਰਤਾਂ ਜੋ ਖੜ੍ਹੀਆ ਹੋ ਗਈਆਂ ਹਨ| ਇਹਨਾਂ ਇਮਾਰਤਾਂ ਦੇ ਕਾਰਨ ਦਰਖਤਾਂ ਦੀ ਕਟਾਈ ਹੋਈ ਦਰਖਤਾਂ ਤੇ ਬੈਠੇ ਪੰਛੀਆਂ ਦੇ ਘਰ ਬਰਬਾਦ ਹੋਏ ਕੌਣ ਜਿੰਮੇਵਾਰ ਹੈ| ਸਾਨੂੰ ਕਿਸੇ ਨੂੰ ਕੁਝ ਨਹੀਂ ਪਤਾ ਆਉ ਵਿਚਾਰ ਕਰੀਏ| ਇਹਨਾਂ ਦੀ ਵਿਲੁਪਤਾ ਜੇਕਰ ਨਸ਼ਟ ਨਹੀਂ ਹੋਣ ਦੇਣੀ ਤਾਂ ਘੱਟੋਂ ਘੱਟ ਹਰ ਇਨਸਾਨ ਆਲ੍ਹਣੇ ਦਾ ਪ੍ਰਬੰਧ ਕਰਕੇ ਇਹਨਾਂ ਦੇ ਮੁੜ ਤੋਂ ਘਰ ਵਸਾਏ ਜਾ ਸਕਦੇ ਹਨ| ਇਹਨਾਂ ਦਰਖਤਾਂ ਉੱਤੇ ਬਣੇ ਇਹਨਾਂ ਦੇ ਆਲ੍ਹਣੇ ਮੁੜ ਤੋਂ ਤਿਆਰ ਕਰ ਇਹਨਾਂ ਦੇ ਬਚਾਉ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ| ਕੁਝ ਕੁ ਸਾਡੇ ਦੁਆਰਾ ਲਗਾਏ ਗਏ ਟਾਵਰਾਂ ਦੀ ਵਜ੍ਹਾ ਕਾਰਣ ਵੀ ਇਹਨਾਂ ਦੀ ਆਮਦ ਵਿੱਚ ਫਰਕ ਪਾ ਦਿੱਤਾ ਹੈ| ਪੰਛੀ ਦੇ ਚਹਿ -ਚਿਹਾਉਣ ਲਈ ਸਾਨੂੰ ਠੋਸ ਨੀਤੀ ਅਪਣਾ ਕਿ ਇਹਨਾਂ ਦੀ ਗੌਰ ਕਰਨੀ ਪੈਣੀ ਹੈ ਤਾਂ ਕਿ ਅਸੀਂ ਆਪਣੇ ਪੰਛੀਆਂ ਨੂੰ ਖਤਮ ਹੋਣ ਤੋਂ ਬਚਾ ਸਕੀਏ|
ਕਹਿੰਦੇ ਹਨ ਭਾਵੇਂ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚਲਦਾ ਪਰੰਤੂ ਫਿਰ ਵੀ ਪੰਛੀਆਂ ਦੀ ਘੱਟਦੀ ਗਿਣਤੀ ਕਾਰਨ ਮਨੁੱਖਤਾ ਤੇ ਲਾਹਨਤਾਂ ਪੈਣਗੀਆਂ| ਮਨੁੱਖ ਨੇ ਆਪਣੀਆਂ ਸਹੂਲਤਾਂ ਲਈ ਦਰਖਤਾਂ ਦੀ ਕਟਾਈ ਕਰਕੇ ਚੌੜੇ ਰੋਡ ਬਣਾ ਲਏ ਨੇ ਪਰੰਤੂ ਇਹਨਾਂ ਪੰਛੀਆਂ ਬਾਰੇ ਕਿਸੇ ਨੇ ਗੌਰ ਨਹੀਂ ਕੀਤੀ, ਕਿ ਇਹਨਾਂ ਪੰਛੀਆਂ ਵਿਚਾਰਿਆਂ ਦਾ ਕੀ ਬਣੇਗਾ ਇਹ ਕਿਥੇ ਰਹਿਣਗੇ ਅਤੇ ਕਿਥੇ ਜਾਣਗੇ| ਕਿਸੇ ਨੇ ਇਸ ਗੱਲ ਤੇ ਕਦੀ ਵਿਚਾਰ ਵਟਾਂਦਰਾ ਨਹੀਂ ਕੀਤਾ ਹੋਣਾ ਪਰੰਤੂ ਕਹਿੰਦੇ ਨੇ ਸਮਾਂ ਰਹਿੰਦੇ ਅਸੀਂ ਆਪਣੀਆਂ ਗਲਤੀਆਂ ਸੁਧਾਰ ਸਕਦੇ ਹਾਂ| 
ਵਿਜੈ ਗਰਗ

Leave a Reply

Your email address will not be published. Required fields are marked *