ਪੰਜਾਬੀਆਂ ਨੂੰ ਵੀ ਲੱਗੇਗਾ ਹਰਿਆਣਾ ਦੇ ਜਾਟ ਅੰਦੋਲਨ ਦਾ ਸੇਕ, ਭਲਕੇ ਬਲੀਦਾਨ ਦਿਵਸ ਕਾਰਨ ਲੋਕ ਹਰਿਆਣਾ ਜਾਣ ਤੋਂ ਗੁਰੇਜ ਕਰਨ ਲੱਗੇ ਹਰਿਆਣਾ ਸਰਕਾਰ ਵੱਲੋਂ ਸਖਤ ਸੁਰੱਖਿਆ ਪ੍ਰਬੰਧਾਂ ਦੀ ਤਿਆਰੀ

ਐਸ ਏ ਐਸ ਨਗਰ, 18 ਫਰਵਰੀ (ਸ ਬ) ਹਰਿਆਣਾ ਵਿਚ ਚਲ ਰਹੇ ਜਾਟ ਅੰਦੋਲਨ ਅਤੇ ਜਾਟਾਂ ਵਲੋਂ 19 ਫਰਵਰੀ ਨੂੰ ਮਨਾਏ ਜਾ ਰਹੇ ਬਲੀਦਾਨ ਦਿਵਸ ਕਾਰਨ ਹਰਿਆਣਾ ਦੇ ਆਮ ਲੋਕਾਂ ਦੇ ਨਾਲ ਹੀ ਪੰਜਾਬ ਦੇ ਵਸਨੀਕਾਂ  ਦੇ ਮੱਥੇ ਉਪਰ ਵੀ ਚਿੰਤਾ ਦੀਆਂ ਲਕੀਰਾਂ ਉਭਰ ਆਈਆਂ ਹਨ| ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਪਿਛਲੇ ਸਾਲ ਹਰਿਆਣਾ ਵਿਚ ਚਲੇ ਜਾਟ ਅੰਦੋਲਨ ਦਾ ਪੰਜਾਬੀਆਂ ਨੂੰ ਵੀ  ਬਹੁਤ ਬੁਰੀ ਤਰਾਂ ਸੇਕ ਲਗਿਆ ਸੀ ਅਤੇ ਪੰਜਾਬ ਤੋਂ  ਦਿੱਲੀ ਦੇ ਏਅਰਪੋਰਟ ਉਪਰ ਜਾ ਰਹੇ ਅਤੇ ਵਿਦੇਸਾਂ ਤੋਂ ਆ ਰਹੇ ਪੰਜਾਬੀਆਂ ਖਾਸ ਕਰਕੇ ਪੰਜਾਬੀ ਔਰਤਾਂ ਨਾਲ ਜਾਟ ਅੰਦੋਲਨ ਦੀ ਆੜ ਵਿਚ ਬਹੁਤ ਬੁਰਾ ਸਲੂਕ ਕੀਤਾ ਗਿਆ ਸੀ| ਇਸ ਦੌਰਾਨ ਐਨ ਆਰ ਆਈ ਔਰਤਾਂ ਨਾਲ ਬਲਾਤਕਾਰ ਤੱਕ ਕਰਨ ਦੀਆਂ ਖਬਰਾਂ ਵੀ ਮੀਡੀਆ ਦੀਆਂ ਸੁਰਖੀਆ ਬਣੀਆਂ ਸਨ| ਇਹ ਹੀ ਕਾਰਨ ਹੈ ਕਿ ਇਸ ਵਾਰ ਵੀ ਹਰਿਆਣਾ ਵਿਚ ਸ਼ੁਰੂ ਹੋਏ ਜਾਟ ਅੰਦੋਲਨ ਅਤੇ 19 ਫਰਵਰੀ ਨੂੰ ਮਨਾਏ ਜਾ ਰਹੇ ਬਲੀਦਾਨ ਦਿਵਸ ਕਾਰਨ ਪੰਜਾਬ ਦੇ ਲੋਕਾਂ ਵਿਚ ਚਿੰਤਾ ਦੇ ਨਾਲ ਨਾਲ ਡਰ ਦੀ ਭਾਵਨਾ ਵੀ ਪਾਈ ਜਾ ਰਹੀ ਹੈ| ਹਾਲ ਤਾਂ ਇਹ ਹੈ ਕਿ ਇਸ ਹਫਤੇ ਦੌਰਾਨ ਹਰਿਆਣਾ ਜਾਂ ਦਿਲੀ ਜਾ ਰਹੇ ਜਾਂ ਜਾਣ ਵਾਲੇ ਪੰਜਾਬੀਆਂ ਨੇ ਆਪਣੇ ਪ੍ਰੋਗਰਾਮ ਹੀ ਕੈਂਸਲ ਕਰ ਦਿਤੇ ਹਨ ਅਤੇ ਵਿਦੇਸ ਆਉਣ ਜਾਣ ਵਾਲੇ ਐਨ ਆਰ ਆਈ ਪੰਜਾਬੀਆਂ ਨੇ ਵੀ ਜਾਟ ਅੰਦੋਲਨ ਨੁੰ ਦੇਖਦਿਆਂ ਆਪਣੀਆਂ ਹਵਾਈ ਜਹਾਜ ਦੀਆਂ ਟਿਕਟਾਂ ਅੱਗੇ ਕਰਵਾ ਦਿਤੀਆਂ ਹਨ| ਇਸ ਤੋਂ ਇਲਾਵਾ ਜਾਟ ਅੰਦੋਲਨ ਕਾਰਨ ਵਿਦੇਸ਼ ਜਾਣ ਜਾਂ ਵਿਦੇਸ਼ ਤੋਂ ਆਉਣ ਵਾਲੇ ਐਨ ਆਰ ਆਈ ਪੰਜਾਬੀਆਂ ਨੇ ਦਿਲੀ ਦੇ ਹਵਾਈ ਅੱਡੇ ਦੀ ਥਾਂ ਅੰਮ੍ਰਿਤਸਰ ਦੇ ਹਵਾਈ ਅੱਡੇ ਉਪਰ ਹੀ ਆਉਣਾ ਤੇ ਜਾਣਾ ਸ਼ੁਰੂ ਕਰ ਦਿਤਾ ਹੈ ਤਾਂ ਕਿ ਉਹ ਹਰਿਆਣਾ ਵਿਚ ਚਲ ਰਹੇ ਜਾਟ ਅੰਦੋਲਨ ਦੀ ਲਪੇਟ ਵਿਚ ਨਾ ਆ ਸਕਣ|
ਇਸ ਤੋਂ ਇਲਾਵਾ ਜਿਹੜੇ ਪੰਜਾਬੀਆਂ ਨੇ ਇਹਨਾਂ ਦਿਨਾਂ ਦੌਰਾਨ ਹਰਿਆਣਾ ਦੇ ਕਿਸੇ ਸ਼ਹਿਰ ਜਾਂ ਪਿੰਡ ਵਿਚ ਆਪਣੇ ਰਿਸਤੇਦਾਰਾਂ ਨੂੰ ਮਿਲਣ ਜਾਂ ਕਿਸੇ ਹੋਰ ਜਰੂਰੀ ਕੰਮ ਜਾਣਾ ਸੀ ਉਹਨਾਂ ਨੇ ਵੀ ਆਪਣੇ  ਇਹ ਪ੍ਰੋਗਰਾਮ ਜਾਟ ਅੰਦੋਲਨ ਕਾਰਨ ਮੁਲਤਵੀ ਕਰ ਦਿਤੇ ਹਨ| ਅਸਲ ਵਿਚ ਪਿਛਲੇ ਸਾਲ ਚੱਲੇ ਜਾਟ ਅੰਦੋਲਨ ਦੌਰਾਨ ਹੋਈ ਹਿੰਸਾ ਅਤੇ ਸਾੜਫੂਕ ਨੂੰ ਮੁੱਖ ਰਖਦਿਆਂ ਇਸ ਵਾਰ ਕੋਈ ਵੀ ਪੰਜਾਬੀ ਜਾਟ ਅੰਦੋਲਨ ਦੌਰਾਨ ਹਰਿਆਣਾ ਵਿਚ ਜਾਣ ਦਾ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ|
ਦੂਜੇ ਪਾਸੇ ਹਰਿਆਣਾ ਸਰਕਾਰ ਨੇ ਵੀ ਜਾਟ ਅੰਦੋਲਨ ਅਤੇ ਬਲਿਦਾਨ ਦਿਵਸ ਨੂੰ ਦੇਖਦਿਆਂ ਇਸ ਵਾਰ ਪੁਖਤਾ ਸੁਰਖਿਆ ਪ੍ਰਬੰਧ ਕਰ ਰਹੀ ਹੈ| ਪਿਛਲੇ ਸਾਲ ਜਾਟ ਅੰਦੋਲਨ ਦੌਰਾਨ ਹੋਈ ਹਿੰਸਾ, ਸਾੜਫੂਕ ਅਤੇ ਮੁਰਥਲ ਕਾਂਡ ਵਰਗੀਆਂ ਘਟਨਾਵਾਂ ਇਸ ਵਾਰ ਨਾ ਵਾਪਰ ਸਕਣ ਇਸ ਲਈ ਸਰਕਾਰ ਨੇ ਸਖਤ ਪ੍ਰਬੰਧ ਕੀਤੇ ਹਨ| ਹਰਿਆਣਾ ਵਿਚ ਪੁਲੀਸ ਅਤੇ ਪੈਰਾ ਮਿਲਟਰੀ ਫੋਰਸ ਵਲੋਂ ਵੱਖ ਵੱਖ ਸ਼ਹਿਰਾਂ ਵਿਚ ਫਲੈਗ ਮਾਰਚ ਕੱਢਿਆ ਗਿਆ ਹੈ| ਇਸ ਤੋਂ ਇਲਾਵਾ ਹਰਿਆਣਾ ਦੇ ਗ੍ਰਹਿ ਵਿਭਾਗ ਨੇ ਸੈਟੇਲਾਈਟ ਦੇ ਰਾਹੀਂ ਵੀ ਅੰਦੋਲਨਕਾਰੀਆਂ ਉਪਰ ਨਜਰ ਰੱਖਣੀ ਸ਼ੁਰੂ ਕਰ ਦਿਤੀ ਹੈ| ਇਸਦੇ ਇਲਾਵਾ ਡਰੋਨ ਦੇ ਰਾਹੀਂ ਵੀ ਸਾਰੀਆਂ ਤਸਵੀਰਾਂ ਖਿੱਚੀਆਂ ਜਾਣਗੀਆਂ| ਪੈਰਾ ਮਿਲਟਰੀ ਫੋਰਸਾਂ ਨੂੰ ਨਕਸ਼ਿਆਂ ਰਾਹੀਂ ਪੂਰੇ ਇਲਾਕੇ ਦੀ ਜਾਣਕਾਰੀ ਦੇ ਦਿਤੀ ਗਈ ਹੈ| ਰੇਲਵੇ ਲਾਈਨਾਂ ਅਤੇ ਨੈਸ਼ਨਲ ਹਾਈਵੇ ਦੀ ਸੁਰਖਿਆ ਦੇ ਲਈ ਸਖਤ ਸਰਖਿਆ ਪ੍ਰਬੰਧ ਕੀਤੇ ਗਏ ਹਨ| ਜਾਟ ਅੰਦੋਲਨ ਦੌਰਾਨ ਸੜਕ ਜਾਂ ਹਾਈਵੇਅ ਜਾਮ ਹੋਣ ਦੀ ਸੂਰਤ ਵਿਚ ਟ੍ਰੈਫਿਕ ਦੇ ਬਦਲਵੇਂ ਪ੍ਰਬੰਧ ਵੀ ਕਰ ਦਿਤੇ ਗਏ  ਹਨ ਅਤੇ ਚੰਡੀਗੜ੍ਹ ਦਿੱਲੀ ਨੈਸ਼ਨਲ ਹਾਈਵੇ ਉਪਰ ਅੱਠ ਐਗਜਿਟ ਪੁਆਇੰਟ ਬਣਾਏ ਗਏ ਹਨ|
ਦੂਜੇ ਪਾਸੇ ਜਾਟ ਅੰਦੋਲਨ ਦੌਰਾਨ ਅਨੇਕਾਂ ਹੀ ਪਿੰਡਾਂ ਦੇ ਨੌਜਵਾਨਾਂ ਵਲੋਂ ਡੀ ਜੇ ਲਗਾ ਕੇ ਹੱਥਾਂ ਵਿਚ ਬਦੂੰਕਾਂ ਅਤੇ ਹੋਰ ਹਥਿਆਰ ਫੜਕੇ ਡਾਂਸ ਕਰਨ ਦੀਆਂ ਤਸਵੀਰਾਂ ਮੀਡੀਆ ਵਿਚ ਛਪਣ ਤੋਂ ਬਾਅਦ ਲੋਕਾਂ ਵਿਚ ਡਰ ਦੀ ਭਾਵਨਾ ਵੀ ਪੈਦਾ ਹੋ ਗਈ ਹੈ|                ਭਾਵੇਂ ਕਿ ਪ੍ਰਸ਼ਾਸਨ ਨੇ ਟ੍ਰੈਕਟਰਾਂ ਅਤੇ ਹੋਰ ਵਾਹਨਾਂ ਤੇ ਸਥਾਨਾਂ ਉਪਰ ਡੀ ਜੇ ਲਗਾ ਕੇ ਡਾਂਸ ਕਰਨ ਉਪਰ ਪਾਬੰਦੀ ਲਗਾ ਦਿਤੀ ਹੈ ਪਰ ਫਿਰ ਵੀ ਹਰਿਆਣਾ ਦੇ ਪੇਂਡੂ ਨੌਜਵਾਨ ਹੱਥਾਂ ਵਿਚ ਹਥਿਆਰ ਫੜ ਕੇ ਸੜਕਾਂ ਉਪਰ ਘੁੰਮਦੇ ਵੇਖੇ ਜਾ ਰਹੇ ਹਨ, ਜਿਸ ਕਰਕੇ ਇਹਨਾਂ ਇਲਾਕਿਆਂ ਵਿਚ ਲੰਘਣ ਵਾਲੇ ਲੋਕਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ|
ਇਹ ਵੀ ਕਿਹਾ ਜਾ ਰਿਹਾ ਹੈ ਕਿ 19 ਫਰਵਰੀ ਦੇ ਦਿਨ ਬਲੀਦਾਨ ਦਿਵਸ ਮੌਕੇ ਜਾਟ ਨੇਤਾ ਕੋਈ ਵੱਡਾ ਐਲਾਨ ਵੀ ਕਰ ਸਕਦੇ ਹਨ| ਇਸ ਜਾਟ ਅੰਦੋਲਨ ਨੇ ਇਕ ਵਾਰ ਤਾਂ ਹਰਿਆਣਾ ਦੇ ਨਾਲ ਨਾਲ ਪੰਜਾਬ ਦੇ ਵਸਨੀਕਾਂ ਵਿਚ ਵੀ ਡਰ ਦਾ ਮਾਹੌਲ ਪੈਦਾ ਕਰ ਦਿਤਾ ਹੈ|

Leave a Reply

Your email address will not be published. Required fields are marked *