ਪੰਜਾਬੀਆਂ ਵਿੱਚ ਲਗਾਤਾਰ ਵਧੱਦੇ ਹਥਿਆਰਾਂ ਦੇ ਸ਼ੌਕ ਤੇ ਕਿਵੇਂ ਹੋਵੇ ਕਾਬੂ

ਪੰਜਾਬੀਆਂ ਵਿੱਚ ਸ਼ੁਰੂ ਤੋਂ ਹੀ ਹਥਿਆਰ ਰੱਖਣ ਦਾ ਸ਼ੌਕ ਚਲਦਾ ਆ ਰਿਹਾ ਹੈ ਅਤੇ ਪੰਜਾਬ ਦੇ ਵੱਡੀ ਗਿਣਤੀ ਨੌਜਵਾਨਾਂ ਦਾ  ਫੌਜ, ਨੀਮ ਫੌਜੀ ਦਸਤਿਆਂ ਅਤੇ ਪੁਲੀਸ ਵਿਚ ਭਰਤੀ ਹੋਣ ਦਾ ਇੱਕ ਵੱਡਾ ਕਾਰਨ ਪੰਜਾਬੀ ਨੌਜਵਾਨਾਂ ਵਿਚਲੇ ਹਥਿਆਰਾਂ ਦੇ ਸ਼ੌਂਕ ਨੂੰ ਹੀ ਦੱਸਿਆ ਜਾਂਦਾ ਹੈ, ਜਿਸਨੂੰ ਉਹ ਹਥਿਆਰਬੰਦ ਫੌਜਾਂ ਦਾ ਅੰਗ ਬਣਕੇ ਪੂਰਾ ਕਰ ਲੈਂਦੇ ਹਨ| ਆਪਣੇ ਕੋਲ ਰੱਖਿਆ ਹਥਿਆਰ ਇਹਨਾਂ ਨੌਜਵਾਨਾਂ ਨੂੰ ਇੱਕ ਅਜੀਬ ਜਿਹੀ ਸੰਤੁਸ਼ਟੀ ਦਿੰਦਾ ਹੈ ਅਤੇ ਉਹਨਾਂ ਨੂੰ ਖੁਦ ਵਿੱਚ ਇੱਕ ਵੱਖਰੀ ਹੀ ਤਾਕਤ ਦਾ ਅਹਿਸਾਸ ਹੁੰਦਾ ਹੈ| ਪੰਜਾਬ ਵਿਚ ਲੰਮਾਂ ਸਮਾਂ ਹਾਵੀ ਰਹੇ ਖਾੜਕੂਵਾਦ ਬਾਰੇ ਵੀ ਇਹ ਕਿਹਾ ਜਾਂਦਾ ਹੈ ਕਿ ਇਸਦਾ ਇੱਕ ਕਾਰਨ ਪੰਜਾਬੀਆਂ ਦਾ ਹਥਿਆਰਾਂ ਦਾ ਸ਼ੌਂਕ ਵੀ ਰਿਹਾ ਸੀ|
ਅੱਜ ਕੱਲ ਵੀ ਪੁਲੀਸ ਅਤੇ ਫੌਜ ਵਿਚ ਭਰਤੀ ਲਈ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਪਹੁੰਚ ਜਾਂਦੇ ਹਨ ਜਿਹਨਾਂ ਵਿਚੋਂ ਵੱਡੀ ਗਿਣਤੀ ਵਿਚ ਨੌਜਵਾਨ ਪੁਲੀਸ ਤੇ ਫੌਜ ਵਿਚ ਭਰਤੀ ਵੀ ਹੋ ਜਾਂਦੇ ਹਨ| ਇਸ ਤੋਂ ਇਲਾਵਾ ਵੀ ਵੱਡੀ ਗਿਣਤੀ ਪੰਜਾਬੀ (ਜਿਹਨਾ ਵਿੱਚੋਂ ਜਿਆਦਾਤਰ ਨੌਜਵਾਨ ਹੀ ਹੁੰਦੇ ਹਨ) ਆਪਣਾ ਨਿੱਜੀ ਅਸਲਾ ਰੱਖਦੇ ਹਨ ਅਤੇ ਪੰਜਾਬੀਆਂ ਵਿੱਚ ਅਸਲਾ ਰੱਖਣ ਦਾ ਇਹ ਸ਼ੌਂਕ ਪੂਰੇ ਦੇਸ਼ ਦੇ ਵਸਨੀਕਾਂ ਦੇ ਮੁਕਾਬਲੇ ਕੁੱਝ ਜਿਆਦਾ ਹੀ ਹੈ|
ਕੋਈ ਸਮਾਂ ਹੁੰਦਾ ਸੀ ਜਦੋਂ ਪਿੰਡਾਂ ਦੇ ਨਾਲ ਹੀ ਸ਼ਹਿਰਾਂ ਵਿਚ ਵੀ ਕਿਸੇ ਕਿਸੇ ਕੋਲ ਹੀ ਹਥਿਆਰ ਹੁੰਦਾ ਸੀ| ਉਹ ਵੀ ਸਾਬਕਾ ਫੌਜੀਆਂ ਜਾਂ ਸਾਬਕਾ ਪੁਲੀਸ ਮੁਲਾਜਮ ਕੋਲ ਹੀ ਕੋਈ ਇੱਕਾ ਦੁੱਕਾ ਹਥਿਆਰ ਹੁੰਦਾ ਸੀ ਪਰ ਹੁਣ ਤਾਂ ਵੱਡੀ ਗਿਣਤੀ ਘਰ ਅਜਿਹੇ ਹਨ ਜਿਹਨਾਂ ਕੋਲ ਨਿੱਜੀ ਹਥਿਆਰ ਹਨ| ਪੰਜਾਬੀ ਆਪਣੇ ਕੋਲ ਲਾਈਸੰਸੀ ਹਥਿਆਰ ਤਾਂ ਰੱਖਦੇ ਹੀ ਹਨ ਹੁਣ ਤਾਂ ਇਹਨਾਂ ਵਲੋਂ ਨਾਜਇਜ ਅਸਲਾ ਵੀ ਰੱਖਿਆ ਜਾਣ ਲੱਗ ਪਿਆ ਹੈ| ਪਿਛਲੇ  ਸਮੇਂ ਦੌਰਾਨ ਪੰਜਾਬ ਵਿੱਚ ਨਾਜਾਇਜ ਅਸਲੇ ਦੀ ਬਰਾਮਦਗੀ ਦੇ ਕੇਸਾਂ ਵਿੱਚ ਹੋਇਆ ਵਾਧਾ ਇਹ ਦੱਸਦਾ ਹੈ ਕਿ ਪੰਜਾਬ ਦੀ ਹਾਲਤ ਵੀ ਹੁਣ ਇਸ ਪੱਖੋਂ ਬਿਹਾਰ ਵਰਗੀ ਹੁੰਦੀ ਜਾ ਰਹੀ ਹੈ ਅਤੇ ਸੂਬੇ ਵਿੱਚੋਂ ਦੇਸੀ ਪਿਸਤੌਲਾਂ ਦੀ ਬਰਾਮਦਗੀ ਆਮ ਹੈ|  ਨੌਜਵਾਨ ਮੁੰਡਿਆਂ ਹੀ ਨਹੀਂ ਕੁੜੀਆਂ ਵਿੱਚ ਵੀ ਹਥਿਆਰਾਂ ਦਾ ਇਹ ਸ਼ੌਕ ਲਗਾਤਾਰ ਵੱਧਦਾ ਜਾ ਰਿਹਾ ਹੈ|
ਆਪਣੇ ਘਰ ਵਿਚ ਰਿਵਾਲਵਰ ਅਤੇ ਪਿਸਤੌਲਾਂ ਤੋਂ ਲੈ ਕੇ ਰਾਈਫਲਾਂ ਅਤੇ ਦੋਨਾਲੀਆਂ ਰੱਖਣਾ ਜਿਵੇਂ ਪੰਜਾਬੀਆਂ ਦਾ ਸ਼ੌਂਕ ਬਣ ਗਿਆ ਹੈ ਅਤੇ ਹਥਿਆਰਾਂ ਦੀ ਇਹ ਹੋੜ ਲਗਾਤਾਰ ਵੱਧ ਰਹੀ ਹੈ| ਕਿਸੇ ਵੀ ਖੁਸ਼ੀ ਦੇ ਮੌਕੇ ਤੇ ਹੋਣ ਵਾਲੀਆਂ ਪਾਰਟੀਆਂ ਵਿੱਚ  ਲੋਕ ਆਪਣੇ ਹਥਿਆਰਾਂ ਨਾਲ ਹਵਾਈ ਫਾਇਰ ਕਰਦੇ ਆਮ ਦਿਖ ਜਾਂਦੇ ਹਨ ਅਤੇ ਹਥਿਆਰ ਚਲਾ ਕੇ ਆਪਣੀ ਖੁਸ਼ੀ ਸਾਂਝੀ ਕਰਦੇ ਹਨ| ਇਸ ਤਰਾਂ ਇਕ ਦੂਜੇ ਦੀ ਦੇਖਾ ਦੇਖੀ ਲੋਕ ਆਪੋ ਆਪਣੇ ਹਥਿਆਰਾਂ ਨਾਲ ਫਾਇਰ ਕਰਦੇ ਰਹਿੰਦੇ ਹਨ| ਮੈਰਿਜ ਪੈਲੇਸਾਂ ਵਿਚ ਵੀ ਲੋਕ (ਪਾਬੰਦੀ ਦੇ ਬਾਵਜੂਦ) ਹਥਿਆਰ ਲੈ ਕੇ ਚਲੇ ਜਾਂਦੇ ਹਨ ਅਤੇ ਉੱਥੇ ਗਹਵਾ ਵਿੱਚ ਗੋਲੀਆਂ ਚਲਾ ਕੇ ਆਪਣਾ ਸ਼ੌਕ ਪੂਰਾ ਕਰਦੇ ਹਨ| ਪਾਰਟੀਆਂ ਦੌਰਾਨ ਕੀਤੀ ਜਾਣ ਵਾਲੀ ਇਸ ਹਵਾਈ ਫਾਇਰਿੰਗ ਕਾਰਨ ਕਈ ਵਾਰ ਹਾਦਸੇ ਵੀ ਵਾਪਰਦੇ ਹਨ ਅਤੇ ਲੋਕ ਇਹਨਾਂ ਹਾਦਸਿਆਂ ਵਿਚ ਮਾਰੇ ਵੀ ਜਾਂਦੇ ਹਨ|
ਆਪਣੇ ਲਾਇਸੰਸੀ ਹਥਿਆਰਾਂ ਨੂੰ ਨਾਲ ਲੈ ਕੇ ਚੱਲਣ  ਵਿੱਚ ਸਾਡੇ ਨੌਜਵਾਨ ਸ਼ਾਨ ਮਹਿਸੂਸ ਕਰਦੇ ਹਨ ਅਤੇ ਅਜਿਹੇ ਲੋਕਾਂ ਵਲੋਂ ਮਾਮੂਲੀ ਤਕਰਾਰ ਤਕ ਹੋਣ ਤੇ ਹੀ ਹਥਿਆਰ ਕੱਢ ਲੈਣਾ ਆਮ ਹੈ| ਅਕਸਰ ਕੁੱਝ ਲੋਕ ਆਪਣੇ ਮੋਢਿਆਂ ਉਪਰ ਜਾਂ ਫਿਰ ਹੱਥਾਂ ਵਿਚ ਹੀ ਬੰਦੂਕ ਫੜਕੇ ਜਾਂਦੇ ਨਜਰ ਆ ਜਾਂਦੇ ਹਨ| ਪਿੰਡਾਂ ਵਿਚ ਹਥਿਆਰਾਂ ਦਾ ਇਹ ਸ਼ੌਕ ਹੋਰ ਵੀ ਵੱਧ ਹੈ ਅਤੇ ਇੱਕ ਦੂਜੇ ਦੀ ਦੇਖਾਦੇਖੀ ਹਰ ਵਿਅਕਤੀ ਹੀ ਆਪਣੇ ਆਪ ਨੂੰ ਹਥਿਆਰਬੰਦ ਰੱਖਣਾ ਆਪਣੀ ਸ਼ਾਨ ਸਮਝਦਾ ਹੈ|
ਭਾਵੇਂ ਸਰਕਾਰ ਵਲੋਂ ਹਥਿਆਰਾਂ ਦਾ ਲਾਇਸੈਂਸ ਦੇਣ ਦੀ ਪ੍ਰਕ੍ਰਿਆ ਵਿੱਚ ਕਈ ਮੁਸ਼ਕਲ ਸ਼ਰਤਾਂ ਸ਼ਾਮਿਲ ਕੀਤੀਆਂ ਹਨ ਪਰੰਤੂ ਇਸਦੇ ਬਾਵਜੂਦ ਪੰਜਾਬੀਆਂ ਵਲੋਂ ਲਏ ਜਾਣ ਵਾਲੇ ਹਥਿਆਰਾਂ ਦੇ ਲਾਇਸੰਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੀ ਹੁੰਦਾ ਜਾ ਰਿਹਾ ਹੈ| ਪੰਜਾਬੀਆਂ ਵਿੱਚ ਲਗਾਤਾਰ ਵੱਧਦੇ ਹਥਿਆਰ ਰੱਖਣ ਦੇ ਇਸ ਸ਼ੌਕ ਤੇ ਕਾਬੂ ਕਰਨ ਲਈ ਸਰਕਾਰ ਵਲੋਂ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ| ਚਾਹੀਦਾ ਤਾਂ ਇਹ ਹੈ ਕਿ ਹਥਿਆਰਾਂ ਦੀ ਹੋੜ ਨੂੰ ਘੱਟ ਕਰਨ ਲਈ ਉਪਰਾਲੇ ਕੀਤੇ ਜਾਣ ਅਤੇ ਇਸਦੇ ਨਾਲ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਹਥਿਆਰ ਲੈ ਕੇ ਚਲਣ ਵਾਲੇ ਲੋਕਾਂ ਅਤੇ ਮੈਰਿਜ ਪੈਲਿਸਾਂ ਵਿੱਚ ਹਥਿਆਰ ਲੈ ਕੇ ਜਾਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਉਥੇ ਹਥਿਆਰਾਂ ਕਾਰਨ ਕੋਈ ਹਾਦਸਾ ਨਾ ਵਾਪਰ ਸਕੇ|

Leave a Reply

Your email address will not be published. Required fields are marked *