ਪੰਜਾਬੀ ਏਕਤਾ ਪਾਰਟੀ ਨੇ ਨਾਇਬ ਤਹਿਸੀਲਦਾਰ ਉੱਪਰ ਰਿਸ਼ਵਤ ਲੈਣ ਦੇ ਦੋਸ਼ ਲਗਾਉਂਦਿਆਂ ਧਰਨਾ ਦਿੱਤਾ, ਤਹਿਸੀਲਦਾਰ ਨੇ ਦੋਸ਼ ਨਕਾਰੇ

ਐਸ ਏ ਐਸ ਨਗਰ, 22 ਜਨਵਰੀ (ਸ.ਬ.) ਪੰਜਾਬੀ ਏਕਤਾ ਪਾਰਟੀ ਦੀ ਜਿਲ੍ਹਾ ਇਕਾਈ ਵੱਲੋਂ ਅੱਜ ਸਬ-ਤਹਿਸੀਲ ਮਾਜਰੀ (ਜਿਲ੍ਹਾ ਮੁਹਾਲੀ) ਵਿਖੇ ਤੈਨਾਤ ਨਾਇਬ ਤਹਿਸੀਲਦਾਰ ਸ੍ਰੀ. ਜਸਕਰਨ ਸਿੰਘ ਬਰਾੜ ਦੇ ਖਿਲਾਫ ਧਰਨਾ ਦਿੱਤਾ ਗਿਆ ਅਤੇ ਮਤਾ ਪਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਾਲ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਉਕਤ ਨਾਇਬ ਤਹਿਸੀਲਦਾਰ ਨੂੰ ਤੁਰੰਤ ਮੁਅਤਲ ਕਰਕੇ ਇਸ ਦੇ ਖਿਲਾਫ ਵਿਜੀਲੈਂਸ ਦੀ ਪੜਤਾਲ ਕੀਤੀ ਜਾਵੇ| ਪੰਜਾਬੀ ਏਕਤਾ ਪਾਰਟੀ ਦੇ ਮੁਹਾਲੀ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਦਿੱਤੇ ਗਏ ਇਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਸੰਦੀਪ ਸਿੰਘ, ਮਨਦੀਪ ਸਿੰਘ, ਅੱਛਰ ਸਿੰਘ ਕੰਸਾਲਾ, ਗੁਰਜੀਤ ਸਿੰਘ ਬੈਨੀਪਾਲ, ਮਾਨ ਸਿੰਘ ਰਿਟਾ ਨਾਇਬ ਤਹਿਸੀਲਦਾਰ, ਦਲਵਿੰਦਰ ਸਿੰਘ ਬੈਨੀਪਾਲ, ਗੁਰਜੀਤ ਸਿੰਘ, ਅਮਰੀਕ ਸਿੰਘ ਨੰਬਰਦਾਰ, ਜਸਵੀਰ ਸਿੰਘ, ਲਖਬੀਰ ਸਿੰਘ ਜੌਂਟੀ, ਗੁਰਮੀਤ ਸਿੰਘ, ਬਲਜੀਤ ਸਿੰਘ, ਸਤਬੀਰ ਕੌਰ ਸਰਪੰਚ, ਕੁਲਬੀਰ ਸਿੰਘ, ਮਾਸਟਰ ਕੁਲਦੀਪ ਸਿੰਘ ਸਿੱਧੂ ਤੇ ਸੁਰਜੀਤ ਸਿੰਘ ਧਾਲੀਵਾਲ ਹਾਜਿਰ ਸਨ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਉਕਤ ਨਾਇਬ ਤਹਿਸੀਲਦਾਰ ਵੱਲੋਂ ਰਜ਼ਿਸਟਰੀਆਂ ਕਰਵਾਉਣ ਵੇਲੇ ਰਜਿਸਟਰੀ ਕਰਨ ਵੇਲੇ ਰਿਸ਼ਵਤ ਲਈ ਜਾਂਦੀ ਹੈ| ਇਸੇ ਤਰ੍ਹਾਂ ਇੰਤਕਾਲਾਂ, ਮੈਰਿਜ ਸਰਟੀਫਿਕੇਟ ਵਗੈਰਾ ਜਾਰੀ ਕਰਨ ਵੇਲੇ ਵੀ ਰਿਸ਼ਵਤ ਲਈ ਜਾ ਰਹੀ ਹੈ ਪਰ ਜਿਲ੍ਹਾ ਪ੍ਰਸ਼ਾਸ਼ਨ ਤੇ ਉੱਚ ਅਧਿਕਾਰੀ ਇਸ ਬਾਰੇ ਚੁੱਪ ਧਾਰੀ ਬੈਠੇ ਹਨ|
ਉਨ੍ਹਾਂ ਦੋਸ਼ ਲਗਾਇਆ ਕਿ ਸ੍ਰੀ ਬਰਾੜ ਵੱਲੋਂ ਖੂਨ ਦੇ ਰਿਸ਼ਤਿਆਂ ਵਾਲੀਆਂ ਰਜਿਸਟਰੀਆਂ ਕਰਨ ਵੇਲੇ ਵੀ ਮੋਟੀ ਰਿਸ਼ਵਤ ਲਈ ਜਾ ਰਹੀ ਹੈ| ਸ੍ਰੀ ਧਾਲੀਵਾਲ ਨੇ ਦੱਸਿਆ ਕਿ ਉਕਤ ਨਾਇਬ ਤਹਿਸੀਲਦਾਰ ਵੱਲੋਂ (ਜਦੋਂ ਉਸ ਪਾਸ ਕੋਈ ਵਸੀਕਾ ਪੇਸ਼ ਕੀਤਾ ਜਾਂਦਾ ਹੈ ਤਾਂ) ਜਾਣਬੁਝ ਕੇ ਕੋਈ ਨੁਕਸ ਕੱਢਿਆ ਜਾਂਦਾ ਹੈ ਤੇ ਫਿਰ ਰਿਸ਼ਵਤ ਲੈ ਕੇ ਨੁਕਸ ਦੂਰ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਹਲਕੇ ਦੇ ਲੋਕ ਬਹੁਤ ਤੰਗ ਹਨ|
ਇਸ ਮੌਕੇ ਮਤਾ ਪਾਸ ਕਰਕੇ ਕਿਹਾ ਗਿਆ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਇਸ ਨਾਇਬ ਤਹਿਸੀਲਦਾਰ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਮੁਅੱਤਲ ਕਰਕੇ ਇਸ ਸੰਬੰਧੀ ਵਿਜੀਲੈਂਸ ਵਿਭਾਗ ਵੱਲੋਂ ਪੜਤਾਲ ਸ਼ੁਰੂ ਨਾ ਕੀਤੀ ਗਈ ਤਾਂ ਹਲਕੇ ਦੇ ਲੋਕਾਂ ਦਾ ਭਾਰੀ ਇਕੱਠ ਕਰਕੇ ਕੋਈ ਵੱਡਾ ਪ੍ਰੋਗਰਾਮ ਕੀਤਾ ਜਾਵੇਗਾ| ਅੱਜ ਦੇ ਧਰਨੇ ਵਿੱਚ ਪਾਸ ਮਤੇ ਦੀਆਂ ਕਾਪੀਆਂ ਮੁਖ ਮੰਤਰੀ ਪੰਜਾਬ, ਮਾਲ ਮੰਤਰੀ ਪੰਜਾਬ, ਮੁਖ ਸੱਕਤਰ ਪੰਜਾਬ, ਐਫ. ਸੀ. ਆਰ. ਪੰਜਾਬ, ਵਿਜੀਲੈਂਸ ਡਾਇਰੈਕਟਰ ਪੰਜਾਬ ਤੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਅਗਲੇਰੀ ਕਰਵਾਈ ਲਈ ਭੇਜੀਆਂ ਗਈਆਂ ਹਨ|
ਦੂਜੇ ਪਾਸੇ ਸੰਪਰਕ ਕਰਨ ਤੇ ਨਾਇਬ ਤਹਿਸੀਲਦਾਰ ਸ੍ਰ. ਜਸਕਰਨ ਸਿੰਘ ਬਰਾੜ ਨੇ ਕਿਹਾ ਕਿ ਇਹ ਸਾਰੇ ਇਲਜਾਮ ਬੇਬੁਨਿਆਦ ਹਨ| ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਇਹ ਲੋਕ ਉਹਨਾਂ ਕੋਲ ਤਬਾਦਲੇ ਦੇ ਇੰਤਕਾਲ ਲਈ ਆਏ ਸਨ ਅਤੇ ਇਸ ਸੰਬੰਧੀ ਦਸਤਾਵੇਜ ਤਾਂ ਜਮਾਂ ਕਰਵਾਏ ਗਏ ਸਨ ਪਰੰਤੂ ਪਾਰਟੀਆਂ ਹਾਜਿਰ ਨਹੀਂ ਹੋਈਆਂ ਸਨ ਜਿਸਤੇ ਉਹਨਾਂ ਕਿਹਾ ਸੀ ਕਿ ਪਾਰਟੀਆਂ ਦਾ ਨਿੱਜੀ ਤੌਰ ਤੇ ਪੇਸ਼ ਹੋਣਾ ਜਰੂਰੀ ਹੈ| ਇਸਤੋਂ ਬਾਅਦ ਉਹਨਾਂ ਨੂੰ ਬੈਨੀਪਾਲ ਨਾਮ ਦੇ ਇੱਕ ਵਿਅਕਤੀ (ਜੋ ਖੁਦ ਨੂੰ ਪੰਜਾਬੀ ਏਕਤਾ ਪਾਰਟੀ ਦਾ ਅਹੁਦੇਦਾਰ ਦੱਸਦਾ ਸੀ) ਨੇ ਫੋਨ ਤੇ ਇਹ ਇੰਤਕਾਲ ਕਰਨ ਲਈ ਕਿਹਾ ਸੀ ਜਿਸਤੇ ਉਹਨਾਂ ਕਿਹਾ ਕਿ ਪਾਰਟੀਆਂ ਦਾ ਨਿੱਜੀ ਤੌਰ ਤੇ ਪੇਸ਼ ਹੋਣਾ ਜਰੂਰੀ ਹੈ ਜਿਸਤੇ ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਤਾਂ ਇਸੇ ਤਰ੍ਹਾਂ ਕ ੰਮ ਕਰਵਾਉਂਦੇ ਹਾਂ ਅਤੇ ਅੱਜ ਇਹਨਾਂ ਵਲੋਂ ਧਰਨਾ ਲਗਾ ਦਿੱਤਾ ਗਿਆ| ਉਹਨਾਂ ਕਿਹਾ ਕਿ ਰਿਸ਼ਵਤ ਲੈਣ ਦੇ ਦੋਸ਼ ਪੂਰੀ ਤਰ੍ਹਾਂ ਝੂਠੇ ਹਨ ਅਤੇ ਇਹਨਾਂ ਵਿੱਚ ਕੋਈ ਸੱਚਾਈ ਨਹੀਂ ਹੈ|

Leave a Reply

Your email address will not be published. Required fields are marked *