ਪੰਜਾਬੀ ਐਮ. ਪੀ. ਰੂਬੀ ਸਹੋਤਾ ਓਨਟਾਰੀਓ ਦੀ ਫੈਡਰਲ ਕਾਕਸ ਲਿਬਰਲ ਦੀ ਚੇਅਰ ਨਿਯੁਕਤ

ਓਨਟਾਰੀਓ, 2 ਫਰਵਰੀ (ਸ.ਬ.) ਬਰੈਂਪਟਨ ਉੱਤਰੀ ਤੋਂ ਪੰਜਾਬਣ ਐਮ.ਪੀ. ਰੂਬੀ ਸਹੋਤਾ ਨੇ ਇਕ ਵਾਰ ਫਿਰ ਪੰਜਾਬੀ ਭਾਈਚਾਰੇ ਦਾ ਮਾਣ ਵਧਾ ਦਿੱਤਾ ਹੈ ਅਤੇ ਉਸ ਨੂੰ ਇਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ| ਰੂਬੀ ਸਹੋਤਾ ਨੂੰ ਓਨਟਾਰੀਓ ਫੈਡਰਲ ਲਿਬਰਲ ਕਾਕਸ ਦਾ ਚੇਅਰ ਨਿਯੁਕਤ ਕੀਤਾ ਗਿਆ ਹੈ| ਇਹ ਫੈਸਲਾ ਪਹਿਲੀ ਫਰਵਰੀ ਨੂੰ ਹੋਈ ਮੀਟਿੰਗ ਵਿੱਚ ਲਿਆ ਗਿਆ| ਕਾਕਸ ਦੀ ਚੇਅਰ ਹੋਣ  ਕਾਰਨ ਸਹੋਤਾ ਨੂੰ ਮੀਟਿੰਗਾਂ ਦੀ ਪ੍ਰਧਾਨਗੀ ਕਰਨੀ ਹੋਵੇਗੀ ਅਤੇ ਗੱਲਬਾਤ ਦੀ ਅਗਵਾਈ ਕਰਨੀ ਹੋਵੇਗੀ| ਉਹ ਓਨਟਾਰੀਓ ਦੇ ਲਿਬਰਲ ਐਮ.ਪੀਜ਼, ਕੈਬਨਿਟ ਅਤੇ ਸਰਕਾਰ ਦਰਮਿਆਨ ਇਕ ਕੜੀ ਦਾ ਕੰਮ ਕਰੇਗੀ|
ਐਮ. ਪੀ. ਸਹੋਤਾ ਇਸ ਨਵੀਂ ਲੀਡਰਸ਼ਿਪ ਦਾ ਮੌਕਾ ਮਿਲਣ ਕਰਕੇ ਬਹੁਤ ਉਤਸ਼ਾਹਤ ਹਨ ਅਤੇ ਉਨ੍ਹਾਂ ਆਪਣੇ ਤੋਂ ਪਹਿਲੇ ਚੇਅਰ ਐਮ. ਪੀ. ਮਾਰਕੋ ਮੈਨਡੀਸਿਨੋ ਵੱਲੋਂ ਕੀਤੀ ਗਈ ਸਖਤ ਮਿਹਨਤ ਅਤੇ ਕਾਕਸ ਚੇਅਰ ਵਜੋਂ ਉਨ੍ਹਾਂ ਦੇ ਸਮਰਪਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ| ਸਹੋਤਾ ਨੇ ਕਿਹਾ ਕਿ ਸਭ ਤੋਂ ਵੱਡੇ ਖੇਤਰੀ ਲਿਬਰਲ ਕਾਕਸ ਦੀ ਚੇਅਰ ਬਣਨਾ ਬੜੇ ਮਾਣ ਵਾਲੀ ਗੱਲ ਹੈ| ਉਨ੍ਹਾਂ ਭਰੋਸਾ ਦਿਵਾਇਆ ਕਿ ਸਾਰੇ ਕਾਕਸ ਮੈਂਬਰਾਂ ਨੂੰ ਆਪੋ-ਆਪਣੇ ਖਿੱਤੇ ਤੇ ਹਲਕੇ ਦੇ ਮੁੱਦੇ ਉਠਾਉਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ| ਉਨ੍ਹਾਂ ਕਿਹਾ ਕਿ ਓਨਟਾਰੀਓ ਨੂੰ ਜੋ ਕੁਝ ਵੀ ਚਾਹੀਦਾ ਹੈ, ਉਸ ਬਾਰੇ ਸਪੱਸ਼ਟ ਸੁਨੇਹਾ ਕੈਬਨਿਟ ਤੇ ਪ੍ਰਧਾਨ ਮੰਤਰੀ ਤੱਕ ਪਹੁੰਚਾਇਆ ਜਾਵੇਗਾ| ਜ਼ਿਕਰਯੋਗ ਹੈ ਕਿ ਓਨਟਾਰੀਓ ਫੈਡਰਲ ਲਿਬਰਲ ਕਾਕਸ ਵਿਚ 79 ਲਿਬਰਲ ਐਮ. ਪੀ. ਹਨ| ਉਨ੍ਹਾਂ ਕਿਹਾ ਕਿ ਸਾਡਾ ਕਾਕਸ ਅਰਥਚਾਰੇ, ਵਾਤਾਵਰਣ, ਇਮੀਗ੍ਰੇਸ਼ਨ, ਨਿੱਕੇ ਕਾਰੋਬਾਰਾਂ, ਸਿਹਤ ਸੰਭਾਲ ਤੇ ਹੋਰ ਕਈ ਮੁੱਦਿਆਂ ਤੇ ਮਿਲ ਕੇ ਕੰਮ ਕਰੇਗਾ| ਅਸੀਂ ਸਾਰੇ ਮਿਲ ਕੇ ਕੈਨੇਡਾ ਨੂੰ ਹੋਰ ਮਜ਼ਬੂਤ ਬਣਾਉਣ ਦੀਆਂ ਕੋਸ਼ਿਸ਼ਾਂ ਕਰਾਂਗੇ|

Leave a Reply

Your email address will not be published. Required fields are marked *