ਪੰਜਾਬੀ ਗਾਇਕ ਐਲੀ ਮਾਂਗਟ ਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡ ਤੇ ਭੇਜਿਆ

ਪੰਜਾਬੀ ਗਾਇਕ ਐਲੀ ਮਾਂਗਟ ਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡੇ ਤੇ ਭੇਜਿਆ
ਗਾਇਕ ਨੇ ਲੜਾਈ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਪੁਲੀਸ ਕੋਲ ਖੁਦ ਸਰੈਂਡਰ ਕਰਨ ਦੀ ਗੱਲ ਆਖੀ
ਐਸ ਏ ਐਸ ਨਗਰ, 12 ਸਤੰਬਰ (ਸ.ਬ.) ਕਨੇਡਾ ਰਹਿੰਦੇ ਪੰਜਾਬੀ ਗਾਇਕ ਐਲੀ ਮਾਂਗਟ (ਹਰਕੀਰਤ ਸਿੰਘ) ਜਿਸਨੂੰ ਬੀਤੀ ਰਾਤ ਸੋਹਾਣਾ ਪੁਲੀਸ ਵਲੋਂ (ਸਥਾਨਕ ਸੈਕਟਰ 88 ਵਿੱਚ ਪੂਰਬ ਅਪਾਰਟਮੈਂਟ ਦੇ ਬਾਹਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ) ਨੂੰ ਅੱਜ ਸੋਹਾਣਾ ਪੁਲੀਸ ਵਲੋਂ ਮਾਣਯੋਗ ਜੱਜ ਹਰਜਿੰਦਰ ਕੌਰ ਦੀ ਅਦਾਲਤ ਵਿੱਚ  ਪੇਸ਼ ਕੀਤਾ ਗਿਆ ਜਿੱਥੇ ਦੋਵਾ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਣਯੋਗ ਜੱਜ ਵਲੋਂ ਐਲੀ ਮਾਂਗਟ ਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਗਿਆ| 
ਇੱਥੇ ਜਿਕਰਯੋਗ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਕਨੇਡਾ ਰਹਿੰਦੇ ਪੰਜਾਬੀ ਗਾਇਕ ਹਰਕੀਰਤ ਸਿੰਘ ਉਰਫ ਐਲੀ ਮਾਂਗਟ ਅਤੇ ਸਥਾਨਕ ਸੈਕਟਰ 88 ਵਿੱਚ ਰਹਿੰਦੇ ਪੰਜਾਬੀ ਗਾਇਕ ਰੰਮੀ ਰੰਧਾਵਾ ਦੇ ਵਿਚਕਾਰ ਸ਼ੋਸ਼ਲ ਮੀਡੀਆ ਤੇ ਇੱਕ ਦੂਜੇ ਦੇ ਖਿਲਾਫ ਕੀਤੀ ਜਾਂਦੀ ਦੂਸ਼ਣ ਬਾਜੀ ਤੋਂ ਬਾਅਦ ਇਹਨਾਂ ਵਲੋਂ ਇੱਕ ਦੂਜੇ ਨੂੰ ਦੇਖ ਲੈਣ ਅਤੇ ਇੱਕ ਦੂਜੇ ਦਾ ਟਾਕਰਾ ਕਰਨ ਲਈ ਮੁਹਾਲੀ ਵਿੱਚ 11 ਸਤੰਬਰ ਦਾ ਦਿਨ ਤੈਅ ਕੀਤਾ ਸੀ ਅਤੇ ਐਲੀ ਮਾਂਗਟ ਇਸ ਵਾਸਤੇ ਵਿਸ਼ੇਸ਼ ਤੌਰ ਤੇ ਕਨੇਡਾ ਤੋਂ ਭਾਰਤ ਆਇਆ ਹੈ| 
ਜਿਕਰਯੋਗ ਹੈ ਕਿ ਇਹਨਾਂ ਦੋਵਾਂ ਵਿੱਚ ਸੋਸ਼ਲ ਮੀਡੀਆ ਤੇ ਚਲਦੀ ਇਹ ਜੰਗ ਇੰਨੀ ਜਿਆਦਾ ਭਖ ਗਈ ਸੀ ਕਿ ਹਰ ਪਾਸੇ ਇਹ ਗੱਲ ਚਰਚਾ ਦਾ ਵਿਸ਼ਾ ਬਣ ਗਈ ਸੀ ਅਤੇ ਇਸ ਸੰਬੰਧੀ ਸੋਹਾਣਾ ਪੁਲੀਸ ਵਲੋਂ ਕਿਸੇ ਵੱਡੀ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ 10 ਸਤੰਬਰ ਨੂੰ ਰੰਮੀ ਰੰਧਾਵਾ ਦੇ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸਨੂੰ ਜਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੀ|
ਬੀਤੀ ਸ਼ਾਮ ਆਪਣੇ ਮਿੱਥੇ ਪ੍ਰੋਗਰਾਮ ਅਨੁਸਾਰ ਐਲੀ ਮਾਂਗਟ ਆਪਣੇ ਸਮਰਥਕਾਂ ਦੇ ਨਾਲ ਸੈਕਟਰ 88 ਵਿੱਚ ਪਹੁੰਚ ਗਿਆ ਸੀ ਜਿੱਥੇ ਉਸਦੇ ਸਮਰਥਕਾਂ ਵਲੋਂ ਹੁੱਲੜਬਾਜੀ ਕੀਤੀ ਗਈ ਸੀ ਅਤੇ ਉੱਥੇ ਕਾਫੀ ਰੌਲਾ ਰੱਪਾ ਪਿਆ ਸੀ| ਬਾਅਦ ਵਿੱਚ ਪੁਲੀਸ ਵਲੋਂ ਐਲੀ ਮਾਂਗਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸਨੂੰ ਅੱਜ ਪੁਲੀਸ ਵਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ| 
ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਵਲੋਂ ਗਾਇਕ ਨੂੰ ਸੱਤ ਦਿਨਾਂ ਦੇ ਪੁਲੀਸ ਰਿਮਾਂਡ ਤੇ ਭੇਜਣ ਦੀ ਮੰਗ ਕਰਦਿਆਂ ਦਲੀਲ ਦਿੱਤੀ ਗਈ ਕਿ ਬੀਤੀ ਰਾਤ ਇਹਨਾਂ ਵਲੋਂ ਸੈਕਟਰ 88 ਵਿੱਚ ਗੋਲੀ ਚਲਾਈ ਗਈ ਹੈ ਅਤੇ ਇਹਨਾਂ ਤੋਂ ਹਥਿਆਰ ਵੀ ਬਰਾਮਦ ਕਰਨੇ ਹਨ| ਦੂਜੇ ਪਾਸੇ ਬਚਾT ਪੱਖ ਦੇ ਵਕੀਲ ਨੇ ਕਿਹਾ ਕਿ ਫਾਇਰਿੰਗ ਵਾਲੀ ਕੋਈ ਗੱਲ ਨਹੀਂ ਹੋਈ ਅਤੇ ਬੁਲੇਟ ਮੋਟਰ ਸਾਈਕਲ ਦੇ ਪਟਾਕਿਆਂ ਦੀ ਆਵਾਜ ਨੂੰ ਫਾਇਰਿੰਗ ਸਮਝ ਲਿਆ ਗਿਆ ਹੈ|
ਇਸ ਮੌਕੇ ਐਲੀ ਮਾਂਗਟ ਨੇ ਖੁਦ ਦੇ ਬੇਕਸੂਰ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਸਨੇ ਪੁਲੀਸ ਕੋਲ ਖੁਦ ਸਰੈਂਡਰ ਕੀਤਾ ਹੈ| ਉਸਨੇ ਕਿਹਾ ਕਿ ਰੰਮੀ ਰੰਧਾਵਾ ਵਲੋਂ ਉਸਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਇਸ ਲਈ ਉਹ ਇੱਥੇ ਆਇਆ ਸੀ| ਉਸਨੇ ਇਹ ਵੀ ਦਲੀਲ ਦਿੱਤੀ ਕਿ ਉਸਦੇ ਖਿਲਾਫ ਧਾਰਮਿਕ ਭਾਵਨਾਵਾਂ ਦੇ ਅਪਮਾਨ ਦੀ ਧਾਰਾ ਨਾ ਲਗਾਈ ਜਾਵੇ ਕਿਉਂਕਿ ਉਸਨੇ ਰੰਮੀ ਰੰਧਾਵਾ ਵਲੋਂ ਗਲੇ ਵਿੱਚ ਪਾਏ ਕੈਂਠੇ ਬਾਰੇ ਗੱਲ ਕੀਤੀ ਸੀ ਅਤੇ ਖੰਡੇ ਬਾਰੇ ਕੁੱਝ ਨਹੀਂ ਕਿਹਾ| ਮਾਮਲੇ ਦੀ ਸੁਣਵਾਈ ਤੋਂ ਬਾਅਦ ਸੋਹਾਣਾ ਪੁਲੀਸ ਤੁਰਤ ਫੁਰਤ ਵਿੱਚ ਐਲੀ ਮਾਂਗਟ ਨੂੰ ਆਪਣੇ ਨਾਲ ਲੈ ਗਈ| 
ਲਚਰ ਗਾਇਕੀ ਤੇ ਰੋਕ ਲਗਾਉਣ ਲਈ ਸਰਕਾਰ ਨੂੰ ਸਿਫਾਰਿਸ਼ ਕਰਾਂਗਾ : ਵਿਕਰਮ ਕੰਬੋਜ
ਪੰਜਾਬ ਸਪੋਰਟਸ ਐਂਡ ਯੂਥ ਵੈਲਫੇਅਰ ਬੋਰਡ ਦੇ ਵਾਈਸ ਚੇਅਰਮੈਨ ਸ੍ਰ. ਵਿਕਰਮ ਕੰਬੋਜ ਨੇ ਅੱਜ ਪੰਜਾਬੀ ਗਾਇਕ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਹਨਾਂ ਦੋਵਾਂ ਗਾਇਕਾਂ ਵਲੋਂ ਆਪਣੀ ਟੀ ਆਰ ਪੀ ਵਧਾਉਣ ਲਈ ਪੰਜਾਬੀ ਨੌਜਵਾਨਾਂ ਨੂੰ ਭੜਕਾਇਆ ਗਿਆ ਹੈ ਅਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਇਹਨਾਂ ਗਾਇਕਾਂ ਨੇ ਸੋਸ਼ਲ ਮੀਡੀਆ ਤੇ ਗੈਂਗਵਾਰ ਨੂੰ ਬੜ੍ਹਾਵਾ  ਦੇਣ ਵਾਲੀਆਂ ਪੋਸਟਾਂ ਪਾ ਕੇ ਪੰਜਾਬੀ ਨੌਜਵਾਨਾਂ ਨੂੰ ਉਕਸਾਇਆ ਹੈ ਜਿਸਦੇ ਬਹੁਤ ਮਾੜੇ ਨਤੀਜੇ ਆ ਸਕਦੇ ਹਨ ਅਤੇ ਉਹ ਅਜਿਹੇ ਗਾਇਕਾਂ ਦੇ ਖਿਲਾਫ ਕਾਰਵਾਈ ਲਈ ਸਰਕਾਰ ਨੂੰ ਲਿਖ ਕੇ ਭੇਜਣਗੇ| 
ਮਾਹੌਲ ਖਰਾਬ ਕਰਨ ਵਾਲੇ ਗਾਇਕਾਂ ਤੇ ਹੋਵੇ ਸਖਤ ਕਾਰਵਾਈ: ਬੌਬੀ ਕੰਬੋਜ
ਐਸ ਏ ਐਸ ਨਗਰ,  12 ਸਤੰਬਰ (ਸ.ਬ.) ਭਾਰਤੀ ਕਿਸਾਨ ਸੰਘ ਦੀ ਚੰਡੀਗੜ੍ਹ ਇਕਾਈ ਦੇ ਸੂਬਾ ਪ੍ਰਧਾਨ ਅਤੇ ਨਗਰ ਨਿਗਮ ਦੇ ਕੌਂਸਲਰ ਸ੍ਰ. ਸ਼ਿੰਦਰ ਪਾਲ ਸਿੰਘ ਬੌਬੀ ਕੰਬੋਜ ਦੀ ਅਗਵਾਈ ਵਿੱਚ ਇਕ ਵਫਦ ਨੇ ਐਸ.ਐਸ.ਪੀ. ਮੁਹਾਲੀ ਨੂੰ ਮਿਲ ਕੇ ਪੰਜਾਬੀ ਗਾਇਕਾਂ ਐਲੀ ਮਾਂਗਟ, ਯੋ ਯੋ ਹਨੀ ਸਿੰਘ, ਸਿੱਧੂ ਮੁੱਸੇਵਾਲਾ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ| ਐਸ ਐਸ ਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਉਹਨਾਂ ਕਿਹਾ ਕਿ ਪਿੱਛਲੇ ਦਿਨੀਂ ਐਲੀ ਮਾਂਗਟ ਅਤੇ ਰੰਮੀ ਰੰਧਾਵਾ ਬਰਦਰਸ ਦੀ ਫੇਸਬੁੱਕ/ ਇੰਸਟਾਗ੍ਰਾਮ ਤੇ ਸ਼ਰੇਆਮ ਭਾਰਤ ਦੇ ਸੰਵਿਧਾਨ ਨੂੰ ਤਾਰਪੀਡੋ ਕਰਦੀਆਂ ਗੈਂਗਵਾਰ ਦੀਆਂ ਵਿਡਿਓ ਅਪ-ਲੋਡ ਕੀਤੀਆਂ ਗਈਆਂ ਹਨ ਅਤੇ ਇਹ ਗਾਇਕ ਪੰਜਾਬੀ ਨੌਜਵਾਨਾਂ ਵਿੱਚ ਨਫਰਤ ਭਰ ਰਹੇ ਹਨ ਇਸ ਲਈ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਵਫਦ ਨੇ ਕਿਹਾ ਕਿ ਇਹਨਾਂ ਦੋਵਾਂ ਗਾਇਕਾਂ ਨੇ ਆਪਸੀ ਤਾਲਮੇਲ ਕਰਕੇ ਫੋਕੀ ਸ਼ੌਹਰਤ ਲੈਣ ਲਈ ਇਹ ਸਭ ਕੁੱਝ ਕੀਤਾ ਹੈ ਅਤੇ ਇਸਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ| 
ਵਫਦ ਨੇ ਮੰਗ ਕੀਤੀ ਕਿ ਇਸਦੇ ਨਾਲ ਹੀ ਗਾਇਕ ਯੋ ਯੋ ਹਨੀ ਸਿੰਘ, ਸਿੱਧੂ ਮੁੱਸੇਵਾਲਾ ਦੇ ਖਿਲਾਫ ਵੀ ਹਥਿਆਰਾਂ ਅਤੇ ਨਸ਼ੇ ਨੂੰ ਪ੍ਰਮੋਟ ਕਰਨ, ਗੈਂਗਸਟਰਾਂ ਨੂੰ ਪ੍ਰਮੋਟ ਕਰਨ ਅਤੇ ਔਰਤਾਂ ਨੂੰ ਨੀਵਾਂ ਦਿਖਾਉਣ ਵਾਲੇ ਗਾਣੇ ਗਾਉਣ ਲਈ ਮਾਮਲਾ ਦਰਜ ਕਰਕੇ ਇਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ| ਵਫਦ ਵਿੱਚ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ ਭੁੱਲਰ ਪ੍ਰਭਾਰੀ ਪੰਜਾਬ ਕਿਸਾਨ ਸੰਘ, ਜੋਗਿੰਦਰ ਗੁੱਜਰ ਜਿਲ੍ਹਾ ਪ੍ਰਧਾਨ, ਕੁਲਦੀਪ ਸਿੰਘ ਮੱਲੀ ਬਲਾਕ ਪ੍ਰਧਾਨ,  ਮੀਤ ਪ੍ਰਧਾਨ ਸਰਬਜੀਤ ਸਿੰਘ, ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੇ ਪ੍ਰਧਾਨ ਹਰਮੀਤ ਕੰਬੋਜ ਪੰਮਾ ਅਤੇ ਕੇਵਲ ਕੰਬੋਜ ਹਾਜਿਰ ਸਨ|  

Leave a Reply

Your email address will not be published. Required fields are marked *