ਪੰਜਾਬੀ ਬੋਲੀ ਨੂੰ ਬਣਦਾ ਸਨਮਾਨ ਦਿਵਾਉਣ ਲਈ ਪੰਜਾਬੀ ਹਿਤੈਸ਼ੀ ਹੋਏ ਇਕੱਠੇ

ਪੰਜਾਬੀ ਬੋਲੀ ਨੂੰ ਬਣਦਾ ਸਨਮਾਨ ਦਿਵਾਉਣ ਲਈ ਪੰਜਾਬੀ ਹਿਤੈਸ਼ੀ ਹੋਏ ਇਕੱਠੇ
ਗੁਰਦੁਆਰਾ ਅੰਬ ਸਾਹਿਬ ਤੋਂ ਕੱਢਿਆ ਮਾਰਚ, 1 ਨਵੰਬਰ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੇ ਸੰਘਰਸ਼ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਲਿਆ ਅਹਿਦ
ਐਸ. ਏ. ਐਸ. ਨਗਰ, 23 ਅਕਤੂਬਰ (ਸ.ਬ.) ਪੰਜਾਬੀ ਬੋਲੀ ਨੂੰ ਚੰਡੀਗੜ੍ਹ ਦੀ ਪਹਿਲੀ ਭਾਸ਼ਾ ਦਾ ਦਰਜਾ ਦੇਣ ਅਤੇ ਉਸਨੂੰ ਚੰਡੀਗੜ੍ਹ ਵਿੱਚ ਬਣਦਾ ਮਾਨ ਸਨਮਾਨ ਦੇਣ ਦੀ ਮੰਗ ਨੂੰ ਲੈ ਕੇ ਪੰਜਾਬੀ ਬਚਾਓ ਮੰਚ ਚੰਡੀਗੜ੍ਹ ਵਲੋਂ 1 ਨਵੰਬਰ ਨੂੰ ਸੈਕਟਰ 17 ਦੀ ਬ੍ਰਿਜ ਮਾਰਕੀਟ ਵਿੱਚ ਕੀਤੀ ਜਾਣ ਵਾਲੀ ਰੈਲੀ ਅਤੇ ਇਸ ਤੋਂ ਬਾਅਦ ਰਾਜ ਭਵਨ ਦਾ ਘਿਰਾਓ ਕਰਨ ਸਬੰਧੀ ਐਲਾਨੇ ਗਏ ਪ੍ਰੋਗਰਾਮ ਦੇ ਸਮਰਥਕ ਵਿੱਚ ਅੱਜ ਪੰਜਾਬੀ ਹਿਤੈਸ਼ੀਆਂ ਨੇ ਗੁਰਦੁਆਰਾ ਅੰਬ ਸਾਹਿਬ ਵਿਖੇ ਇੱਕਤਰ ਹੋ ਕੇ ਐਲਾਨ ਕੀਤਾ ਕਿ ਸ਼ਹਿਰ ਵਾਸੀ ਚੰਡੀਗੜ੍ਹ ਵਿੱਚ ਪੰਜਾਬੀ ਮਾਂ ਬੋਲੀ ਨਾਲ ਹੋਣ ਵਾਲੇ ਧੱਕੇ ਵਿਰੁੱਧ ਰੋਸ ਜਾਹਿਰ ਕਰਨ ਲਈ 7 ਨਵੰਬਰ ਦੀ ਰੈਲੀ ਵਿੱਚ ਵੱਧ ਚੜ੍ਹ ਕੇ ਭਾਗ ਲੈਣਗੇ ਪੰਜਾਬੀ ਮਾਂ ਬੋਲੀ ਨੂੰ ਉਸਦਾ ਬਣਦਾ ਸਨਮਾਨ ਦਿਵਾਉਣ ਤੱਕ ਇਸ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ|
ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਪੰਜਾਬੀ ਹਿਤੈਸ਼ੀਆਂ ਜਿਨ੍ਹਾਂ ਵਿੱਚ ਪੰਜਾਬ ਵਿਧਾਨਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰ. ਬੀਰਦਵਿੰਦਰ ਸਿੰਘ ਸਮੇਤ ਸ਼ਹਿਰ ਦੇ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ,  ਸ੍ਰ. ਫੂਲਰਾਜ ਸਿੰਘ, ਸ੍ਰ. ਕੁਲਜੀਤ ਸਿੰਘ ਬੇਦੀ, ਸ੍ਰ. ਪਰਮਜੀਤ ਸਿੰਘ ਕਾਹਲੋਂ ਅਤੇ ਸ੍ਰ. ਕੰਵਲਜੀਤ ਸਿੰਘ ਰੂਬੀ, ਪੰਜਾਬੀ ਗਾਇਕ ਸ੍ਰੀ ਰਾਜ ਕਾਕੜਾ ਅਤੇ ਸੁੱਖੀ ਬਰਾੜ, ਅਦਾਕਾਰ ਸ੍ਰੀ ਬੀ ਐਨ ਸ਼ਰਮਾ, ਪ੍ਰੋਫੈਸਰ ਪੰਡਤ ਰਾਓ, ਨਾਮਵਰ ਲੇਖਕ ਸ੍ਰੀ ਰਾਮ ਅਰਸ਼, ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਸ੍ਰ. ਕੁਲਵੰਤ ਸਿੰਘ ਚੌਧਰੀ ਅਤੇ ਜਨਰਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ, ਗੁਰਦੁਆਰਾ ਸਾਚਾ ਧੰਨ ਦੇ ਪ੍ਰਧਾਨ ਸ੍ਰ.ਪਰਮਜੀਤ ਸਿੰਘ ਗਿੱਲ, ਠੇਕੇਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਮਨਜੀਤ ਸਿੰਘ ਮਾਨ, ਸਿਟੀਜਨ ਵੈਲਫੇਅਰ ਐਂਡ ਡਿਵੈਲਪਮੈਂਟ ਫੋਰਮ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਹੈਪੀ, ਸ੍ਰ. ਤੇਜਿੰਦਰ ਸਿੰਘ ਸ਼ੇਰਗਿੱਲ, ਸ੍ਰ. ਰਘਬੀਰ ਸਿੰਘ ਰਾਮਪੁਰ, ਭਾਈ ਗੁਰਦਾਸ ਸਿੰਘ, ਅਕਵਿੰਦਰ ਸਿੰਘ ਗੋਸਲ, ਹਰਮਿੰਦਰ ਸਿੰਘ ਢਿੱਲੋਂ, ਅਜੀਤ ਸਿੰਘ ਗਰੇਵਾਲ, ਪੀ ਐਸ ਵਿਰਦੀ ਸਮੇਤ ਵੱਡੀ ਗਿਣਤੀ ਸ਼ਹਿਰ ਵਾਸੀ ਸ਼ਾਮਿਲ ਹੋਏ|
ਇਸ ਮੌਕੇ ਪੰਜਾਬੀ ਹਿਤੈਸ਼ੀਆਂ ਵੱਲੋਂ ਗੁਰਦੁਆਰਾ ਅੰਬ ਸਾਹਿਬ ਤੋਂ ਇੱਕ ਮਾਰਚ ਕੱਢਿਆ ਗਿਆ| ਜਿਹੜਾ ਅੰਬਾਂ ਵਾਲਾ ਚੌਂਕ, ਚਾਵਲਾ ਚੌਂਕ ਹੁੰਦਾ ਹੋਇਆ ਗੁਰਦੁਆਰਾ ਸਾਚਾ ਧਨੁ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ|
ਮਾਰਚ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਰਾਜਧਾਨੀ ਵਿੱਚ ਜਿਸ ਤਰੀਕੇ ਨਾਲ ਪੰਜਾਬੀ ਬੋਲੀ ਨਾਲ ਮਤਰੇਆ ਸਲੂਕ ਕੀਤਾ ਜਾ ਰਿਹਾ ਹੈ ਉਸ ਲਈ ਚੰਡੀਗੜ੍ਹ ਦੀ ਅਫਸਰਸ਼ਾਹੀ ਵਿੱਚ ਬੈਠੀ ਪੰਜਾਬੀ ਵਿਰੋਧੀ ਲਾਬੀ ਜਿੰਮੇਵਾਰ ਹੈ| ਬੁਲਾਰਿਆਂ ਨੇ ਕਿਹਾ ਕਿ ਹੁਣ ਇਸ ਧੱਕੇਸ਼ਾਹੀ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਚੰਡੀਗੜ੍ਹ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਹਿਲਾ ਸਥਾਨ ਦਿਵਾਉਣ ਲਈ ਪੰਜਾਬੀ ਹਿਤੈਸ਼ੀ ਕੋਈ ਕਸਰ ਨਹੀਂ ਛੱਡਣਗੇ| ਇਸਦੇ ਨਾਲ ਨਾਲ ਪੰਜਾਬ ਵਿੱਚ ਸੜਕਾਂ ਕਿਨਾਰੇ ਲਗਾਏ ਜਾਂਦੇ ਬੋਰਡਾਂ ਤੇ ਵੀ ਸਭ ਤੋਂ ਪਹਿਲਾਂ ਪੰਜਾਬੀ ਦੂਜੇ ਨੰਬਰ ਤੇ ਹਿੰਦੀ ਅਤੇ ਤੀਜੇ ਨੰਬਰ ਤੇ ਅੰਗ੍ਰੇਜੀ ਲਿਖਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਦੇ ਹੱਕ ਵਿੱਚ ਚਲ ਰਹੀ ਮੁਹਿੰਮ ਹੁਣ ਹਨੇਰੀ ਦਾ ਰੂਪ ਧਾਰਨ ਕਰ ਗਈ ਹੈ ਅਤੇ ਸਰਕਾਰ ਨੂੰ ਇਸਦੇ ਅੱਗੇ ਝੁੱਕਣਾ ਹੀ ਪੈਣਾ ਹੈ|

Leave a Reply

Your email address will not be published. Required fields are marked *