ਪੰਜਾਬੀ ਭਾਸ਼ਾ ਦੀ ਹੋ ਰਹੀ ਬੇਕਦਰੀ ਬਾਰੇ ਸੱਪਸ਼ਟੀਕਰਨ ਦੇਵੇ ਸਿਖਿਆ ਬੋਰਡ : ਪੰਡਤ ਰਾਓ ਧਨੇਰਵਰ

ਐਸ.ਏ.ਐਸ.ਨਗਰ, 26 ਜੂਨ (ਸ.ਬ.) ਪੰਜਾਬੀ ਮਾਂ ਬੋਲੀ ਲਈ ਆਪਣੀ ਆਵਾਜ ਉਠਾਉਣ ਵਾਲੇ ਪੰਡਿਤ ਰਾਓ ਧਰੇਨਵਰ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੱਕਤਰ ਨੂੰ ਭਾਰਤੀ ਸੰਵਿਧਾਨ ਦੀ ਧਾਰਾ 80 ਸੀਪੀਸੀ 1907/51 ਏ ਤਹਿਤ ਕਾਨੂੰਨੀ ਨੋਟਿਸ ਦੇ ਕੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਹੋ ਰਹੀ ਬੇਕਦਰੀ ਬਾਰੇ ਸੱਪਸ਼ਟੀਕਰਨ ਦੇਣ ਦੀ ਮੰਗ ਕੀਤੀ ਗਈ ਹੈ|
ਇਸ ਨੋਟਿਸ ਵਿੱਚ ਉਹਨਾਂ ਕਿਹਾ ਹੈ ਕਿ ਸਿੱਖਿਆ ਬੋਰਡ ਵੱਲੋਂ ਗਣਿਤ ਵਿਸ਼ੇ ਨੂੰ ਪੰਜਾਬੀ ਮਾਧਿਅਮ ਵਿੱਚ ਪੜ੍ਹਾਉਣਾ ਛੱਡ ਕੇ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਉਣ ਦਾ ਫੈਸਲਾ ਕੀਤਾ ਗਿਆ ਹੈ ਜਦਕਿ ਪੰਜਾਬ ਭਾਸ਼ਾ ਐਕਟ ਦੇ ਮੁਤਾਬਿਕ ਦਸਵੀਂ ਤੱਕ ਬੱਚਿਆਂ ਨੂੰ ਸਾਰੇ ਵਿਸ਼ੇ ਪੰਜਾਬੀ ਵਿੱਚ ਪੜ੍ਹਾਉਣੇ ਲਾਜ਼ਮੀ ਹਨ| ਉਹਨਾਂ ਲਿਖਿਆ ਹੈ ਕਿ ਇਸਦੇ ਬਾਵਜੂਦ ਬੋਰਡ ਵਲੋਂ ਇਸਦੇ ਉਲਟ ਜਾ ਕੇ ਪੰਜਾਬੀ ਭਾਸ਼ਾ ਐਕਟ ਦੀ ਉਲੰਘਣਾ ਕਰਨ ਦੇ ਨਾਲ ਨਾਲ ਬੱਚਿਆਂ ਦੇ ਆਪਣੀ ਮਾਂ ਬੋਲੀ ਵਿੱਚ ਪੜ੍ਹਨ ਦੇ ਮਨੁੱਖੀ ਅਧਿਕਾਰਾਂ ਦੀ ਵੀ ਘੋਰ ਉਲੰਘਣਾ ਕੀਤੀ ਜਾ ਰਹੀ ਹੈ|
ਅੱਜ ਇੱਥੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਦਫਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ 3 ਮਾਰਚ 2020 ਨੂੰ ਹੋਏ ਸਾਲਾਨਾ ਇਮਤਿਹਾਨ ਮੌਕੇ ਅੱਠਵੀਂ ਜਮਾਤ ਨੂੰ ਵੰਡੇ ਗਏ ਪ੍ਰਸ਼ਨ ਪੱਤਰ ਵਿੱਚ ਅਣਗਿਣਤ ਗਲਤੀਆਂ ਸਨ| ਉਹਨਾਂ ਮੰਗ ਕੀਤੀ ਕਿ ਇਸਦੀ ਜ਼ਿੰਮੇਵਾਰੀ ਤੈਅ ਕਰਨ ਸਬੰਧੀ ਲਏ ਗਏ ਫੈਸਲਿਆਂ ਬਾਰੇ ਲਿਖਤੀ ਰੂਪ ਵਿੱਚ ਸਪਸ਼ਟੀਕਰਨ ਦਿੱਤਾ ਜਾਵੇ| ਉਹਨਾਂ ਵਲੋਂ ਸਿਖਿਆ ਬੋਰਡ ਦੇ ਸਕੱਤਰ ਨੂੰ ਦਿੱਤੇ ਕਾਨੂਨੀ ਨੋਟਿਸ ਵਿੱਚ ਲਿਖਤੀ ਰੂਪ ਵਿੱਚ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ| ਉਹਨਾਂ ਮੰਗ ਕੀਤੀ ਕਿ ਇਸ ਸੰਬਧੀ ਲਿਖਤੀ ਰੂਪ ਵਿੱਚ ਛੇਤੀ ਤੋਂ ਛੇਤੀ ਸੱਪਸ਼ਟੀਕਰਨ ਦਿੱਤਾ ਜਾਵੇ ਤਾਂ ਜੋ ਉਹ ਇਸ ਸੰਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਕਰ ਸਕਣ|

Leave a Reply

Your email address will not be published. Required fields are marked *