ਪੰਜਾਬੀ ਭਾਸ਼ਾ ਨੂੰ ਜੰਮੂ-ਕਸ਼ਮੀਰ ਰਾਜਭਾਸ਼ਾ ਬਿਲ ਵਿੱਚ ਸ਼ਾਮਿਲ ਕਰੇ ਸਰਕਾਰ : ਪੰਡਤ ਰਾਓ ਧਨੇਰਵਰ

ਪੰਜਾਬੀ ਭਾਸ਼ਾ ਨੂੰ ਜੰਮੂ-ਕਸ਼ਮੀਰ ਰਾਜਭਾਸ਼ਾ ਬਿਲ ਵਿੱਚ ਸ਼ਾਮਿਲ ਕਰੇ ਸਰਕਾਰ : ਪੰਡਤ ਰਾਓ ਧਨੇਰਵਰ
ਵਿਸ਼ਵ ਪੰਜਾਬੀ ਪ੍ਰਚਾਰ ਸਭਾਵਲੋਂ ਪੰਜਾਬੀ ਨੂੰ ਦਰ ਕਿਨਾਰ ਕਰਨ ਦੀ ਨਿਖੇਧੀ
ਚੰਡੀਗੜ੍ਹ, 4 ਸਤੰਬਰ (ਸ.ਬ.) ਪੰਜਾਬੀ ਭਾਸ਼ਾ ਲਈ ਸੰਘਰਸ਼ ਕਰਨ ਵਾਲੇ ਪੰਡਿਤ ਰਾਓ ਧਨੇਰਵਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬੀ  ਭਾਸ਼ਾ ਨੂੰ ਵੀ ਜੰਮੂ-ਕਸ਼ਮੀਰ ਰਾਜਭਾਸ਼ਾ ਬਿਲ ਵਿੱਚ ਸ਼ਾਮਿਲ ਕੀਤਾ ਜਾਵੇ|
ਉਹਨਾਂ ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬੀ  ਭਾਸ਼ਾ ਨੂੰ ਵੀ ਜੰਮੂ-ਕਸ਼ਮੀਰ ਰਾਜਭਾਸ਼ਾ ਬਿਲ ਵਿੱਚ ਸ਼ਾਮਿਲ ਕੀਤਾ ਜਾਵੇ ਕਿਉਂਕਿ ਇਤਿਹਾਸਕ ਰੂਪ ਵਿੱਚ ਜੰਮੂ-ਕਸ਼ਮੀਰ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨਾਲ ਜੁੜਿਆ ਹੋਇਆ ਹੈ| ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਵੀ ਜੰਮੂ-ਕਸ਼ਮੀਰ ਵਿੱਚ ਬਹੁਤ ਜ਼ਿਆਦਾ ਹੈ| ਪੰਜਾਬੀ ਭਾਸ਼ਾ ਵਿੱਚ ਉਪਲਬਧ ਸੂਫੀਵਾਦ ਅਤੇ ਗੁਰਬਾਣੀ ਨਾ ਸਿਰਫ ਜੰਮੂ-ਕਸ਼ਮੀਰ ਵਿੱਚ ਬਲਕਿ ਪੂਰੀ ਦੁਨੀਆ ਵਿੱਚ ਸ਼ਾਂਤੀ ਅਤੇ ਅਮਨ-ਚੈਨ, ਪਿਆਰ ਲਿਆ ਸਕਦੇ ਹਨ| 
ਇਸੇ ਦੌਰਾਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਨੇ ਕੇਂਦਰ ਸਰਕਾਰ  ਵਲੋਂ ਮੰਜੂਰ ਕੀਤੇ ਗਏ ਜੰਮੂ ਅਤੇ ਕਸ਼ਮੀਰ ਲਈ ਸਰਕਾਰੀ ਭਾਸ਼ਾਵਾਂ ਬਿੱਲ 2020 ਵਿੱਚ ਪੰਜਾਬੀ ਨੂੰ ਦਰ ਕਿਨਾਰ ਕਰਨ ਦੀ ਨਿਖੇਧੀ ਕੀਤੀ ਗਈ ਹੈ| ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਅਤੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਲਈ ਕਸ਼ਮੀਰੀ, ਡੋਗਰੀ ਅਤੇ ਹਿੰਦੀ ਦੇ ਨਾਲ ਪੰਜਾਬੀ ਨੂੰ ਸ਼ਾਮਿਲ ਨਾ ਕਰਕੇ ਸਰਕਾਰ ਨੇ ਪੰਜਾਬੀ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ|
ਉਨ੍ਹਾਂ ਮੰਗ ਕੀਤੀ ਕਿ ਇਸ ਬਿੱਲ ਵਿੱਚ ਸੋਧ ਕਰਕੇ ਇਸ ਵਿੱਚ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਿਲ ਕੀਤਾ ਜਾਵੇ| ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਪੰਜਾਬੀ ਪ੍ਰੇਮੀ ਅੰਦੋਲਨ ਦਾ ਰਾਹ ਅਪਣਾਉਣ ਲਈ ਮਜ਼ਬੂਰ ਹੋਣਗੇ ਅਤੇ ਪੰਜਾਬੀ ਭਾਸ਼ਾ ਦੇ ਵਿਰੁੱਧ ਕੇਂਦਰ ਸਰਕਾਰ ਦੀ ਕਿਸੇ ਵੀ ਕਾਰਵਾਈ ਦਾ ਵਿਰੋਧ ਕਰਨਗੇ|

Leave a Reply

Your email address will not be published. Required fields are marked *