ਪੰਜਾਬੀ ਮਾਂ ਬੋਲੀ ਨੂੰ ਚੰਡੀਗੜ੍ਹ ਪ੍ਰਸ਼ਾਸ਼ਨ ਦੀ ਦਫਤਰੀ ਭਾਸ਼ਾ ਬਣਾਉਣ ਦੀ ਮੰਗ

ਚੰਡੀਗੜ੍ਹ, 10 ਜਨਵਰੀ (ਸ.ਬ.) ਆਲ ਇੰਡੀਆ ਜੱਟ ਮਹਾਂ ਸਭਾ ਦੀ ਚੰਡੀਗੜ੍ਹ ਇਕਾਈ ਦੇ ਸੂਬਾ ਪ੍ਰਧਾਨ ਸ੍ਰ. ਰਾਜਿੰਦਰ ਸਿੰਘ ਬਡਹੇੜੀ ਅਤੇ ਪੰਜਾਬੀਅਤ ਦੇ ਪ੍ਰੇਮੀ ਪੰਡਿਤ ਰਾਓ ਧਰੇਨਵਰ ਨੇ ਚੰਡੀਗੜ੍ਹ ਦੇ ਸੈਕਟਰ 17 ਵਿੱਚ ਪੰਜਾਬੀ ਮਾਂ ਬੋਲੀ ਦੀ ਬਹਾਲੀ ਲਈ ਪ੍ਰਚਾਰ ਕੀਤਾ ਅਤੇ ਮੰਗ ਕੀਤੀ ਕਿ ਚੰਡੀਗੜ੍ਹ ਪ੍ਰਸ਼ਾਸ਼ਨ ਪੰਜਾਬੀ ਮਾਂ ਬੋਲੀ ਨੂੰ ਦਫਤਰੀ ਭਾਸ਼ਾ ਬਣਾਏ|
ਇਸ ਮੌਕੇ ਦੋਵਾਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਪੰਜਾਬੀ ਮਾਂ ਬੋਲੀ ਨਾਲ ਧੱਕਾ ਕਰ ਰਹੇ ਹਨ ਜਦੋਂ ਕਿ ਇਸ ਖਿੱਤੇ ਦੀ ਮਾਂ ਬੋਲੀ ਪੰਜਾਬੀ ਹੀ ਹੈ| ਉਹਨਾਂ ਕਿਹਾ ਕਿ 1 ਨਵੰਬਰ 1966 ਤੋਂ ਬਾਅਦ ਬੇਈਮਾਨੀ ਕਰਕੇ ਪੰਜਾਬੀ ਭਾਸ਼ਾ ਦੀ ਥਾਂ ਅੰਗਰੇਜ਼ੀ ਲਾਗੂ ਕਰ ਦਿੱਤੀ ਗਈ|
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਵੀ ਪੰਜਾਬੀ ਹਨ ਅਤੇ ਪਹਿਲਾਂ ਚੁਣੇ ਗਏ ਸਾਂਸਦ ਸ੍ਰੀ ਹਰਮੋਹਣ ਧਵਨ, ਸ੍ਰੀ ਸੱਤਿਆ ਪਾਲ ਜੈਨ, ਪਵਨ ਕੁਮਾਰ ਬਾਂਸਲ ਵੀ ਪੰਜਾਬੀ ਹੀ ਹਨ| ਉਹਨਾਂ ਮੰਗ ਕੀਤੀ ਕਿ ਸੰਸਦ ਮੈਂਬਰ ਕਿਰਨ ਖੇਰ ਅਤੇ ਸਾਬਕਾ ਸੰਸਦ ਮੈਂਬਰਾਂ ਨੂੰ ਪੰਜਾਬੀ ਮਾਂ ਬੋਲੀ ਦੀ ਬਹਾਲੀ ਲਈ ਸੰਘਰਸ਼ ਦਾ ਹਿੱਸਾ ਬਣ ਕੇ ਪੰਜਾਬੀ ਮਾਂ ਬੋਲੀ ਦਾ ਮੁੱਲ ਮੋੜਨਾ ਚਾਹੀਦਾ ਹੈ ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਮਜਬੂਰ ਕਰਨਾ ਚਾਹੀਦਾ ਹੈ ਕਿ ਉਹ ਪੰਜਾਬੀ ਮਾਂ ਬੋਲੀ ਨੂੰ ਚੰਡੀਗੜ੍ਹ ਪ੍ਰਸ਼ਾਸ਼ਨ ਦੀ ਦਫਤਰੀ ਭਾਸ਼ਾ ਬਣਾਏ|

Leave a Reply

Your email address will not be published. Required fields are marked *