ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਵਲੋਂ ਵਾਈਸ ਚਾਂਸਲਰ ਦੀ ਰਿਹਾਇਸ਼ ਅੱਗੇ ਧਰਨਾ

ਪਟਿਆਲਾ, 20 ਅਗਸਤ (ਬਿੰਦੂ ਸ਼ਰਮਾ) ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਵੱਲੋਂ ਵਾਈਸ ਚਾਂਸਲਰ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਗਿਆ| ਅਧਿਆਪਕਾਂ ਵਲੋਂ ਮੰਗ ਕੀਤੀ ਗਈ ਕਿ ਉਹਨਾਂ ਦੀਆਂ ਤਨਖਾਹਾਂ ਅਤੇ ਪੈਨਸ਼ਨ ਦੀ ਅਦਾਇਗੀ ਸਮੇਂ ਸਿਰ ਕੀਤੀ ਜਾਵੇ, ਪਿਛਲੇ ਪੰਜ ਮਹੀਨਿਆਂ ਦੀਆਂ ਐਨਪੀਐਸ ਤੇ ਜੀਪੀਐਫ ਦੀਆਂ ਕਟੌਤੀਆਂ ਜਮ੍ਹਾਂ ਕਰਵਾਈਆਂ ਜਾਣ, ਕੈਰੀਅਰ ਅਡਵਾਂਸਮੈਂਟ ਸਕੀਮ ਅਧੀਨ ਅਧਿਆਪਕਾਂ ਦੀਆਂ ਬਣਦੀਆਂ ਤਰੱਕੀਆਂ ਦਾ ਸ਼ਡਿਊਲ ਜਾਰੀ ਕੀਤਾ ਜਾਵੇ ਅਤੇ ਅਧਿਆਪਕਾਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦਰਮਿਆਨ ਹੋਏ ਸਮਝੌਤੇ ਨੂੰ ਲਾਗੂ ਕੀਤਾ ਜਾਵੇ| 
ਇਸ ਮੌਕੇ ਪੂਟਾ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਅਤੇ ਸਕੱਤਰ ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪਿਛਲੇ ਕੁੱਝ ਮਹੀਨਿਆਂ ਤੋਂ ਆਪਣੇ ਦਫ਼ਤਰ ਵਿੱਚ ਨਹੀਂ ਆ ਰਹੇ ਜਿਸ ਨਾਲ ਯੂਨੀਵਰਸਿਟੀ ਦੇ ਕੰਮਕਾਜ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ| ਉਹਨਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਉਹ ਵਾਈਸ ਚਾਂਸਲਰ ਨੂੰ ਆਦੇਸ਼ ਜਾਰੀ ਕਰਨ ਕਿ ਉਹ ਆਪਣੇ ਦਫ਼ਤਰ ਵਿੱਚ ਬੈਠ ਕੇ ਯੂਨੀਵਰਸਿਟੀ ਦਾ ਕੰਮਕਾਜ ਚਲਾਉਣ| 
ਉਹਨਾਂ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਆਪਣੇ ਦਫ਼ਤਰ ਵਿੱਚ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਅਧਿਆਪਕਾਂ ਦੀਆਂ ਸਿਲੈਕਸ਼ਨ ਕਮੇਟੀਆਂ ਵੀ ਦਫ਼ਤਰ ਵਿੱਚ ਕੀਤੀਆਂ ਜਾ ਰਹੀਆਂ ਹਨ| ਇਸੇ ਪ੍ਰਕਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਵੀ ਆਪਣਾ ਦਫ਼ਤਰ ਲਗਾਤਾਰ ਅਟੈਂਡ ਕਰ ਰਹੇ ਹਨ ਅਤੇ ਅਧਿਆਪਕਾਂ ਦੀਆਂ ਸਿਲੈਕਸ਼ਨ              ਕਮੇਟੀਆਂ ਵੀ ਕਰ ਰਹੇ ਹਨ, ਪਰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਯੂਨੀਵਰਸਿਟੀ ਅਧਿਆਪਕਾਂ ਦੀਆਂ ਪਿਛਲੇ ਇੱਕ ਸਾਲ ਵਿੱਚ ਸਿਲੈਕਸ਼ਨ ਕਮੇਟੀਆਂ ਨਹੀਂ ਕੀਤੀਆਂ ਗਈਆਂ ਜਿਸ ਕਾਰਨ ਅਧਿਆਪਕ ਵਰਗ ਵਿੱਚ ਇਸ ਪ੍ਰਤੀ ਬਹੁਤ ਰੋਸ ਹੈ| ਉਹਨਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਪੂਰੀ ਤਰ੍ਹਾਂ ਖੜੌਂਤ ਦਾ ਸ਼ਿਕਾਰ  ਹੈ ਅਤੇ  ਇਸ ਵਿੱਚ ਯੋਗ ਫ਼ੈਸਲੇ ਲੈਣ ਦੀ ਸਮਰੱਥਾ ਨਜ਼ਰ ਨਹੀਂ ਆ ਰਹੀ ਇਸ ਲਈ ਸਰਕਾਰ ਨੂੰ ਬਿਨਾ ਕਿਸੇ ਦੇਰੀ ਦੇ ਆਪਣਾ ਬਣਦਾ ਰੋਲ ਨਿਭਾਉਣਾ ਚਾਹੀਦਾ ਹੈ| 


Leave a Reply

Your email address will not be published. Required fields are marked *