ਪੰਜਾਬੀ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਦੇ ਧਰਨੇ ਵਿੱਚ ਪਹੁੰਚੇ ਭਗਵੰਤ ਮਾਨ

ਪੰਜਾਬ ਸਰਕਾਰ ਨੂੰ ਅਧਿਆਪਕਾਂ ਦੀਆਂ ਜਾਇਜ ਮੰਗਾਂ ਤੁਰੰਤ ਸਵੀਕਾਰ ਕਰਨ ਦੀ ਅਪੀਲ
ਪਟਿਆਲਾ ,  19 ਅਗਸਤ (ਬਿੰਦੂ ਸ਼ਰਮਾ) ਪੰਜਾਬੀ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ (ਪੂਟਾ) ਵਲੋਂ ਅਧਿਆਪਕਾਂ ਦੀਆਂ ਤਨਖਾਹਾਂ, ਪੈਂਸ਼ਨਰਾਂ ਨੂੰ ਸਮੇਂ ਤੇ ਭੁਗਤਾਨ, ਸਬੰਧਿਤ ਖਾਤਿਆ ਵਿੱਚ ਪਿਛਲੇ ਪੰਜ ਮਹੀਨੇ ਤੋਂ ਐਨ ਪੀ ਐਸ ਅਤੇ ਜੀਪੀਐਫ ਕਟੌਤੀ ਦੇ ਗੈਰ-ਅਰਜਿਤ ਹੋਣ,  ਕੈਰੀਅਰ ਐਡਵਾਂਸਮੇਂਟ ਸਕੀਮ ਦੇ ਤਹਿਤ ਅਧਿਆਪਕਾਂ ਦੀ ਪਦਉੱਨਤੀ ਦਾ ਸ਼ਡਿਊਲ ਜਾਰੀ ਕਰਣ ਅਤੇ ਅਧਿਆਪਕਾਂ ਦੀਆਂ ਹੋਰਨਾਂ ਮੰਗਾਂ ਦੇ ਹੱਕ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ  ਦੇ ਖਿਲਾਫ ਧਰਨਾ ਦਿੱਤਾ ਗਿਆ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੇ ਖਿਲਾਫ                  ਨਾਹਰੇਬਾਜੀ ਕੀਤੀ ਗਈ| 
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਧਰਨੇ ਵਿੱਚ ਸ਼ਾਮਿਲ ਹੋਏ ਅਤੇ ਅਧਿਆਪਕਾਂ ਦੀਆਂ ਮੰਗਾਂ ਨੂੰ ਆਪਣਾ ਸਮਰਥਨ ਦਿੱਤਾ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਜਿੰਮੇਵਾਰੀ ਨਿਭਾਉਣ ਦੀ ਥਾਂ ਸੰਸਥਾਵਾਂ ਦਾ ਨਿੱਜੀਕਰਨ ਦੇ ਰਾਹ ਪਈ ਹੋਈ ਹੈ| ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਧਿਆਪਕਾਂ ਦੇ ਸੰਘਰਸ਼ ਦੇ ਨਾਲ ਹੈ ਅਤੇ ਪਾਰਟੀ ਵਲੋਂ ਯੂਨੀਵਰਸਿਟੀ ਨਾਲ ਸਬੰਧਿਤ ਮੁੱਦਿਆ ਨੂੰ ਹਰੇਕ ਸੰਭਾਵਿਤ                 ਪਲੇਟਫਾਰਮਾਂ ਉੱਤੇ ਚੁੱਕਿਆ           ਜਾਵੇਗਾ| ਉਨ੍ਹਾਂ ਕਿਹਾ ਕਿ ਸੰਸਦ ਦੇ ਮਾਨਸੂਨ ਸ਼ੈਸ਼ਨ ਦੇ ਦੌਰਾਨ  ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਵਲੋਂ ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਅਤੇ ਪ੍ਰਸ਼ਾਸ਼ਨਿਕ ਹਾਲਤ ਨਾਲ ਸਬੰਧਿਤ ਮੁੱਦਿਆ ਨੂੰ ਚੁੱਕਿਆ ਗਿਆ ਸੀ ਅਤੇ ਪਾਰਟੀ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਨਾਲ ਖੜ੍ਹੀ ਹੈ| 
ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ  ਦੇ ਬਾਕੀ ਸਰਕਾਰੀ ਅਦਾਰਿਆਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਉਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ  ਨੂੰ ਵੀ ਅਣਗੋਲਿਆ ਕੀਤਾ ਜਾ ਰਿਹਾ ਹੈ ਜੋ ਇਸ ਸੰਸਥਾ ਦੇ ਨਿੱਜੀਕਰਣ ਵੱਲ ਇਸ਼ਾਰਾ ਕਰਦਾ ਹੈ| 
ਇਸ ਮੌਕੇ ਪੂਟਾ ਦੇ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਅਤੇ ਸਕੱਤਰ ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਮਾਲਵਾ ਦੀ ਇਹ ਪ੍ਰਮੁੱਖ ਸੰਸਥਾ ਪਿਛਲੇ ਕੁੱਝ ਸਮੇਂ ਤੋਂ ਖਸਤਾ ਹਾਲਾਤ ਤੋਂ ਗੁਜਰ ਰਹੀ ਹੈ| ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਅਧਿਆਪਕਾਂ ਦੇ ਜਾਇਜ ਅਧਿਕਾਰਾਂ ਨੂੰ ਜਾਰੀ ਕਰਣ ਵਿੱਚ ਦੇਰੀ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਇਸ ਮਾਹਾਂਮਾਰੀ ਦੇ ਦੌਰਾਨ ਵੀ ਯੂਨੀਵਰਸਿਟੀ ਦੇ ਅਧਿਆਪਕਾਂ ਦਾ ਯੋਗਦਾਨ ਹਰ ਪੱਧਰ ਤੇ ਹੋ ਰਿਹਾ ਹੈ ਪਰ ਅੱਜ ਇਨ੍ਹਾਂ ਅਧਿਆਪਕਾਂ ਨੂੰ ਬੁਰੀ ਤਰ੍ਹਾਂ ਅਣਗੋਲਿਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਪੂਟਾ ਆਪਣੀਆਂ ਮੰਗਾਂ ਅਤੇ ਯੂਨੀਵਰਸਿਟੀ ਦੀ ਵਿੱਤੀ ਹਾਲਤ ਵਿੱਚ ਸੁਧਾਰ ਲਈ ਵਾਈਸ ਚਾਂਸਲਰ ਦੇ ਘਰ ਦੇ ਸਾਹਮਣੇ ਧਰਨਾ ਜਾਰੀ ਰੱਖੇਗਾ| 

Leave a Reply

Your email address will not be published. Required fields are marked *