ਪੰਜਾਬੀ ਯੂਨੀਵਰਸਿਟੀ ਵਿਖੇ ਮਹਾਰਾਣਾ ਪ੍ਰਤਾਪ ਦੇ ਨਾਂ ਤੇ ਚੇਅਰ ਸਥਾਪਿਤ ਕੀਤੀ ਜਾਵੇਗੀ : ਰਾਜਪਾਲ ਪੰਜਾਬ

ਐਸ.ਏ.ਐਸ. ਨਗਰ, 3 ਜੂਨ (ਸ.ਬ.) ਮਹਾਨ ਰਾਜਪੂਤ, ਕੁਸ਼ਲ ਰਣਨੀਤੀਕਾਰ ਅਤੇ ਵੀਰ ਯੋਧਾ ਮਹਾਰਾਣਾ ਪ੍ਰਤਾਪ ਦੇ ਨਾਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੇਅਰ ਸਥਾਪਿਤ ਕੀਤੀ ਜਾਵੇਗੀ| ਜਿਸ ਨਾਲ ਮਹਾਰਾਣਾ ਪ੍ਰਤਾਪ ਦੇ ਜੀਵਨ  ਅਤੇ ਫਲਸਫੇ ਤੇ ਅਧਾਰਿਤ ਹੋਰ ਖੋਜਾਂ ਨੂੰ ਬੜਾਵਾ ਮਿਲੇਗਾ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਪਾਲ ਪੰਜਾਬ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਰਾਇਲ ਬੈਂਕੁਇੰਟ ਹਾਲ (ਸਵਾੜਾ) ਐਸ.ਏ.ਐਸ. ਨਗਰ ਵਿਖੇ ਮਹਾਰਾਣਾ ਪ੍ਰਤਾਪ ਦੇ 477ਵੇਂ ਜਨਮ ਦਿਵਸ ਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ|
ਉਹਨਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਇੱਕ ਮਹਾਨ ਦੇਸ ਭਗਤ ਅਤੇ ਵੀਰ ਯੋਧਾ ਸੀ| ਜਿਸ ਨੇ  ਮੁਗਲ ਰਾਜ ਦੇ  ਖਾਤਮੇ ਲਈ ਅਕਬਰ ਨਾਲ ਲੋਹਾ  ਲਿਆ ਅਤੇ ਮੁਗਲਾਂ ਵਿਰੁੱਧ ਪਹਿਲੀ ਵਾਰ ਗੁਰੀਲਾ ਯੁੱਧ ਦੀ ਸੁਰੂਆਤ ਕੀਤੀ| ਜਿਸ ਨਾਲ ਮਹਾਰਾਣਾ ਪ੍ਰਤਾਪ ਨੂੰ ਮੁਗਲਾਂ ਵਿਰੁੱਧ ਵੱਡੀ ਸ਼ਕਤੀ ਮਿਲੀ ਅਤੇ ਮੁਗਲਾਂ ਦੇ ਮੇਵਾੜ ਤੇ ਕਬਜ਼ਾ ਕਰਨ ਦੇ ਮਨਸੂਬਿਆਂ ਨੂੰ ਚਕਨਾਚੂਰ ਕੀਤਾ| ਉਨ੍ਹਾਂ ਕਿਹਾ ਕਿ ਇਸ ਮਹਾਨ ਵੀਰ ਯੋਧੇ ਦੇ ਜੀਵਨ ਅਤੇ ਫਲਸਫ਼ੇ ਨੂੰ ਸਮੁੱਚੇ ਭਾਰਤ ਵਿੱਚ ਜਾਣੂ ਕਰਾਉਣ ਦੀ ਲੋੜ ਹੈ ਤਾਂ ਜੋ ਲੋਕਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਹੋਰ ਮਜਬੂਤੀ ਨਾਲ ਭਰਿਆ ਜਾ  ਸਕੇ| ਉਨ੍ਹਾਂ ਹੋਰ ਕਿਹਾ ਕਿ ਮਹਾਰਾਣਾ ਪ੍ਰਤਾਪ ਦੀ ਚੇਅਰ ਸਥਾਪਿਤ ਹੋਣ ਨਾਲ ਇਤਿਹਾਸਕ ਖੋਜ ਕੰਮਾਂ ਲਈ ਪੰਜਾਬ ਦੇ ਪ੍ਰੋਫੈਸਰ ਰਾਜਸਥਾਨ ਜਾ ਸਕਣਗੇ ਅਤੇ ਰਾਜਸਥਾਨ ਤੋਂ ਪ੍ਰੋਫੈਸਰ ਪੰਜਾਬ ਆ ਸਕਣਗੇ| ਉਨ੍ਹਾਂ ਕਿਹਾ ਕਿ ਰਾਜਸਥਾਨ ਅਤੇ ਪੰਜਾਬ ਦਾ ਆਪਸੀ ਗੂੜਾ ਰਿਸਤਾ ਅਤੇ ਇਸ ਦਾ ਸੱਭਿਆਚਾਰਕ ਵਿਰਸਾ ਵੀ ਸੁਮੇਲ ਵਾਲਾ ਹੈ|
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਨੇ ਸਾਮਰਾਜੀ ਤਾਕਤਾਂ ਨਾਲ ਟੱਕਰ ਲੈ ਕੇ ਦੇਸ਼ ਦੀ ਆਜਾਦੀ ਦਾ ਮੁੱਢ ਬੰਨਿਆ| ਉਨ੍ਹਾਂ ਕਿਹਾ ਕਿ ਉਨਾਂ ਵੱਲੋਂ ਮੁਗਲਾਂ ਵਿਰੁੱਧ ਪਹਿਲੀ ਵਾਰ ਆਰੰਭੀ ਗੁਰੀਲਾ ਯੁੱਧ ਦੇ ਹਾਂ ਪੱਖੀ ਸਿੱਟੇ ਨਿਕਲੇ ਜਿਸ ਨੇ ਮੁਗਲ ਬਾਦਸ਼ਾਹ ਅਕਬਰ  ਦੇ ਮੇਵਾੜ ਤੇ ਕਬਜਾ ਕਰਨ ਦੇ ਮਨਸੂਬੇ ਸਫਲ ਨਾ ਹੋਣ ਦਿੱਤੇ ਅਤੇ ਮਨੁੱਖਤਾ ਦਾ ਸ਼ੋਸਣ ਨਹੀ ਹੋਣ ਦਿੱਤਾ ਅਤੇ ਉਸ ਵੇਲੇ ਪ੍ਰਚੱਲਿਤ ਗੁਲਾਮ ਬਣਾਏ ਜਾਣ ਦੀ ਪ੍ਰਥਾ ਨੂੰ ਠੱਲ ਪਾ ਕੇ, ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ| ਉਨ੍ਹਾਂ ਕਿਹਾ ਕਿ ਮਹਾਰਾਣਾ  ਪ੍ਰਤਾਪ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ  ਪ੍ਰੇਰਨਾਂ ਸਰੋਤ ਹੈ| ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਦੇ ਜੀਵਨ ਨਾਲ ਸਬੰਧਿਤ ਬਹੁਤ ਸਾਰੇ ਅਣਛੂਹੇ ਪਹਿਲੂਆਂ ਨੂੰ ਉਜਾਗਰ ਕਰਨ ਦੀ ਲੋੜ ਹੈ| ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ੍ਰ: ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮਹਾਨ ਦੇਸ਼ ਭਗਤ ਅਤੇ ਵੀਰ ਯੋਧੇ ਮਹਾਰਾਣਾ ਪ੍ਰਤਾਪ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ   ਜਾਵੇਗਾ| ਜਿਨ੍ਹਾਂ ਨੇ ਦੇਸ਼ ਨੂੰ ਮੁਗਲਾਂ ਤੋਂ ਅਜਾਦ ਕਰਾਉਣ ਲਈ ਮੁਗਲਾਂ ਵਿਰੁੱਧ ਜੇਹਾਦ ਛੇੜਿਆ ਅਤੇ ਮੁਗਲਾਂ ਨਾਲ ਲੜਾਈ ਲੜੀ| ਉਨ੍ਹਾਂ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਿਲ ਹੋਈਆਂ ਸ਼ਖਸੀਅਤਾਂ ਨੂੰ ਜੀ ਆਇਆਂ ਵੀ ਆਖਿਆ|  ਸਮਾਗਮ ਨੂੰ ਰਾਜਸਥਾਨ ਦੇ ਸਮਾਜ ਸੇਵੀ ਅਸ਼ੋਕ ਸਿੰਘ, ਪ੍ਰਧਾਨ ਅਖਿਲ ਭਾਰਤੀਯ ਪ੍ਰਤਾਪ ਸੇਵਾ ਸੰਘ ਰਾਜਸਥਾਨ ਸ੍ਰੀ ਰਾਓ ਮਨੋਹਰ ਸਿੰਘ ਕ੍ਰਿਸਨਾਵੱਤ, ਰਾਣਾ ਹਰਿੰਦਰ ਸਿੰਘ ਪ੍ਰਧਾਨ ਆਲ ਇੰਡੀਆ ਕਸ਼ਤਰੀਯ ਮਹਾਂਸਭਾ ਪੰਜਾਬ  ਨੇ ਸੰਬੋਧਨ ਕੀਤਾ ਅਤੇ ਪ੍ਰੋਫੈਸਰ ਸੁਮਿਤਾ ਕਟੌਚ ਸਰਕਾਰੀ ਕਾਲਜ ਡੇਰਾਬਸੀ ਅਤੇ ਪ੍ਰੋਫੈਸਰ ਕੁਲਵਿੰਦਰ ਕੌਰ ਗੋਰਮਿੰਟ ਕਾਲਜ ਮੁਹਾਲੀ ਨੇ ਮਹਾਰਾਣਾ ਪ੍ਰਤਾਪ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ|  ਸਮਾਗਮ ਵਿੱਚ ਐਮ.ਐਲ.ਏ. ਬਸੀ ਪਠਾਣਾ ਸ੍ਰ: ਜੀ.ਪੀ. ਸਿੰਘ ਐਮ.ਐਲ.ਏ. ਫਿਰੋਜਪੁਰ, ਸ੍ਰੀਮਤੀ ਸਤਿਕਾਰ ਕੌਰ ਗਿੱਲ, ਐਮ.ਐਲ.ਏ. ਸੁਰਜੀਤ ਸਿੰਘ ਧੀਮਾਨ, ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋ, ਸ੍ਰ: ਜੇ.ਜੇ. ਸਿੰਘ ਰਾਵਲ, ਜਸਟਿਸ ਰਘਬੀਰ ਸਿੰਘ ਰਾਠੌਰ, ਮੈਂਬਰ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ, ਸ੍ਰੀ ਹਰਕੇਸ਼ ਚੰਦ ਸ਼ਰਮਾਂ ਮੱਛਲੀ ਕਲਾਂ, ਡੀ.ਆਈ.ਜੀ. ਰੂਪਨਗਰ ਰੇਂਜ ਬਾਬੂ ਲਾਲ ਮੀਨਾ, ਪ੍ਰਮੁੱਖ ਸਕੱਤਰ/ ਰਾਜਪਾਲ ਸ੍ਰੀ ਐਮ.ਪੀ. ਸਿੰਘ, ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ, ਵਧੀਕ ਡਾਇਰੈਕਟਰ ਸੂਚਨਾਂ ਤੇ ਲੋਕ ਸੰਪਰਕ ਵਿਭਾਗ ਪੰਜਾਬ, ਸ੍ਰੀ ਓਪਿੰਦਰ ਸਿੰਘ ਲਾਂਬਾ, ਕਾਂਗਰਸੀ ਆਗੂ ਜਸਪਾਲ ਸਿੰਘ ਜੀਰਕਪੁਰ, ਗੁਰਪ੍ਰੀਤ ਸਿੰਘ ਸਿੱਧੁ, ਗੁਰਪ੍ਰੀਤ ਸਿੰਘ ਗਿੱਲ,  ਸਮੇਤ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਹੋਰ ਅਧਿਕਾਰੀ ਅਤੇ ਰਾਜਸਥਾਨ (ਮੇਵਾੜ) ਤੋਂ  ਆਏ  ਪੰਤਵੰਤੇ ਮੌਜੂਦ ਸਨ|  ਇਸ ਮੌਕੇ ਪ੍ਰਸਿੱਧ ਲੋਕ ਗਾਇਕ ਮੁਹਮੰਦ ਸਦੀਕ ਅਤੇ ਬੀਬਾ ਸੁਖਜੀਤ ਕੌਰ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ਨਾਰਥ ਜੋਨ ਕਲਚਰ ਸੈਂਟਰ ਵੱਲੋਂ ਰਾਜਸਥਾਨ ਦੇ ਕਲਾਕਾਰ ਪ੍ਰੇਮ ਭੰਡਾਰੀ ਗਰੁੱਪ ਅਤੇ ਸ੍ਰੀ ਮਾਧਵ ਡਾਰਕ ਵੱਲੋਂ ਮਹਾਰਾਣਾ ਪ੍ਰਤਾਪ ਜੀ ਦੇ ਜੀਵਨ ਤੇ ਅਧਾਰਿਤ ਵੀਰ ਗਾਥਾਵਾਂ ਵੀ ਪੇਸ਼ ਕੀਤੀਆਂ|

Leave a Reply

Your email address will not be published. Required fields are marked *