ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਵਿੱਚ ਗਜ਼ਲ ਅਤੇ ਕਾਵਿ ਰਚਨਾ ਬਾਰੇ ਜਾਣਕਾਰੀ ਦਿਤੀ ਗਈ

ਐਸ ਏ ਐਸ ਨਗਰ, 24 ਜੁਲਾਈ (ਸ.ਬ.) ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਮਾਸਿਕ ਇਕੱਤਰਤਾ ਸਾਰੰਗ ਲੋਕ ਫੇਜ਼-11 ਮੁਹਾਲੀ ਵਿਖੇ ਸ਼੍ਰੀ ਸ਼ਿਵ ਨਾਥ ਦੀ ਪ੍ਰਧਾਨਗੀ ਵਿੱਚ ਹੋਈ| ਇਸ ਮੌਕੇ ਸ਼੍ਰੀ ਸਿਰੀ ਰਾਮ ਅਰਸ਼ ਨੇ ਗਜ਼ਲ ਰਚਨਾ ਉਸਦੇ ਇਤਿਹਾਸ ਅਤੇ ਡਾ. ਸੁਰਿੰਦਰ ਗਿੱਲ ਨੇ ਕਵਿਤਾ ਦੇ ਇਤਿਹਾਸ, ਰਚਨਾ ਅਤੇ ਕਵੀਆਂ ਬਾਰੇ ਜਾਣਕਾਰੀ ਦਿਤੀ| ਭੁਪਿੰਦਰ ਸਿੰਘ ਬੇਕਸ ਨੇ ਆਪਣੀਆਂ ਨਵ ਰਚਿਤ ਗਜ਼ਲਾਂ ਸੁਣਾਈਆਂ| ਸੁਰਿੰਦਰ ਕੌਰ ਭੋਗਲ ਨੇ ਕਵਿਤਾਵਾਂ ਅਤੇ ਗੀਤ ਸੁਣਾਏ ਅਤੇ ਦਰਸ਼ਨ ਤਿਉਣਾ ਨੇ ਸ਼ੇਅਰ ਅਤੇ ਗੀਤ ਸੁਣਾਏ|
ਗਜ਼ਲ ਗੋ ਸਿਰੀ ਰਾਮ ਅਰਸ਼ ਨੇ ਦੱਸਿਆ ਕਿ ਗਜ਼ਲ ਤੋਂ ਪਹਿਲਾਂ ਕਵਿਤਾ ਜੰਮੀ ਅਤੇ ਪਿੰਗਲ ਕਵਿਤਾ ਦਾ ਅਨੁਸਰਣ ਕਰਦੀ ਹੈ| ਗਜ਼ਲ ਅਰਬ, ਇਰਾਨ ਤੋਂ ਭਾਰਤ ਆਈ ਅਤੇ ਇਹ ਇਸ਼ਕ ਮਿਜਾਜੀ ਤੋਂ ਇਸ਼ਕ ਹਕੀਕੀ ਤੱਕ ਪੁੱਜੀ ਜਿਸ ਵਿੱਚ ਆਤਮਾ ਸਾਧਕ ਅਤੇ ਪਰਮਾਤਮਾ ਮਹਿਬੂਬ ਦੀ ਪ੍ਰੰਪਰਾ ਨੂੰ ਸੂਫੀ ਨੇ ਅੱਗੇ ਵਧਾਇਆ| ਉਨ੍ਹਾਂ ਕਿਹਾ ਕਿ ਅੱਜ ਦੀ ਪੰਜਾਬੀ ਗਜ਼ਲ ਵਿੱਚ ਸਾਰੇ ਹੀ ਪਹਿਲੂ ਮਿਲਦੇ ਹਨ| ਵਕਤ ਦੀ ਸੰਜੀਦਗੀ ਦੀ ਆਲੋਚਨਾ ਅੱਜ ਦੀ ਗਜ਼ਲ ਦਾ ਪਹਿਲੂ ਹੈ|
ਅਰਸ਼ ਨੇ ਗਜ਼ਲ ਵਿੱਚ ਮਤਲਾ, ਮਿਸ਼ਰਾ, ਬਹਿਰ, ਕਾਫੀਆ, ਬੰਕਿਸ਼, ਵਜ਼ਨ ਆਦਿ ਬਾਰੇ ਵੀ ਜਾਣਕਾਰੀ ਦਿੱਤੀ|
ਡਾ. ਸੁਰਿੰਦਰ ਗਿੱਲ ਨੇ ਕਾਵਿ ਰਚਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੋ ਭਾਵ ਤਰਕ ਵਿੱਚ ਨਾ ਕਹਿ ਕੇ ਸਿੱਧੇ ਕਹੇ ਜਾਣ ਉਹ ਕਵਿਤਾ ਹੈ| ਕਵਿਤਾ ਅਨੁਭਵ ਦੀ ਉੱਪਜ ਹੈ| ਜੋ ਭਾਵ ਅੰਤਰ ਵਿੱਚ  ਬੈਠ ਜਾਂਦੇ ਹਨ| ਉਹ ਕਵਿਤਾ ਦਾ ਰੂਪ ਲੈ ਲੈਂਦੇ ਹਨ| ਉਨ੍ਹਾਂ ਇਤਿਹਾਸ, ਗੁਰਬਾਣੀ, ਕਿੱਸਾ ਕਾਵਿ, ਸੂਫੀ-ਕਾਵਿ, ਨਿੱਕੀ ਕਵਿਤਾ ਅਤੇ ਨਕਸਲੀ ਕਵਿਤਾ ਦੇ ਸਫਰ ਅਤੇ ਕਵੀਆਂ ਬਾਰੇ ਵੀ ਜਾਣੂੰ ਕਰਵਾਇਆ|
ਪ੍ਰਧਾਨਗੀ ਭਾਸ਼ਣ ਵਿੱਚ ਸ਼੍ਰੀ ਸ਼ਿਵ ਨਾਥ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਿਰੀ ਰਾਮ ਅਰਸ਼ ਨੇ ਥੋੜੇ ਜਿਹੇ ਸਮੇਂ ਵਿੱਚ ਗਜ਼ਲ ਦਾ ਇਤਿਹਾਸ ਅਤੇ ਗਜ਼ਲ ਰਚਨਾ ਦੀ ਜਾਣਕਾਰੀ ਸੰਖੇਪ ਵਿੱਚ ਖੰਗਾਲ ਕੇ ਰੱਖ ਦਿੱਤੀ| ਡਾ. ਸੁਰਿੰਦਰ ਗਿੱਲ ਨੇ ਵੀ ਕਵਿਤਾ, ਕਵੀਆਂ ਅਤੇ ਉਨ੍ਹਾਂ ਦੇ ਨਾਲ ਜੁੜੀ ਜਾਣਕਾਰੀ ਬਾਰੇ ਬਖੂਬੀ ਵਾਕਿਫ ਕਰਵਾਇਆ| ਸਭਾ ਵਿੱਚ ਤਿੰਨੋਂ ਕਵੀਆਂ ਵੱਲੋਂ ਸੁਣਾਈਆਂ ਗਈਆ ਰਚਨਾਵਾਂ ਦੀ ਪੇਸ਼ਕਾਰੀ ਦੀ ਵੀ ਸ਼ਲਾਘਾ ਕੀਤੀ|
ਮੰਚ ਸੰਚਾਲਨ ਨਰਿੰਦਰ ਕੌਰ ਨਸਰੀਨ ਨੇ ਕੀਤਾ| ਰਮਨ ਸੰਧੂ, ਸੰਜੀਵਨ ਸਿੰਘ, ਡਾ. ਰਮਾ ਰਤਨ, ਬੀ ਐਸ ਰਤਨ, ਕੇਵਲ ਕ੍ਰਿਸ਼ਨ ਕਿਸ਼ਨਪੁਰੀ, ਭੁਪਿੰਦਰ ਮਟੌਰੀਆ, ਕਸ਼ਮੀਰ ਕੌਰ ਸੰਧੂ ਅਤੇ ਸਤਬੀਰ ਕੌਰ ਵੀ ਸਭਾ ਵਿੱਚ ਸ਼ਾਮਿਲ ਹੋਏ|

Leave a Reply

Your email address will not be published. Required fields are marked *