ਪੰਜਾਬ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਗਾਂਧੀ ਪਰਿਵਾਰ ਤੇ ਦੋਸ਼ ਲਾਉਣ ਲਈ ਅਕਾਲੀ ਦਲ ਦੀ ਕਰੜੀ ਅਲੋਚਨਾ

ਚੰਡੀਗੜ੍ਹ, 16 ਅਪ੍ਰੈਲ (ਸ.ਬ.) ਪੰਜਾਬ ਕਾਂਗਰਸ ਦੇ ਆਗੂ ਰਾਣਾ ਗੁਰਜੀਤ ਸਿੰਘ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਸਬੰਧਤ ਵਿਵਾਦ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਗਾਂਧੀ ਪਰਿਵਾਰ ਤੇ ਦੋਸ਼ ਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਕਰੜੀ ਅਲੋਚਨਾ ਕੀਤੀ ਹੈ| ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿੱਚ ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਗਏ ਬੇਢੰਗੇ ਦੋਸ਼ਾਂ ਨਾਲ ਉਸ ਦਾ ਖਾਲਿਸਤਾਨ ਪੱਖੀ ਹੇਜ ਅਤੇ ਸਾਂਝ ਸਾਹਮਣੇ ਆ ਗਈ ਹੈ| ਉਨ੍ਹਾਂ ਕਿਹਾ ਕਿ ਬਹੁਤ ਸਾਰੇ ਉਦਾਰਵਾਦੀ ਕੈਨੇਡੀਅਨਾਂ ਨੇ ਵੀ ਸੱਜਣ ਤੇ ਖਾਲਿਸਤਾਨੀਆਂ ਪ੍ਰਤੀ ਹਮਦਰਦੀ ਵਿੱਚ ਲਿਪਤ ਹੋਣ ਦੇ ਦੋਸ਼ ਲਾਏ ਹਨ|
ਕਾਂਗਰਸ ਆਗੂ ਨੇ ਕਿਹਾ ਕਿ ਸ਼ੋਮਣੀ ਅਕਾਲੀ ਦਲ ਨੇ ਸੱਜਣ ਵਰਗੇ ‘ਖਾਲਿਸਤਾਨੀ ਹਮਦਰਦਾਂ’ ਦਾ ਪੱਲਾ ਫੱੜ ਕੇ ਸਿੱਧ ਕਰ ਦਿੱਤਾ ਹੈ ਕਿ ਇਸ ਦਾ ਸੂਬੇ ਜਾਂ ਸੂਬੇ ਦੇ ਲੋਕਾਂ ਦੀ ਭਲਾਈ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਹ ਸਿਰਫ ਆਪਣੇ ਸਿਆਸੀ ਹਿੱਤਾਂ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ| ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਅਕਾਲੀ ਦਲ ਸੂਬੇ ਦੇ ਮਾਹੌਲ ਨੂੰ ਫਿਰਕੂ ਰੰਗਤ ਦੇਣੀ ਚਾਹੁੰਦਾ ਹੈ| ਬਹੁਤ ਸਾਰੇ ਕੈਨੇਡੀਅਨਾਂ ਤੇ ਭਾਰਤੀਆਂ ਵੱਲੋਂ ਪ੍ਰਵਾਨਤ ਤੱਥਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਨਕਾਰਨ ਦਾ ਰਾਹ ਚੁਣ ਕੇ ਇਕ ਵਾਰ ਫੇਰ ਪੰਜਾਬ ਨੂੰ ਫਿਰਕੂ ਲੀਹ ਤੇ ਪਾਉਣ ਦੀ ਕਤਾਰਬੰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਪਿਛਲੇ ਅਨੇਕਾਂ ਸਾਲਾਂ ਤੋਂ ਅਜਿਹਾ ਕਰਦਾ ਆ ਰਿਹਾ ਹੈ|
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਖਾਲਿਸਤਾਨੀ ਪੱਖੀ ਤੱਤਾਂ ਦੀਆਂ ਸਾਰੀਆਂ ਸਰਗਰਮੀਆਂ ਤੇ ਨਜ਼ਰ ਰੱਖ ਰਹੀ ਹੈ ਅਤੇ ਉਸ ਕੋਲ ਹਰਜੀਤ ਸੱਜਣ ਦੇ ਖਾਲਿਸਤਾਨੀ ਹਮਾਇਤੀਆਂ ਦੇ ਪੱਖ ਵਿੱਚ ਹੋਣ ਦੇ ਅਨੇਕਾਂ ਸਬੂਤ ਹਨ ਜੋ ਇਕ ਵਾਰ ਫੇਰ ਪੰਜਾਬ ਵਿੱਚ ਆਪਣਾ ਸਿਰ ਚੁੱਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ| ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਦੀ ਸ਼ਾਂਤੀ ਤੇ ਸਦਭਾਵਨਾ ਨੂੰ ਕਿਸੇ ਵੀ ਕੀਮਤ ਤੇ ਮੁੜ ਭੰਗ ਹੋਣ ਦੀ ਆਗਿਆ ਨਹੀਂ ਦੇਣਗੇ| ਉਨ੍ਹਾਂ ਕਿਹਾ,”ਅਸੀਂ ਅਤਿਵਾਦੀਆਂ ਦੇ ਹੱਥੋਂ ਬਹੁਤ ਕਸ਼ਟ ਝੱਲੇ ਹਨ ਅਤੇ ਅਸੀਂ ਸੂਬੇ ਵਿੱਚ ਕਿਸੇ ਵੀ ਰੂਪ ਵਿੱਚ ਅਤਿਵਾਦ ਦੇ ਮੁੜ ਸੁਰਜੀਤ ਹੋਣ ਨੂੰ ਰੋਕਣ ਲਈ ਹਰੇਕ ਕਦਮ ਚੁੱਕਾਂਗੇ|”
ਰਾਣਾ ਗੁਰਜੀਤ ਸਿੰਘ ਨੇ ਹਰਜੀਤ ਸੱਜਣ ਵਿਵਾਦ ਵਿੱਚ ਗਾਂਧੀ ਪਰਿਵਾਰ ਨੂੰ ਘਸੀਟਣ ਲਈ ਵੀ ਸ਼੍ਰੋਮਣੀ ਅਕਾਲੀ ਦਲ ਦੀ ਕਰੜੀ ਅਲੋਚਨਾ ਕੀਤੀ ਹੈ| ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਵੀ ਮੁੱਦੇ ਤੇ ਸਿਧਾਂਤਕ ਪੱਖ ਲੈਣ ਤੋਂ ਕਦੇ ਵੀ ਪਿੱਠ ਨਹੀਂ ਦਿਖਾਈ| ਇੱਥੋਂ ਤੱਕ ਕਿ ਸਾਕਾ ਨੀਲਾ ਤਾਰਾ ਉਪਰੰਤ ਕਾਂਗਰਸ ਤੋਂ ਰਾਹ ਵੱਖ ਕਰ ਲੈਣ ਵਰਗਾ ਕਦਮ ਹੀ ਕਿਉਂ ਨਾ ਹੋਵੇ| ਕਾਂਗਰਸ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਸਿਆਸੀ ਕੈਰੀਅਰ ਦੀ ਬਜਾਏ ਕਦਰਾਂ ਕੀਮਤਾਂ ਤੇ ਸਿਧਾਂਤਾਂ ‘ਤੇ ਅਧਾਰਿਤ ਸਟੈਂਡ ਲੈਣ ਵਿੱਚ ਵਿਸ਼ਵਾਸ ਰੱਖਦੇ ਹਨ|

Leave a Reply

Your email address will not be published. Required fields are marked *