ਪੰਜਾਬ ਗਰੀਬ ਤੇ ਬਾਦਲ ਪਰਿਵਾਰ ਅਮੀਰ ਹੋਇਆ : ਨਵਜੋਤ ਸਿੱਧੂ

ਚੰਡੀਗੜ੍ਹ, 20 ਜਨਵਰੀ (ਭਗਵੰਤ ਬੇਦੀ) ਸਾਬਕਾ ਕ੍ਰਿਕਟਰ ਤੇ ਹੁਣ ਕਾਂਗਰਸ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਸ ਸਾਲਾਂ ਦੌਰਾਨ ਪੰਜਾਬ ਤਾਂ ਗਰੀਬ ਹੋ ਗਿਆ ਹੈ ਪਰ ਬਾਦਲ ਪਰਿਵਾਰ ਅਮੀਰ ਹੋ ਗਿਆ ਹੈ| ਉਹਨਾਂ ਕਿਹਾ ਕਿ ਪੰਜਾਬ ਸਿਰ ਕਰਜਾ ਬਾਦਲਾਂ ਦੀਆਂ ਗਲਤ ਨੀਤੀਆਂ ਕਾਰਨ ਹੀ ਚੜਿਆ ਹੈ| ਉਹਨਾਂ ਕਿਹਾ ਕਿ ਭੁੱਖਾ ਤਾਂ ਰੱਜ ਜਾਂਦਾ ਹੈ ਪਰ ਭੁੱਖੜ ਕਦੇ ਵੀ ਨਹੀਂ ਰਜਦਾ ਇਹ ਹੀ ਹਾਲ ਬਾਦਲਾਂ ਦਾ ਹੈ| ਉਹਨਾਂ ਕਿਹਾ ਕਿ ਤਮਿਲਨਾਡੂ ਵਿਚ 4000 ਸ਼ਰਾਬ ਦੇ ਠੇਕੇ ਹਨ ਜਿਹਨਾਂ ਨੂੰ ਸਰਕਾਰ ਚਲਾ ਰਹੀ ਹੈ  ਅਤੇ ਉਥੇ ਕਮਾਈ 30 ਹਜਾਰ ਕਰੋੜ ਹੈ ਪਰ ਪੰਜਾਬ ਵਿਚ 12,500 ਤੋਂ ਵੱਧ ਠੇਕੇ ਹਨ ਪਰ ਕਮਾਈ 5 ਹਜਾਰ ਕਰੋੜ ਰੁਪਏ ਹਨ| ਅਸਲ ਵਿਚ ਸ਼ਰਾਬ ਦੇ ਕਾਰੋਬਾਰ ਉਪਰ ਵੀ ਬਾਦਲ ਪਰਿਵਾਰ ਦਾ ਕਬਜਾ ਹੈ, ਜਿਸ ਕਰਕੇ ਉਹ ਸਰਕਾਰ ਨੂੰ ਇਸ ਖੇਤਰ ਵਿਚ ਵੀ ਹਰ ਸਾਲ ਹਜਾਰਾਂ ਕਰੋੜਾਂ ਦਾ ਹੀ ਚੂਨਾ ਲਗਾਈ ਜਾਂਦੇ ਹਨ|
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਜਿੰਨੇ ਟੂਰਿਜਮ ਹੋਟਲ ਦੂਜੇ ਸੂਬਿਆਂ ਵਿਚ ਹਨ, ਉਹ ਸਾਰੇ ਹੀ ਬੰਦ ਪਏ ਹਨ ਪਰ ਬਾਦਲਾਂ ਦੇ ਸੁੱਖ ਵਿਲਾਸ  ਬਣਦੇ ਜਾ ਰ ਹੇ ਹਨ| ਉਹਨਾਂ ਕਿਹਾ ਕਿ  ਸਾਲ 2007 ਵਿਚ ਬਾਦਲਾਂ ਕੋਲ ਸਿਰਫ 2 ਟਰਾਂਸਪੋਰਟ ਕੰਪਨੀਆਂ ਸਨ ਤੇ ਸਿਰਫ 50 ਬੱਸਾਂ ਸਨ ਪਰ ਹੁਣ ਬਾਦਲ ਪਰਿਵਾਰ ਕੌਲ  8 ਟਰਾਂਸਪੋਰਟ ਕੰਪਨੀਆਂ ਹਨ ਤੇ 650 ਤੋਂ ਵੱਧ ਬੱਸਾਂ ਹਨ|  ਉਹਨਾਂ ਕਿਹਾ ਕਿ ਪੰਜਾਬ ਦੀ ਸਰਕਾਰੀ ਟਰਾਂਸਪੋਰਟ ਸਾਢੇ ਤਿੰਨ ਸੌ ਕਰੋੜ ਦੇ ਘਾਟੇ ਵਿਚ ਜਾ ਰਹੀ ਹੈ ਪਰ ਬਾਦਲਾਂ ਦੀਆਂ ਟਰਾਂਸਪੋਰਟ ਕੰਪਨੀਆਂ ਭਾਰੀ ਮੁਨਾਫੇ ਵਿਚ ਜਾ ਰਹੀਆਂ ਹਨ|
ਨਵਜੋਤ ਸਿੱਧੂ ਨੇ ਦੋਸ਼ ਲਾਇਆ ਕਿ ਬਠਿੰਡਾ ਵਿਖੇ ਡਪਿੰਡ ਗ੍ਰਾਊਂਡ ਲਈ ਬਾਦਲ ਪਰਿਵਾਰ ਨੇ ਜਿਹੜੀ ਜਮੀਨ ਇਕ ਕਰੋੜ 60 ਲੱਖ ਰੁਪਏ ਵਿਚ ਖਰੀਦੀ ਸੀ ਉਹੀ ਜਮੀਨ ਬਾਦਲ ਪਰਿਵਾਰ ਨੇ ਕੁਝ ਸਮੇਂ ਬਾਅਦ ਹੀ ਸਰਕਾਰ ਨੂੰ ਪੰਜ ਕਰੋੜ ਦੀ ਵੇਚ ਕੇ ਭਾਰੀ ਮੁਨਾਫਾ ਕਮਾਇਆ| ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਕੇਬਲ ਮਾਫੀਆ, ਮਾਇੰਨਿੰਗ ਮਾਫੀਆਂ ਨੁੰ ਫੈਲਾ ਰਖਿਆ ਹੈ|
ਭਾਜਪਾ ਬਾਰੇ ਗਲ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਾਜਪਾ ਉਹਨਾਂ ਨੂੰ ਪੰਜਾਬ ਤੋਂ ਦੂਰ ਰਖਣਾ ਚਾਹੁੰਦੀ ਸੀ ਪਰ ਉਹ ਪੰਜਾਬ ਵਿਚ ਰਹਿਣਾ ਚਾਹੁੰਦੇ ਸਨ| ਭਾਜਪਾ ਉਹਨਾਂ ਨੂੰ ਕੁਰਕਸ਼ੇਤਰ ਤੋਂ ਚੋਣ ਲੜਾ ਕੇ ਕੇਂਦਰ ਵਿਚ ਮੰਤਰੀ ਬਣਾਉਣਾ ਚਾਹੁੰਦੀ ਸੀ ਪਰ ਉਹਨਾਂ ਨੇ ਪੰਜਾਬ ਦੇ ਹਿਤਾਂ ਨੂੰ ਪਹਿਲ ਦਿਤੀ ਅਤੇ ਅਜੇ ਵੀ ਪੰਜਾਬ ਦੇ ਹਿੱਤਾਂ ਲਈ ਡਟੇ ਹੋਏ ਹਨ|  ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਕੇਜਰੀਵਾਲ ਕੋਲ ਵੀ ਗਏ ਸਨ ਪਰ ਕੇਜਰੀਵਾਲ ਨੇ ਉਹਨਾਂ ਨੂੰ ਕਿਹਾ ਸੀ ਕਿ ਉਹ ਪੰਜਾਬ ਵਿਚ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਤਾਂ ਕਰਨ ਪਰ ਖੁਦ ਚੋਣ ਨਾ ਲੜਨ|
ਉਹਨਾਂ ਕਿਹਾ ਕਿ ਸਾਲ 2007 ਤੋਂ ਲੈ ਕੇ 2016 ਤੱਕ ਬਾਦਲ ਪਰਿਵਾਰ ਦਾ ਵਿਕਾਸ ਹੋਇਆ ਤੇ ਪੰਜਾਬ ਦਾ ਵਿਨਾਸ ਹੋਇਆ ਹੈ| ਪੰਜਾਬ ਦੀਆਂ 166 ਤੋਂ ਵੱਧ ਬਿਲਡਿੰਗਾਂ ਇਸ                  ਸਮੇਂ ਗਿਰਵੀ ਪਈਆਂ ਹਨ|
ਉਹਨਾਂ ਕਿਹਾ ਕਿ ਪਾਰਟੀ ਉਹਨਾਂ ਨੂੰ ਜਿੱਥੇ ਵੀ ਚੋਣ ਪ੍ਰਚਾਰ ਲਈ ਭੇਜੇਗੀ ਉਹ ਜਰੂਰ ਜਾਣਗੇ| ਉਹ ਕਾਂਗਰਸ ਦੇ ਸਿਪਾਹੀ ਹਨ ਅਤੇ ਪੰਜਾਬ ਦੇ ਹਿੱਤਾਂ ਲਈ ਲੜਦੇ ਰਹਿਣਗੇ|  ਇਸ ਮੌਕੇ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ|

Leave a Reply

Your email address will not be published. Required fields are marked *