ਪੰਜਾਬ ਚੋਣਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਵਿਚਕਾਰ: ਮਜੀਠੀਆ, ਕੇਜਰੀਵਾਲ ਵਿੱਚ ਹਿੰਮਤ ਹੈ ਤਾਂ ਖੁਦ ਲੜ ਲਵੇ ਚੋਣ

ਐਸ ਏ ਐਸ ਨਗਰ, 22 ਦਸੰਬਰ (ਸ.ਬ.) ਪੰਜਾਬ ਵਿਧਾਨਸਭਾ ਵਿੱਚ ਮੁੱਖ ਮੁਕਾਬਲਾ ਅਕਾਲੀ ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਵਿਚਾਲੇ ਹੀ ਹੋਵੇਗਾ ਜਦੋਂਕਿ ਆਮ ਆਦਮੀ ਪਾਰਟੀ ਹਵਾ ਵਿੱਚ ਹੀ ਰਹਿ  ਜਾਵੇਗੀ| ਇਹ ਗੱਲ ਪੰਜਾਬ ਦੇ ਕੈਬਿਨਟ ਮੰਤਰੀ ਸ੍ਰ. ਬਿਕਰਮਜੀਤ ਸਿੰਘ ਮਜੀਠੀਆ ਨੇ ਅੱਜ ਇੱਥੇ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਆਖੀ| ਉਹ ਸਥਾਨਕ ਫੇਜ਼-6 ਵਿੱਚ ਸਥਿਤ ਸ਼ੂਟਿੰਗ ਰੇਂਜ ਨੂੰ   ਅਪਗ੍ਰੇਡ ਕੀਤੇ ਜਾਣ ਸਬੰਧੀ ਕਰਵਾਏ ਗਏ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ| ਇਸ ਮੌਕੇ ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਅਰਵਿੰਦ ਕੇਜਰੀਵਾਲ ਤੇ ਹਮਲਾ ਕਰਦਿਆਂ ਉਹਨਾਂ ਕਿਹਾ ਕਿ ਜੇਕਰ ਸ੍ਰੀ ਕੇਜਰੀਵਾਲ ਵਿੱਚ ਹਿੰਮਤ ਹੈ ਤਾਂ ਉਹ ਖੁਦ ਪੰਜਾਬ ਵਿੱਚ ਆ ਕੇ ਚੋਣਾਂ ਲੜ ਕੇ ਵੇਖ ਲੈਣ ਅਤੇ ਉਹਨਾਂ ਨੂੰ ਆਪਣੀ ਅਤੇ ਆਪਣੀ ਪਾਰਟੀ ਦੀ ਅਸਲ ਹਾਲਤ ਦਾ ਪਤਾ ਚਲ  ਜਾਵੇਗਾ| ਉਹਨਾਂ ਕਿਹਾ ਕਿ                        ਕੇਜਰੀਵਾਲ ਵੱਲੋਂ ਆਪਣੇ ਆਗੂਆਂ ਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਭਗਵੰਤ ਮਾਨ ਨੂੰ ਜਲਾਲਾਬਾਦ ਅਤੇ ਹਿੰਮਤ ਸਿੰਘ ਸ਼ੇਰਗਿਲ ਨੂੰ ਮਜੀਠਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਪਰੰਤੂ ਪੰਜਾਬ ਦੇ ਵੋਟਰ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਮੂੰਹ ਨਹੀਂ ਲਾਉਣਗੇ, ਉਹਨਾਂ ਵਿਅੰਗ ਕਰਦਿਆਂ ਕਿਹਾ ਕਿ ਘੁੱਗੀ ਹੋਵੇ ਜਾਂ ਘੁੱਗੂ ਕਿਸੇ ਦਾ ਵੀ ਪੱਤਾ ਨਹੀਂ ਚੱਲਣਾ|
ਅਕਾਲੀ ਦਲ ਦੇ ਐਮ ਪੀ  ਸ੍ਰ.   ਸ਼ੇਰ ਸਿੰਘ ਘੁਬਾਇਆ ਦੇ ਭਰਾ ਅਤੇ ਪੁੱਤਰ ਵੱਲੋਂ ਬੀਤੇ ਕੱਲ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਘੁਬਾਇਆ ਤਾਂ ਹੁਣੇ ਵੀ ਅਕਾਲੀ ਦਲ ਵਿੱਚ ਹੀ ਹਨ ਅਤੇ ਰਹੀ ਗੱਲ ਉਹਨਾਂ ਦੇ ਪੁੱਤਰ ਤਾਂ ਅੱਜਕਲ੍ਹ ਬੱਚੇ ਆਪਣੀ ਮਰਜੀ ਕਰਦੇ ਹਨ ਇਸ ਲਈ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ| ਮੁਹਾਲੀ ਵਿਧਾਨਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਦੇ ਫੈਸਲੇ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਨੂੰ ਮਜਾਕ ਵਿੱਚ ਟਾਲਦਿਆਂ ਉਹਨਾਂ  ਕਿਹਾ ਕਿ ਜੋ ਵੀ ਫੈਸਲਾ  ਹੋਵੇਗਾ ਉਹ ਮੀਡੀਆ ਦੀ ਸਲਾਹ ਨਾਲ ਹੀ ਕੀਤਾ ਜਾਵੇਗਾ|
ਸ਼ੂਟਿੰਗ ਰੇਂਜ  ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਇੱਥੇ ਸਾਰੀਆਂ ਅਤਿ ਆਧੁਨਿਕ ਸੁਵਿਧਾਵਾਂ ਮੁਹਈਆ ਕਰਵਾਈਆਂ ਗਈਆਂ ਹਨ ਅਤੇ ਇਹ ਦੇਸ਼ ਦੀ ਆਪਣੇ ਪੱਧਰ ਦੀ ਅਜਿਹੀ ਪਹਿਲੀ ਸ਼ੂਟਿੰਗ ਰੇਂਜ ਬਣ ਗਈ ਹੈ ਜਿੱਥੇ ਇਹ ਸਾਰੀਆਂ ਖਿਡਾਰੀਆਂ ਨੂੰ ਇਹ  ਸੁਵਿਧਾਵਾਂ ਹਾਸਿਲ ਹੋਣਗੀਆਂ| ਉਹਨਾਂ ਕਿਹਾ ਕਿ ਸ਼ੂਟਿੰਗ ਨੂੰ ਅਮੀਰਾਂ ਦੀ ਖੇਡ ਸਮਝਿਆ ਜਾਂਦਾ ਹੈ ਕਿਉਂਕਿ ਰਾਈਫਲਾਂ ਅਤੇ ਹੋਰ ਸਾਰੋ ਸਾਮਾਨ ਬਹੁਤ ਮਹਿੰਗਾ ਹੋਣ ਕਾਰਨ ਆਮ ਲੋਕ ਇਸ ਖੇਡ ਦਾ  ਖਰਚਾ ਸਹਿਣ ਨਹੀਂ ਕਰ ਪਾਉਂਦੇ ਪਰੰਤੂ ਉਹਨਾਂ ਦੀ ਕੋਸ਼ਿਸ਼ ਹੈ ਕਿ ਅਜਿਹੇ ਹੋਣਹਾਰ ਖਿਡਾਰੀ ਜਿਹੜੇ ਗਰੀਬ ਹੋਣ ਕਾਰਨ ਇਸ ਖੇਡ ਵਿੱਚ ਅੱਗੇ ਨਹੀਂ ਵੱਧ ਪਾਉਂਦੇ ਉਸ ਨੂੰ ਪੰਜਾਬ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਆਪਣੇ ਖਰਚੇ ਤੇ ਇਹ ਸਾਜੋ ਸਾਮਾਨ ਮੁਹਈਆ ਕਰਵਾਇਆ ਜਾਵੇ| ਹਾਲਾਂਕਿ ਉਹਨਾਂ ਕਿਹਾ ਕਿ ਉਹ ਪੰਜਾਬ ਸ਼ੂਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਫਰਵਰੀ ਵਿੱਚ ਖਤਮ ਹੋ ਰਹੇ ਆਪਣੇ ਕਾਰਜਕਾਲ ਤੋਂ ਬਾਅਦ ਇਸ ਜਿਮੇਵਾਰੀ ਨੂੰ ਦੁਬਾਰਾ ਨਹੀਂ ਲੈਣਗੇ|

Leave a Reply

Your email address will not be published. Required fields are marked *