ਪੰਜਾਬ ਜਲਦ ਤਰੱਕੀ ਅਤੇ ਖੁਸ਼ਹਾਲੀ ਦੀਆਂ ਰਾਹਾਂ ਤੇ ਹੋਵੇਗਾ : ਮਨਪ੍ਰੀਤ ਸਿੰਘ ਬਾਦਲ

ਪੰਜਾਬ ਜਲਦ ਤਰੱਕੀ ਅਤੇ ਖੁਸ਼ਹਾਲੀ ਦੀਆਂ ਰਾਹਾਂ ਤੇ ਹੋਵੇਗਾ : ਮਨਪ੍ਰੀਤ ਸਿੰਘ ਬਾਦਲ
ਪੰਜਾਬ ਦੇ ਵਿੱਤ ਮੰਤਰੀ ਵੱਲੋਂ 25ਵੇਂ ਪੰਜਾਬੀ ਪਰਵਾਸੀ ਦਿਵਸ ਦਾ ਉਦਘਾਟਨ
ਚੰਡੀਗੜ੍ਹ, 19 ਜਨਵਰੀ (ਸ.ਬ.) ਪੰਜਾਬ ਇਕ ਵਾਰ ਫੇਰ ਤਰੱਕੀ ਅਤੇ ਖੁਸ਼ਹਾਲੀ ਦੀਆਂ ਰਾਹਾਂ ਤੇ ਹੋਵੇਗਾ ਅਤੇ ਇਸ ਮਕਸਦ ਲਈ ਸਭਨਾਂ ਪੰਜਾਬੀਆਂ ਦਾ ਯੋਗਦਾਨ ਬਹੁਤ ਲੋਂੜੀਦਾ ਹੈ| ਇਹ ਗੱਲ ਪੰਜਾਬ ਦੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ 25ਵੇਂ ਪੰਜਾਬੀ ਪਰਵਾਸੀ ਦਿਵਸ ਵਿਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨ ਮੌਕੇ ਸੰਬੋਧਨ ਕਰਦਿਆਂ ਆਖੀ| ਉਨ੍ਹਾਂ ਕਿਹਾ ਕਿ ਇਕ ਪੰਜਾਬੀ ਹੋਣ ਦੇ ਨਾਤੇ ਉਹ ਚਾਹੁੰਦੇ ਹਨ ਕਿ ਸਾਡੀ ਅਗਲੀ ਪੀੜ੍ਹੀ ਖੁਸ਼ਹਾਲ ਅਤੇ ਸਿਹਤਮੰਦ ਜ਼ਿੰਦਗੀ ਜੀਵੇ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਮਾਤ ਭੂਮੀ ਦੀ ਪੂਰੀ ਸਿਰੜ ਨਾਲ ਸੇਵਾ ਕਰਨੀ ਚਾਹੀਦੀ ਹੈ| ਉਨ੍ਹਾਂ ਦੁਨੀਆਂ ਭਰ ਵਿਚ ਵੱਸਦੇ ਪੰਜਾਬੀਆਂ ਨੂੰ ਸੂਬੇ ਦੀ ਖੁਸ਼ਹਾਲੀ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ| ਇਹ ਸਮਾਗਮ ਇੰਟਰਨੈਸ਼ਨਲ ਚੈਂਬਰ ਫਾਰ ਸਰਵਿਸ ਇੰਡਸਟਰੀ (ਆਈ.ਸੀ. ਐਸ.ਆਈ) ਅਤੇ ਪੰਜਾਬ ਸਰਕਾਰ ਵਲੋਂ ਸਾਂਝੇ ਤੌਰ ਤੇ ਮਿਲ ਕੇ ਕਰਵਾਇਆ ਜਾ ਰਿਹਾ ਹੈ|
ਉਨ੍ਹਾਂ ਕਿਹਾ ਕਿ ਕਿਸੇ ਵੀ ਕੌਮ ਜਾਂ ਦੇਸ਼ ਦੀ ਵਿਆਖਿਆ ਉੱਥੋਂ ਦੀ ਭੂਗੋਲਿਕ ਸਥਿਤੀ ਨਹੀਂ ਬਲਕਿ ਲੋਕਾਂ ਦੀ ਸ਼ਖਸੀਅਤ ਨਾਲ ਤੈਅ ਹੁੰਦੀ ਹੈ| ਇਸ ਪੱਖੋਂ ਪੰਜਾਬੀਆਂ ਦੇ ਉੱਚੇ-ਸੁੱਚੇ ਕਿਰਦਾਰ ਦੀ ਉਨ੍ਹਾਂ ਜੰਮ ਕੇ ਤਾਰੀਫ ਕੀਤੀ| ਇਸ ਦੇ ਨਾਲ ਹੀ ਆਜ਼ਾਦੀ ਅੰਦੋਲਨ ਵਿਚ ਪੰਜਾਬੀਆਂ ਦੇ ਯੋਗਦਾਨ ਬਾਰੇ ਵੀ ਉਨ੍ਹਾਂ ਵਿਸਥਾਰ ਵਿਚ ਗੱਲ ਕੀਤੀ|
ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਨ ਭਰੋਸਾ ਹੈ ਕਿ ਭਾਰਤ ਅਗਲੀ ਸੁਪਰ ਪਾਵਰ ਹੋਵੇਗਾ ਅਤੇ ਉਹ ਜਿਊਂਦੇ ਜੀ ਭਾਰਤ ਦੀ ਇਹ ਪ੍ਰਾਪਤੀ ਵੇਖ ਲੈਣਗੇ| ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਹਾਲਾਂਕਿ ਸੇਵਾ ਖੇਤਰ ਵਿਚ ਥੋੜ੍ਹਾ ਪਿੱਛੇ ਚੱਲ ਰਿਹਾ ਹੈ ਪਰ ਪੰਜਾਬ ਸਰਕਾਰ ਹੁਣ ਇਸ ਖੇਤਰ ਵੱਲ ਖਾਸ ਤਵੱਜੋਂ ਦੇ ਰਹੀ ਹੈ| ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜ਼ਿਆਦਾ ਨਿਵੇਸ਼ ਲਿਆਉਣ ਲਈ ਅਤੇ ਸੈਰ ਸਪਾਟਾ ਖੇਤਰ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਨੇ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ| ਇਸ ਮੌਕੇ ਉਨ੍ਹਾਂ ਆਈ.ਸੀ.ਐਸ.ਆਈ ਦਾ ਇਕ ਭਵਿੱਖਮੁਖੀ ਸੋਚ ਵਾਲਾ ਦਸਤਾਵੇਜ (ਵਿਜ਼ਨ ਡਾਕੂਮੈਂਟ) ਵੀ ਜਾਰੀ ਕੀਤਾ ਜਿਸ ਵਿਚ ਸੇਵਾ ਖੇਤਰ ਦੇ ਵਿਕਾਸ ਦਾ ਖਰੜਾ ਉਲੀਕਿਆ ਗਿਆ ਹੈ ਜਿਸ ਨਾਲ ਕਿ ਪੰਜਾਬ ਦੀ ਵਿੱਤੀ ਹਾਲਤ ਵਿਚ ਸੁਧਾਰ ਹੋ ਸਕੇ ਅਤੇ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਲਿਆਂਦਾ ਜਾ ਸਕੇ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ (ਗ੍ਰਹਿ) ਐਨ.ਐਸ. ਕਲਸੀ, ਪ੍ਰਮੁੱਖ ਸਕੱਤਰ (ਪਰਵਾਸੀ ਮਾਮਲੇ) ਐਸ.ਆਰ. ਲੱਧੜ, ਏਡੀਜੀਪੀ (ਐਨਆਰਆਈ ਵਿੰਗ) ਈਸ਼ਵਰ ਸਿੰਘ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ, ਆਈ.ਸੀ.ਐਸ.ਆਈ ਦੇ ਡੀਜੀ ਗੁਲਸ਼ਨ ਸ਼ਰਮਾ ਅਤੇ ਆਈ.ਸੀ. ਐਸ.ਆਈ ਬੈਂਕਾਕ (ਥਾਈਲੈਂਡ) ਦੇ ਪ੍ਰਧਾਨ ਪਾਲ ਨਰੂਲਾ ਹਾਜ਼ਰ ਸਨ|

Leave a Reply

Your email address will not be published. Required fields are marked *