ਪੰਜਾਬ ਦਾ ਵਿਕਾਸ ਕਾਂਗਰਸ ਸਰਕਾਰ ਸਮੇਂ ਹੋਇਆ: ਬਲਬੀਰ ਸਿੱਧੂ

ਐਸ ਏ ਐਸ ਨਗਰ, 13 ਜਨਵਰੀ (ਸ.ਬ.) ਮੁਹਾਲੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ. ਬਲਬੀਰ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਮਗਰੋਂ ਮੁਹਾਲੀ ਵਿਖੇ  ਪੀ.ਜੀ.ਆਈ. ਦੇ ਪੱਧਰ ਦਾ ਮੈਡੀਕਲ ਕਾਲਜ ਤੇ ਹਸਪਤਾਲ ਬਣਾਇਆ ਜਾਵੇਗਾ ਤਾਂ ਕਿ ਆਮ ਲੋਕਾਂ ਨੂੰ ਸਸਤੀਆਂ ਅਤੇ ਮਿਆਰੀ ਸਿਹਤ ਸਹੂਲਤਾਂ ਮਿਲ ਸਕਣ| ਸ. ਬਲਬੀਰ ਸਿੰਘ ਸਿੱਧੂ ਅੱਜ ਹਲਕੇ ਦੇ ਵੱਖ ਵੱਖ ਪਿੰਡਾ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ| ਪਿੰਡ ਜਗਤਪੁਰਾ ਵਿਖੇ ਚੋਣ ਮੀਟਿੰਗ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੌਜੂਦਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਮਗਰੋਂ ਹਲਕੇ ਦੇ ਲੋਕਾਂ ਦੀ ਸਿਹਤ ਤੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਇਥੋਂ ਦੀ ਲੜਕੀਆਂ ਦੀ ਉੱਚ ਸਿੱਖਿਆ ਵਾਸਤੇ ਵੱਖਰੇ ਸਰਕਾਰੀ ਕਾਲਜ ਦੀ ਸਥਾਪਨਾ ਵੀ ਕੀਤੀ ਜਾਵੇਗੀ| ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਦਾ ਮੁੱਖ ਟੀਚਾ ਮੁਹਾਲੀ ਵਿਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਲਿਆਉਣਾ ਅਤੇ ਹਲਕੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉੁਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ| ਕਾਂਗਰਸ ਸਰਕਾਰ ਬਣਨ ਤੇ ਉਨ੍ਹਾਂ ਵਲੋਂ ਇਲਾਕੇ ਵਿਚ ਉਦਯੋਗਿਕ ਇਕਾਈਆਂ ਦੇ ਵਿਕਾਸ ਲਈ ਸਿਰਤੋੜ ਯਤਨ ਕੀਤੇ ਜਾਣਗੇ ਕਿਉਂਕਿ ਅਕਾਲੀ ਸਰਕਾਰ ਦੀਆਂ ਘਟੀਆ ਨੀਤੀਆਂ ਕਾਰਨ ਮੁਹਾਲੀ ਅੰਦਰੋਂ ਵੱਡੀ ਗਿਣਤੀ ਵਿਚ ਉਦਯੋਗ ਹਿਜਰਤ ਕਰ ਚੁਕੇ ਹਨ, ਜਿਸ ਕਾਰਨ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਦੂਜੇ ਰਾਜਾਂ ਵਿਚ ਭਟਕਣਾ ਪੈ ਰਿਹਾ ਹੈ|
ਇਸ ਮੌਕੇ ਪੰਜਾਬ ਕਾਂਗਰਸ ਦੇ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਰਾਜ ਦਾ ਵਿਕਾਸ ਕਰ ਸਕਦੀ ਹੈ|
ਇਸ ਮੌਕੇ ਹੋਰਨਾ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ, ਜਗਜੀਤ ਸਿੰਘ ਧਾਲੀਵਾਲ, ਕੁਲਦੀਪ ਸਿੰਘ ਧਨੋਆ, ਸੁਰਿੰਦਰਪਾਲ ਸਿੰਘ ਛੀਨਾ, ਰਣਜੀਤ ਸਿੰਘ ਰਾਣਾ ਜੀ, ਨੰਬਰਦਾਰ ਬਲਜਿੰਦਰ ਸਿੰਘ, ਨੰਬਰਦਾਰ ਬਲਦੇਵ ਸਿੰਘ, ਨੰਬਰਦਾਰ ਸੁਰਿੰਦਰ ਸਿੰਘ ਰਾਣਾ, ਨਾਜਰ ਸਿੰਘ, ਸੂਬੇਦਾਰ ਕਰਨੈਲ ਸਿੰਘ ਤੋਂ ਇਲਾਵਾ ਪਿੰਡ ਨਿਵਾਸੀ ਮਜੂਦ ਸਨ|
ਇਸੇ ਦੌਰਾਨ ਸੈਕਟਰ 57  ਵਿਖੇ ਕੌਂਸਲਰ ਕੁਲਵੰਤ ਕੌਰ ਦੀ ਅਗਵਾਈ  ਹੇਠ ਮਹਿਲਾਵਾਂ ਦੀ ਮੀਟਿੰਗ ਹੋਈ, ਜਿਸ ਵਿਚ ਸ. ਬਲਬੀਰ ਸਿੰਘ ਸਿੱਧੂ ਧਰਮਪਤਨੀ ਸ੍ਰੀਮਤੀ ਦਲਜੀਤ ਕੌਰ ਸਿੱਧੂ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ| ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਦਲਜੀਤ ਕੌਰ ਸਿੱਧੂ ਤੇ ਕੌਂਸਲਰ ਕੁਲਵੰਤ ਕੌਰ ਨੇ ਕਿਹਾ ਕਿ ਸ. ਬਲਬੀਰ ਸਿੰਘ ਸਿੱਧੂ ਪਿਛਲੇ ਪੱਚੀ ਸਾਲਾਂ ਤੋਂ ਹਲਕੇ ਦੇ ਲੋਕਾਂ ਨਾਲ ਜੁੜੇ ਹੋਏ ਹਨ ਅਤੇ ਉਹ ਹਲਕੇ ਅੰਦਰ ਵਿਧਾਇਕ ਵਜੋਂ ਨਹੀਂ ਬਲਕਿ ਇਕ ਸੇਵਾਦਾਰ ਵਾਂਗ ਵਿਚਰਦੇ ਹਨ ਅਤੇ ਲੋਕਾਂ ਨਾਲ ਉਨ੍ਹਾਂ ਦੀ ਪਰਿਵਾਰਿਕ ਮੈਂਬਰਾਂ ਵਾਲੀ ਸਾਂਝ ਹੈ| ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਦੀ ਬਿਹਤਰੀ ਤੇ ਵਿਕਾਸ ਲਈ ਕਾਂਗਰਸ ਪਾਰਟੀ ਦਾ ਪੰਜਾਬ ਦੀ ਸੱਤਾ ਵਿਚ ਆਉਣਾ ਬਹੁਤ ਜ਼ਰੂਰੀ ਹੈ| ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਮਹਿਲਾਵਾਂ ਦੀ ਭਲਾਈ ਲਈ ਵਿਸ਼ੇਸ਼ ਸਕੀਮਾਂ ਬਣਾਉਣ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ, ਜਿਸ ਨੂੰ ਸਰਕਾਰ ਬਣਨ ਮਗਰੋਂ ਤੁਰੰਤ ਅਮਲੀ ਜਾਮਾ ਪਹਿਨਾਇਆ ਜਾਵੇਗਾ|
ਇਸ ਮੌਕੇ ਹੋਰਨਾ ਤੋਂ ਇਲਾਵਾ ਪੂਜਾ, ਹਰਪ੍ਰੀਤ ਕੌਰ, ਜਗਜੀਤ ਕੌਰ, ਰਾਣੀ, ਆਸ਼ਾ ਭੱਟੀ, ਮਮਤਾ, ਗੁਰਸਾਹਿਬ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਥਾਨਕ ਮਹਿਲਾਵਾਂ ਹਾਜਰ ਸਨ|

Leave a Reply

Your email address will not be published. Required fields are marked *