ਪੰਜਾਬ ਦੀਆਂ ਧੀਆਂ ਨੇ ਚੰਦਰਖਣੀ ਦੱਰੇ ਨੂੰ ਪੈਦਲ ਕੀਤਾ ਪਾਰ
ਐਸ.ਏ.ਐਸ. ਨਗਰ, 8 ਅਗਸਤ (ਸ.ਬ.) ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਸੂਬੇ ਦੀਆਂ ਕਾਲਜ ਵਿਦਿਆਰਥਣਾਂ ਲਈ ਹਿਮਾਚਲ ਵਿਖੇ ਹਾਈਕਿੰਗ ਤੇ ਟਰੈਕਿੰਗ ਕੈਂਪ ਲਾਇਆ ਗਿਆ ਹੈ| ਇਸੇ ਕੈਂਪ ਦੌਰਾਨ ਪੰਜਾਬ ਦੀਆਂ ਲੜਕੀਆਂ ਦੇ ਗਰੁੱਪ ਨੇ ਕੁੱਲੂ ਜ਼ਿਲ੍ਹੇ ਦੀਆਂ ਪਹਾੜੀਆਂ ਵਿੱਚ ਸਥਿਤ 11,800 ਫੁੱਟ ਦੀ ਉਚਾਈ ਵਾਲੇ ਚੰਦਰਖਣੀ ਦੱਰੇ ਨੂੰ ਪੈਦਲ ਚਲ ਕੇ ਪਾਰ ਕੀਤਾ| ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਲੜਕੀਆਂ ਦਾ ਇਹ ਪਹਿਲਾ ਗਰੁੱਪ ਹੈ, ਜਿਸ ਨੇ ਇਸ ਦੱਰੇ ਨੂੰ ਪੈਦਲ ਚਲ ਕੇ ਪਾਰ ਕੀਤਾ ਹੈ|
ਇਸ ਸਬੰਧੀ ਗੱਲਬਾਤ ਕਰਦਿਆਂ ਕੈਂਪ ਕੋਆਰਡੀਨੇਟਰ ਸ੍ਰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਪ੍ਰਮੁੱਖ ਸਕੱਤਰ ਖੇਡਾਂ ਅਤੇ ਯੁਵਕ ਸੇਵਾਵਾਂ, ਪੰਜਾਬ ਸ੍ਰੀ ਸੰਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਲਗਾਏ ਇਸ ਕੈਂਪ ਦੌਰਾਨ ਲੜਕੀਆਂ ਦੇ ਗਰੁੱਪ ਨੇ ਟਰੈਕਿੰਗ ਗਾਈਡਾਂ ਦੇ ਸਹਿਯੋਗ ਨਾਲ ਇਸ ਦੱਰੇ ਨੂੰ ਪਾਰ ਕੀਤਾ| ਇਸ ਦੌਰਾਨ ਲੜਕੀਆਂ ਵਿੱਚ ਬਹੁਤ ਉਤਸ਼ਾਹ ਸੀ ਕਿ ਉਹਨਾਂ ਨੇ ਇਸ ਹਾਈਕਿੰਗ-ਟਰੈਕਿੰਗ ਕੈਂਪ ਦੇ ਉਦੇਸ਼ ਨੂੰ ਪੂਰਾ ਕਰ ਲਿਆ ਹੈ| ਇਸ ਸਬੰਧੀ ਕੈਂਪ ਵਿੱਚ ਸ਼ਾਮਲ ਲੜਕੀਆਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਅਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਦੇ ਅਧਿਕਾਰੀਆਂ ਦੀਆਂ ਧੰਨਵਾਦੀ ਹਨ, ਜਿਨ੍ਹਾਂ ਨੇ ਉਹਨਾਂ ਨੂੰ ਇਸ ਹਾਈਕਿੰਗ ਟਰੈਕਿੰਗ ਕੈਂਪ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ|