ਪੰਜਾਬ ਦੀਆਂ ਪਾਰਟੀਆਂ ਦੇ ਵਫਦ ਦੀ ਅਗਵਾਈ ਦੀ ਪੇਸ਼ਕਸ਼ ਤੋਂ ਪਹਿਲਾਂ ਕੁਰਬਾਨੀ ਸ਼ਬਦ ਦੇ ਅਰਥ ਅਤੇ ਅਹਿਮੀਅਤ ਸਮਝਣ ਸੁਖਬੀਰ ਸਿੰਘ ਬਾਦਲ : ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 20 ਜੁਲਾਈ (ਸ.ਬ.) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਬਾਰੇ ਲਿਆਂਦੇ ਗਏ ਆਰਡੀਨੈਂਸਾਂ ਦੀ ਕੇਂਦਰੀ ਖੇਤੀਬਾੜੀ ਮੰਤਰੀ ਕੋਲੋਂ ਸਪਸ਼ਟੀਕਰਨ ਲੈਣ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਸਾਰੀਆਂ ਪਾਰਟੀਆਂ ਦੇ ਵਫ਼ਦ ਦੀ ਅਗਵਾਈ ਕਰਨ ਦੀ                   ਪੇਸ਼ਕਸ਼ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮਜ਼ਾਕ ਉਡਾਇਆ ਹੈ| ਵਿਰੋਧੀ ਧਿਰ ਦੇ ਆਗੂ ਸ੍ਰ. ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੀਆਂ ਗੱਲਾਂ ਤੋਂ ਇੰਜ ਲੱਗਦਾ ਹੈ ਜਿਵੇਂ ਉਹ ਕੁਰਬਾਨੀ ਸ਼ਬਦ ਦੇ ਅਰਥ, ਅਹਿਮੀਅਤ ਅਤੇ ਇਤਿਹਾਸ ਤੋਂ ਕੋਰੇ ਹਨ ਅਤੇ ਉਹਨਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਕਿਸੇ ਪੁਰਾਣੇ ਅਤੇ ਸੱਚੇ-ਸੁੱਚੇ ਅਕਾਲੀ ਕੋਲੋਂ ਇਸਦਾ ਮਤਲਬ ਸਮਝਣ| 
ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੁਣ ਫਿਜੂਲ ਗੱਲਾਂ ਕਰ  ਰਹੇ ਹਨ| ਉਹਨਾਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਦੀ ਇੰਨੀ ਹੀ ਫਿਕਰ ਸੀ ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਉਸ ਵੇਲੇ ਇਸਦਾ ਵਿਰੋਧ ਕਰਦੇ ਜਦੋਂ ਮੋਦੀ ਸਰਕਾਰ ਵਲੋਂ ਇਹ ਕਿਸਾਨ ਅਤੇ ਖੇਤੀਬਾੜੀ ਵਿਰੋਧੀ ਆਰਡੀਨੈਂਸ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪੇਸ਼ ਕੀਤੇ ਗਏ ਸਨ, ਪਰੰਤੂ ਅਜਿਹਾ ਕਰਕੇ ਬਾਦਲ ਪਰਿਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਨੂੰ ਖ਼ਤਰੇ ਵਿੱਚ ਨਹੀਂ ਪਾਉਣਾ ਚਾਹੁੰਦਾ ਸੀ ਅਤੇ ਬਤੌਰ ਕੇਂਦਰੀ ਮੰਤਰੀ ਹਰਸਿਮਰਤ ਂਕੌਰ ਬਾਦਲ ਨੇ ਵੀ ਅੰਬਾਨੀ-ਅੰਡਾਨੀ ਵਰਗੇ ਕਾਰਪੋਰੇਟ ਘਰਾਨਿਆਂ ਦੇ ਹਿਤਾਂ ਦੀ ਪੂਰਤੀ ਕਰਦੇ ਇਨ੍ਹਾਂ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ ਤੇ ਖ਼ੁਦ ਵੀ ਹਸਤਾਖਰ ਕੀਤੇ ਹਨ|
ਸ੍ਰ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਹੜਾ ਟੱਬਰ ਇੱਕ ਵਜ਼ੀਰੀ ਲਈ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਆੜ੍ਹਤੀਆਂ-ਮੁਨੀਮਾਂ, ਪੱਲੇਦਾਰਾਂ ਅਤੇ ਟਰਾਂਸਪੋਰਟਰਾਂ ਦੇ ਹਿਤਾਂ ਨੂੰ ਸੂਲੀ ਝਾੜ ਸਕਦਾ ਹੈ, ਉਹ ਹੁਣ ਹੋਰ ਕਿਹੜੀ ‘ਕੁਰਬਾਨੀ’ ਦੇਣ ਦੀਆਂ ਗੱਲਾਂ ਕਰ ਰਿਹਾ ਹੈ| 
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਵਾਰ-ਵਾਰ ਦੇ ਧੋਖਿਆਂ ਨੇ ਅੱਜ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਸੁਚੇਤ ਕਰ ਦਿੱਤਾ ਹੈ| ਕਿਸਾਨਾਂ ਦੇ ਪੜੇ-ਲਿਖੇ ਧੀਆਂ-ਪੁੱਤਰ ਹੁਣ ਇਨ੍ਹਾਂ ਕਿਸਾਨ ਮਾਰੂ ਅਤੇ ਪੰਜਾਬ ਆਰਡੀਨੈਂਸਾਂ ਦੀ ਭਾਸ਼ਾ ਅਤੇ ਅੰਦਰੂਨੀ ਪਰਿਭਾਸ਼ਾ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ| ਇਸ ਲਈ ਪੰਜਾਬ ਦੇ ਕਿਸਾਨ ਅਤੇ ਬਾਕੀ ਸਾਰੇ ਪ੍ਰਭਾਵਿਤ ਵਰਗ ਬਾਦਲਾਂ ਦੀਆਂ ਗੁੰਮਰਾਹਕੁਨ ਗੱਲਾਂ ਵਿੱਚ ਨਹੀਂ ਆਉਣਗੇ|

Leave a Reply

Your email address will not be published. Required fields are marked *