ਪੰਜਾਬ ਦੀ ਅੰਡਰ 23 ਟੀਮ ਵਿੱਚ ਸ਼ਾਨਦਾਰ ਕਾਰਗੁਜਾਰੀ ਵਿਖਾਉਣ ਵਾਲਾ ਰਮਨਦੀਪ ਭਲਕੇ ਪਰਤੇਗਾ ਵਾਪਸ

ਚੰਡੀਗੜ੍ਹ, 14 ਫਰਵਰੀ (ਸ.ਬ.) ਕਾਨਪੁਰ ਵਿਖੇ ਹੋਏ ਕ੍ਰਿਕਟ ਮੁਕਾਬਲਿਆਂ ਵਿੱਚ ਪੰਜਾਬ ਦੀ ਜੇਤੂ ਰਹੀ ਟੀਮ ਦੇ ਮੈਂਬਰ ਨੌਜਵਾਨ ਕ੍ਰਿਕਟ ਖਿਡਾਰੀ ਰਮਨਦੀਪ ਸਿੰਘ ਵਸਨੀਕ ਸੈਕਟਰ 55 ਚੰਡੀਗੜ੍ਹ ਦਾ ਭਲਕੇ ਕਾਨਪੁਰ ਤੋਂ ਵਾਪਿਸ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਮਨਦੀਪ ਸਿੰਘ ਦੇ ਪਿਤਾ ਹਰਦੇਵ ਸਿੰਘ ਜੇ ਈ (ਅੰਤਰਰਾਸਟਰੀ ਸਾਈਕਲਿਸਟ) ਨੇ ਦੱਸਿਆ ਕਿ ਰਮਨਦੀਪ ਨੇ ਪੰਜਾਬ ਦੀ ਕ੍ਰਿਕਟ ਦੀ ਟੀਮ ਅੰਡਰ 23 ਵਿੱਚ ਖੇਡਦਿਆਂ ਬੀਤੇ ਦਿਨ ਕਾਨਪੁਰ ਵਿਖੇ ਹੋਏ ਅਹਿਮ ਮੁਕਾਬਲਿਆਂ ਦੇ ਫਾਈਨਲ ਵਿੱਚ ਆਪਣੀ ਸ਼ਾਨਦਾਰ ਖੇਡ ਸਦਕਾ ਪੰਜਾਬ ਦੀ ਟੀਮ ਨੂੰ ਜਿਤ ਦਿਵਾਈ| ਫਾਈਨਲ ਵਿੱਚ ਰਮਨਦੀਪ ਨੇ ਪੰਜਾਬ ਦੀ ਟੀਮ ਵਿੱਚ ਖੇਡਦਿਆਂ 75 ਦੌੜਾਂ ਬਣਾਈਆਂ| ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਵਿੱਚ ਰਮਨਦੀਪ ਨੇ 86 ਦੌੜਾਂ, ਸੈਮੀ ਫਾਈਨਲ ਮੁਕਾਬਲਿਆਂ ਵਿੱਚ 103 ਦੌੜਾਂ ਬਣਾਈਆਂ ਸਨ| ਸੈਮੀਫਾਈਨਲ ਮੁਕਾਬਲੇ ਵਿੱਚ ਉਸ ਨੂੰ ਮੈਨ ਆਫ ਦੀ ਮੈਚ ਖਿਤਾਬ ਵੀ ਦਿਤਾ ਗਿਆ ਸੀ|
ਉਹਨਾਂ ਦੱਸਿਆ ਕਿ ਰਮਨਦੀਪ ਨੇ ਸਿਰਫ 6 ਸਾਲ ਦੀ ਉਮਰ ਤੋਂ ਹੀ ਖੇਡਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਹ ਪੰਜਾਬ ਦੀ ਅੰਡਰ 19 ਟੀਮ ਅਤੇ ਰਣਜੀ ਟੀਮ ਵਿੱਚ ਵੀ ਖੇਡ ਚੁੱਕਾ ਹੈ| ਉਸ ਨੂੰ ਗ੍ਰੇਜੂਏਸ਼ਨ ਕਰਦੇ ਨੂੰ ਹੀ ਪੰਜਾਬ ਸਰਕਾਰ ਵਲੋਂ ਏ ਜੀ ਵਿਭਾਗ ਸਰਕਾਰੀ ਨੌਕਰੀ ਦੇ ਦਿੱਤੀ ਗਈ, ਇਸ ਨੌਕਰੀ ਦੇ ਨਾਲ ਹੀ ਉਸਨੇ ਆਪਣੀ ਪੜਾਈ ਵੀ ਜਾਰੀ ਰੱਖੀ ਹੋਈ ਹੈ| ਭਲਕੇ ਰਮਨਦੀਪ ਕਾਨਪੁਰ ਤੋਂ ਵਾਪਸ ਪਰਤ ਰਿਹਾ ਹੈ, ਜਿੱਥੇ ਕਿ ਉਸਦਾ ਭਰਵਾਂ ਸਵਾਗਤ ਕੀਤਾ ਜਾਵੇਗਾ|

Leave a Reply

Your email address will not be published. Required fields are marked *