ਪੰਜਾਬ ਦੀ ਕਾਂਗਰਸ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋਣਾ ਸ਼ੁਰੂ

ਪੰਜਾਬ ਦੀ ਕਾਂਗਰਸ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋਣਾ ਸ਼ੁਰੂ
ਸਰਕਾਰ ਦੀ ਕਾਰਗੁਜਾਰੀ ਤੋਂ ਲੋਕ ਨਿਰਾਸ਼, ਹਰ ਘਰ ਨੌਕਰੀ, ਸਮਾਰਟ ਫੋਨ, ਪੈਨਸ਼ਨਾਂ ਦੀ ਅਦਾਇਗੀ ਦੇ ਵਾਇਦੇ ਹੋਏ ਹਵਾ ਹਵਾਈ
ਭੁਪਿੰਦਰ ਸਿੰਘ
ਐਸ.ਏ.ਐਸ. ਨਗਰ, 12 ਜੁਲਾਈ

ਚਾਰ ਮਹੀਨੇ ਪਹਿਲਾਂ ਵੱਡੇ ਬਹੁਮਤ ਨਾਲ ਪੰਜਾਬ ਦੀ ਸੱਤਾ ਤੇ ਕਾਬਿਜ ਹੋਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਆਪਣੇ ਹੁਣ ਤੱਕ ਦੇ ਕਾਰਜ ਕਾਲ ਦੌਰਾਨ ਆਮ ਲੋਕਾਂ ਦੀਆਂ ਆਸਾਂ ਤੇ ਖਰੀ ਉਤਰਨ ਵਿੱਚ ਕਾਮਯਾਬ ਨਹੀਂ ਹੋ ਪਾਈ ਹੈ ਜਿਸ ਕਾਰਨ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ| ਇਸ ਦੀ ਸ਼ੁਰੂਆਤ ਵੱਖ ਵੱਖ ਮੁਲਾਜਮ ਜੱਥੇਬੰਦੀਆਂ ਵਲੋਂ ਸੜਕਾਂ ਤੇ ਆ ਕੇ ਸਰਕਾਰ ਦੇ ਖਿਲਾਫ ਸੰਘਰਸ਼ ਸ਼ੁਰੂ ਕਰਨ ਨਾਲ ਹੋਈ ਹੈ ਅਤੇ ਇਸ ਦੇ ਨਾਲ ਹੀ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਆਪਣੇ ਚੋਣ ਵਾਇਦੇ ਪੂਰੇ ਨਾ ਕਰ ਸਕਣ ਕਾਰਨ ਜਿੱਥੇ ਆਮ ਲੋਕਾਂ ਵਿੱਚ ਸਰਕਾਰ ਦੀ ਕਾਰਗੁਜਾਰੀ ਪ੍ਰਤੀ ਨਿਰਾਸ਼ਾ ਵੱਧ ਰਹੀ ਹੈ ਉਥੇ ਆਮ ਲੋਕਾਂ ਵਿੱਚ ਸਰਕਾਰ ਦੇ ਪ੍ਰਤੀ ਗੁੱਸਾ ਵੀ ਸਾਮ੍ਹਣੇ ਆਉਣ ਲੱਗ ਪਿਆ ਹੈ|
ਸਰਕਾਰ ਪ੍ਰਤੀ ਹੋਏ ਮੋਹਭੰਗ ਦਾ ਅੰਦਾਜਾ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਗੱਲਬਾਤ ਵਿੱਚ ਵੀ ਸਾਫ ਜਾਹਿਰ ਹੁੰਦਾ ਹੈ| ਨਵੀਂ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਪੰਜਾਬ ਵਿੱਚ ਕਾਂਗਰਸ ਪਾਰਟੀ ਦੀਆਂ ਜੱਥੇਬੰਧਕ ਸਰਗਰਮੀਆਂ ਕਾਫੀ ਹੱਦ ਤੱਕ ਠੱਪ ਪਈਆਂ ਹਨ| ਹਾਲਾਂਕਿ ਪਾਰਟੀ ਵਲੋਂ ਪੰਜਾਬ ਵਿੱਚ ਸ੍ਰੀ ਸੁਨੀਲ ਕੁਮਾਰ ਜਾਖੜ ਨੂੰ ਸੂਬਾ ਪ੍ਰਧਾਨ ਬਣਾ ਦਿੱਤਾ ਗਿਆ ਹੈ ਅਤੇ ਉਹ ਸਮੇਂ ਸਮੇਂ ਤੇ ਵਿਰੋਧੀ ਪਾਰਟੀਆਂ ਵਲੋਂ ਸਰਕਾਰ ਦੀ ਕਾਰਗੁਜਾਰੀ ਤੇ ਕੀਤੇ ਜਾਂਦੇ ਕਿੰਤੂ ਪਰੰਤੂ ਤਾ ਜਵਾਬ ਵੀ ਦਿੰਦੇ ਨਜ਼ਰ ਆਉਂਦੇ ਹਨ ਪਰੰਤੂ ਪਾਰਟੀ ਵਰਕਰਾਂ ਦਾ ਸੂਬੇ ਦੇ ਜੱਥੇਬੰਧਕ ਢਾਂਚੇ ਨਾਲ ਤਾਲਮੇਲ ਕਾਫੀ ਹੱਦ ਤਕ ਟੁੱਟਦਾ ਜਾ ਰਿਹਾ ਹੈ ਜਿਸ ਕਾਰਨ ਇੱਕ ਖਲਾਅ ਜਿਹਾ ਪੈਦਾ ਹੋ ਰਿਹਾ ਹੈ|
ਪੰਜਾਬ ਕਾਂਗਰਸ ਵਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਗਏ ਵਾਇਦੇ ਵੀ ਹੁਣ ਤੱਕ ਹਵਾ ਹਵਾਈ ਹੀ ਸਾਬਿਤ ਹੋਏ ਹਨ| ਰੇਤੇ ਬਜਰੀ ਦੇ ਦਾਮ ਪਹਿਲਾਂ ਨਾਲੋਂ ਵੀ ਵੱਧ ਗਏ ਹਨ ਅਤੇ ਨਵੀਂ ਸਰਕਾਰ ਇਸ ਮੁੱਦੇ ਤੇ ਆਮ ਲੋਕਾਂ ਨੂੰ ਕੋਈ ਰਾਹਤ ਦੇਣ ਵਿੱਚ ਕਾਮਯਾਬ ਨਹੀਂ ਹੋ ਪਾਈ ਹੈ| ਉਲਟਾ ਇਸ ਸਬੰਧੀ ਸਰਕਾਰ ਵਲੋਂ ਕੀਤੀ ਗਈ ਰੇਤੇ ਦੀਆਂ ਖੱਡਾਂ ਦੀ ਨਿਲਾਮੀ ਵਿੱਚ ਸਰਕਾਰ ਦੇ ਇੱਕ ਮੰਤਰੀ ਦਾ ਨਾਮ ਉਛਲਣ ਨਾਲ ਸਰਕਾਰ ਦੀ ਸਾਖ ਨੂੰ ਢਾਹ ਵੱਜੀ ਹੈ| ਇਸ ਤੋਂ ਇਲਾਵਾ ਸਰਕਾਰ ਕਾਂਗਰਸ ਵਲੋਂ ਸਰਕਾਰ ਬਣਨ ਤੇ ਹਰ ਘਰ ਨੌਕਰੀ ਦੇਣ, ਨੌਜਵਾਨਾਂ ਨੂੰ ਸਮਾਰਟ ਫੋਟ ਵੰਡਣ, ਬੁਢਾਪਾ, ਵਿਧਵਾ ਪੈਸ਼ਨਾਂ ਵਿੱਚ ਵਾਧਾ ਕਰਨ ਦੇ ਵਾਇਦੇ ਵੀ ਹਵਾ ਵਿੱਚ ਹੀ ਹਨ|
ਸਰਕਾਰ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਬਜਟ ਵਿੱਚ ਸ਼ਹਿਰੀ ਜਾਇਦਾਦ ਦੀ ਰਜਿਸਟ੍ਰੇਸ਼ਨ ਵਾਸਤੇ ਸਟਾਂਪ ਡਿਉਟੀ ਵਿੱਚ ਤਿੰਨ ਫੀਸਦੀ ਕਟੌਤੀ ਕਰਨ ਸਬੰਧੀ  ਕੀਤੇ ਗਏ ਐਲਾਨ ਬਾਰੇ 20 ਦਿਨ ਤੋਂ ਬਾਅਦ ਵੀ ਨੋਟਿਫਿਕੇਸ਼ਨ ਜਾਰੀ ਨਹੀਂ ਹੋਇਆ ਜਿਸ ਕਾਰਨ ਸ਼ਹਿਰੀ ਜਾਇਦਾਦ ਦੀਆਂ  ਰਜਿਸਟ੍ਰੀਆਂ ਦਾ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੈ ਅਤੇ ਲੋਕਾਂ ਦੀ ਪ੍ਰੇਸ਼ਾਨੀ ਵੱਧ ਰਹੀ ਹੈ|
ਪਿਛਲੇ ਦਿਨੀਂ ਵੱਖ ਵੱਖ ਮੁਲਾਜਮ ਜੱਥੇਬੰਦੀਆਂ ਵੱਲੋਂ ਸਰਕਾਰ ਦੇ ਖਿਲਾਫ ਸੰਘਰਸ਼ ਦੀ ਕਾਰਵਾਈ ਵੀ ਜੋਰ ਫੜਦੀ ਜਾ ਰਹੀ ਹੈ| ਮੁਹਾਲੀ ਵਿੱਚ ਵੀ ਪਿਛਲੇ  ਕਈ ਦਿਨਾਂ ਤੋਂ            ਬੇਰੁਜਗਾਰ ਟੈਟ ਪਾਸ ਅਧਿਆਪਕਾਂ ਵੱਲੋਂ ਪਾਣੀ ਦੀ ਟਂੈਕੀ ਤੇ ਖੜ੍ਹ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਪ੍ਰੰਤੂ ਉਹਨਾਂ ਦੀ ਹੁਣ ਤਕ ਕੋਈ ਸੁਣਵਾਈ ਨਹੀਂ ਹੋਈ ਹੈ|
ਹੋਰ ਤਾਂ ਹੋਰ ਪਾਰਟੀ ਦੇ ਚੁਣੇ ਹੋਏ ਵਿਧਾਇਕਾਂ ਤਕ ਵਿੱਚ ਨਿਰਾਸ਼ਾ ਦਾ ਆਲਮ ਦਿਖ ਰਿਹਾ ਹੈ| ਇਸਦਾ ਕਾਰਨ ਇਹ ਹੈ ਕਿ ਪ੍ਰਸ਼ਾਸ਼ਨਿਕ ਨਿਯੁਕਤੀਆਂ ਵਿੱਚ ਵਿਧਾਇਕਾਂ ਨੂੰ ਪੂਰੀ ਤਰ੍ਹਾਂ ਨਜਰਅੰਦਾਜ ਕੀਤਾ ਗਿਆ ਹੈ ਅਤੇ  ਜਦੋਂ ਲੋਕ ਆਪਣੇ ਕੰਮਾਂ ਕਾਰਾਂ ਲਈ ਵਿਧਾਇਕ ਤੱਕ ਪਹੁੰਚ ਕਰਦੇ ਹਨ ਤਾਂ ਅੱਗੋਂ ਉਹ ਅਧਿਕਾਰੀਆਂ ਵੱਲੋਂ ਕੰਮ ਨਾ ਕਰਨ ਦੀ ਬੇਵਸੀ ਜਾਹਿਰ ਕਰਦੇ ਹਨ| ਪੰਜਾਬ ਮੰਤਰੀ ਮੰਡਲ ਦਾ ਪ੍ਰਸਤਾਵਿਤ ਵਾਧਾ ਵਾਰ ਵਾਰ ਟਲਣ ਅਤੇ ਲੋੜੀਂਦੀ ਗਿਣਤੀ ਵਿੱਚ ਮੰਤਰੀ ਨਿਯੁਕਤ ਨਾ ਹੋਣ ਕਾਰਨ ਵੀ ਸਰਕਾਰ ਦੀ ਕਾਰਗੁਜਾਰੀ ਪ੍ਰਭਾਵਿਤ ਹੋ ਰਹੀ ਹੈ| ਇਸਦੇ ਨਾਲ ਨਾਲ ਮੁੱਖ ਮੰਤਰੀ ਅਤੇ ਵੱਖ ਵੱਖ ਮੰਤਰੀ ਭਾਵੇਂ ਚੰਡੀਗੜ੍ਹ ਵਿੱਚ ਤਾਂ ਮੌਜੂਦ ਹੁੰਦੇ ਹਨ ਪ੍ਰੰਤੂ ਉਹਨਾਂ ਵੱਲੋਂ ਪੰਜਾਬ ਜਾਣ ਤੋਂ ਪ੍ਰਹੇਜ ਕੀਤਾ ਜਾ ਰਿਹਾ ਹੈ ਅਤੇ ਇੱਕ ਦੋ ਮੰਤਰੀਆਂ ਨੂੰ ਛੱਡ ਕੇ ਬਾਕੀ ਦੇ ਮੰਤਰੀ ਚੰਡੀਗੜ੍ਹ ਬੈਠਣ ਨੂੰ ਹੀ ਤਰਜੀਹ ਦੇ ਰਹੇ ਹਨ|
ਇਸ ਸਾਰੇ ਕੁੱਝ ਦਾ ਅਸਰ  ਇਹ ਹੋ ਰਿਹਾ ਹੈ ਕਿ ਜਿੱਥੇ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋ ਰਿਹਾ ਹੈ ਉੱਥੇ ਲੋਕਾਂ ਵਿੱਚ ਸਰਕਾਰ ਪ੍ਰਤੀ ਗੁੱਸਾ ਵੀ ਵੱਧ ਰਿਹਾ ਹੈ ਅਤੇ ਜੇਕਰ ਛੇਤੀ ਹੀ ਸਰਕਾਰ ਨੇ ਆਪਣੀ ਕਾਰਗੁਜਾਰੀ ਵਿੱਚ ਸੁਧਾਰ ਨਾ ਕੀਤਾ ਤਾਂ  ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸਦਾ ਸਿਆਸੀ ਨੁਕਸਾਨ ਵੀ ਸਹਿਣਾ ਪੈ ਸਕਦਾ ਹੈ|

Leave a Reply

Your email address will not be published. Required fields are marked *